ਵਿਸ਼ਵ ਕੱਪ ਦੀ ਹਾਰ ਲਈ ਬਲੀ ਦਾ ਬੱਕਰਾ ਬਣਿਆ ਬਾਂਗੜ

Saturday, Aug 24, 2019 - 01:20 AM (IST)

ਵਿਸ਼ਵ ਕੱਪ ਦੀ ਹਾਰ ਲਈ ਬਲੀ ਦਾ ਬੱਕਰਾ ਬਣਿਆ ਬਾਂਗੜ

ਮੁੰਬਈ— ਕਪਤਾਨ ਵਿਰਾਟ ਕੋਹਲੀ ਦੀ ਪਸੰਦ ਰਵੀ ਸ਼ਾਸਤਰੀ ਨੂੰ ਕਪਿਲ ਦੇਵ ਦੀ ਅਗਵਾਈ ਵਾਲੀ 3 ਮੈਂਬਰੀ ਕਮੇਟੀ ਨੇ ਫਿਰ ਤੋਂ ਅਗਲੇ ਦੋ ਸਾਲ ਲਈ ਟੀਮ ਇੰਡੀਆ ਦਾ ਕੋਚ ਚੁਣ ਲਿਆ ਸੀ ਪਰ ਬੱਲੇਬਾਜ਼ੀ ਕੋਚ ਸੰਜੇ ਬਾਂਗੜ ਆਪਣੀ ਜਗ੍ਹਾ ਨਹੀਂ ਬਚਾ ਸਕਿਆ। ਬਾਂਗੜ ਟੀਮ ਇੰਡੀਆ ਦੇ ਸਪੋਰਟ ਸਟਾਫ ਦਾ ਮਹੱਤਵਪੂਰਨ ਮੈਂਬਰ ਸੀ ਅਤੇ ਪਿਛਲੇ ਦੋ ਸਾਲਾਂ 'ਚ ਟੀਮ ਇੰਡੀਆ ਦਾ ਜਿਸ ਤਰ੍ਹਾਂ ਦਾ ਪ੍ਰਦਰਸ਼ਨ ਰਿਹਾ ਸੀ, ਉਸ 'ਚ ਸ਼ਾਸਤਰੀ ਦੇ ਨਾਲ-ਨਾਲ ਬਾਂਗੜ ਦਾ ਵੀ ਪੂਰਾ ਯੋਗਦਾਨ ਰਿਹਾ। ਭਾਰਤੀ ਟੀਮ ਨੂੰ ਪਿਛਲੇ ਮਹੀਨੇ ਇੰਗਲੈਂਡ ਵਿਚ ਵਿਸ਼ਵ ਕੱਪ ਦੇ ਸੈਮੀਫਾਈਨਲ 'ਚ ਹਾਰ ਦਾ ਸਾਹਮਣਾ ਕਰਨਾ ਪਿਆ ਤੇ ਅਜਿਹਾ ਲੱਗਦਾ ਹੈ ਕਿ ਜਿਵੇਂ  ਹਾਰ ਲਈ ਬਾਂਗੜ ਬਲੀ ਦਾ ਬਕਰਾ ਬਣ ਗਿਆ।
ਸ਼ਾਸਤਰੀ ਨੇ ਤਿੰਨ ਮੈਂਬਰੀ ਕਮੇਟੀ ਸਾਹਮਣੇ ਵੈਸਟਇੰਡੀਜ਼ ਤੋਂ ਵੀਡੀਓ ਕਾਨਫਰੰਸਿੰਗ ਰਾਹੀਂ ਦੱਸਿਆ ਸੀ ਕਿ ਉਸ ਨੇ 2017 ਵਿਚ ਕੋਚ ਅਹੁਦਾ ਸੰਭਾਲਣ ਤੋਂ ਬਾਅਦ ਟੀਮ ਇੰਡੀਆ ਨੂੰ ਕਿਵੇਂ ਉਠਾਇਆ ਸੀ। ਜੇਕਰ ਸ਼ਾਸਤਰੀ ਨੂੰ ਕੋਚ ਅਹੁਦੇ 'ਤੇ ਬਰਕਰਾਰ ਰੱਖਿਆ ਜਾ ਸਕਦਾ ਹੈ ਤਾਂ ਫਿਰ ਬਾਂਗੜ ਦੀ ਛੁੱਟੀ ਕਿਉਂ ਕੀਤੀ ਗਈ। ਇਹ ਸਵਾਲ ਇਸ ਸਮੇਂ ਭਾਰਤੀ ਕ੍ਰਿਕਟ ਵਿਚ ਸਵਾਲ ਬਣ ਗਿਆ ਹੈ।
ਬੱਲੇਬਾਜ਼ੀ ਕੋਚ ਲਈ ਬਾਂਗੜ ਨੂੰ ਵਿਕਰਮ ਰਾਠੌਰ ਨੇ ਪਛਾੜਿਆ ਤੇ ਟੀਮ ਇੰਡੀਆ ਦਾ ਨਵਾਂ ਬੱਲੇਬਾਜ਼ੀ ਕੋਚ ਬਣ ਗਿਆ। ਟੀਮ ਦੇ ਬੱਲੇਬਾਜ਼ੀ ਕੋਚ ਲਈ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਦੀ ਸੀਨੀਅਰ ਚੋਣ ਕਮੇਟੀ ਨੇ ਵੀਰਵਾਰ ਬੀ. ਸੀ. ਸੀ. ਆਈ. ਮੁੱਖ ਦਫਤਰ 'ਚ ਮੀਟਿੰਗ ਕੀਤੀ ਸੀ ਤੇ ਟੀਮ ਇੰਡੀਆ ਦੇ ਸਪੋਰਟ ਸਟਾਫ ਲਈ ਉਮੀਦਵਾਰਾਂ ਦੀ ਇੰਟਰਵਿਊ ਕੀਤੀ ਸੀ। 5 ਮੈਂਬਰੀ ਕਮੇਟੀ ਵਿਚ ਮੁਖੀ ਐੱਮ. ਐੱਸ. ਕੇ. ਪ੍ਰਸਾਦ, ਸ਼ਰਨਦੀਪ ਸਿੰਘ, ਗਗਨ ਖੋੜਾ ਤੇ ਜਤਿਨ ਜਪੇ ਮੌਜੂਦ ਸਨ, ਜਦਕਿ ਦੇਵਾਂਗ ਗਾਂਧੀ ਵੀਡੀਓ ਕਾਨਫਰੰਸਿੰਗ ਰਾਹੀਂ ਇਸ ਮੀਟਿੰਗ ਨਾਲ ਜੁੜਿਆ ਸੀ।
ਮੌਜੂਦਾ ਬੱਲੇਬਾਜ਼ੀ ਕੋਚ ਬਾਂਗੜ ਦਾ ਮੁਕਾਬਲਾ ਇੰਗਲੈਂਡ ਦੇ ਸਾਬਕਾ ਬੱਲੇਬਾਜ਼ ਮਾਰਕਰਾਮ ਪ੍ਰਕਾਸ਼ ਤੇ ਵਿਕਰਮ ਰਾਠੌਰ ਨਾਲ ਸੀ, ਹਾਲਾਂਕਿ ਅਜਿਹਾ ਮੰਨਿਆ ਜਾ ਰਿਹਾ ਸੀ ਕਿ ਬਾਂਗੜ ਦਾ ਦਾਅਵਾ ਇਸ ਲਈ ਮਜ਼ਬੂਤ ਹੈ ਤੇ ਉਸ ਨੂੰ ਇਕ ਵਾਰ ਫਿਰ ਟੀਮ ਦਾ ਬੱਲੇਬਾਜ਼ੀ ਕੋਚ ਨਿਯੁਕਤ ਕੀਤਾ ਜਾ ਸਕਦਾ ਪਰ ਬੀ. ਸੀ. ਸੀ. ਆਈ. ਦੇ ਮੁੱਖ ਕਾਰਜਕਾਰੀ ਅਧਿਕਾਰੀ ਰਾਹੁਲ ਜੌਹਰੀ ਨੇ ਰਾਠੌਰ ਨੂੰ ਤਜਰਬੇਕਾਰ ਦੱਸਦਿਆਂ ਇਸ ਅਹੁਦੇ ਦਾ ਯੋਗ ਉਮੀਦਵਾਰ ਦੱਸਿਆ। 
ਭਰਤ ਅਰੁਣ ਅਤੇ ਆਰ. ਸ਼੍ਰੀਧਰ ਆਪਣਾ ਸਥਾਨ ਬਚਾਉਣ 'ਚ ਰਹੇ ਕਾਮਯਾਬ 
ਬਾਂਗੜ ਆਪਣੀ ਜਗ੍ਹਾ ਨਹੀਂ ਬਚਾ ਸਕਿਆ ਪਰ ਭਰਤ ਅਰੁਣ ਨੇ ਆਪਣਾ ਗੇਂਦਬਾਜ਼ੀ ਕੋਚ ਤੇ ਆਰ. ਸ਼੍ਰੀਧਰ ਨੇ ਆਪਣਾ ਫੀਲਡਿੰਗ ਕੋਚ ਦਾ ਸਥਾਨ ਬਚਾ ਲਿਆ। ਅਰੁਣ ਨੇ ਪਾਰਸ ਮਹਾਮਬ੍ਰੇ ਤੇ ਭਾਰਤ ਦੇ ਸਾਬਕਾ ਤੇਜ਼ ਗੇਂਦਬਾਜ਼ ਵੈਂਕਟੇਸ਼ ਪ੍ਰਸਾਦ ਨੂੰ ਪਿੱਛੇ ਛੱਡ ਦਿੱਤਾ, ਜਦਕਿ ਸ਼੍ਰੀਧਰ ਨੇ ਅਭੈ ਸ਼ਰਮਾ ਤੇ ਟੀ. ਦਿਲੀਪ ਨੂੰ ਪਿੱਛੇ ਛੱਡਿਆ।
ਫਿਜ਼ੀਓਥੈਰੇਪਿਸਟ ਲਈ ਨਿਤਿਨ ਪਟੇਲ ਤੇ ਪ੍ਰਸ਼ਾਸਨਿਕ ਮੈਨੇਜਰ ਲਈ ਗਿਰਿਸ਼ ਡੋਂਗਰੇ ਨੂੰ ਚੁਣਿਆ ਗਿਆ। ਕਮੇਟੀ ਨੇ ਸਟ੍ਰੈਂਥ ਐਂਡ ਕੰਡੀਸ਼ਨਿੰਗ ਕੋਚ ਲਈ ਲਿਊਕ ਵੁਡ ਹਾਊਸ, ਗ੍ਰਾਂਟ ਲੂਡੇਨ, ਰਜਨੀਕਾਂਤ ਸ਼ਿਵਾਗਨਨਮ, ਨਿਕ ਵੇਬ ਤੇ ਆਨੰਦ ਦਾਤੇ ਨੂੰ ਦੂਜੇ ਰਾਊਂਡ ਦੀ ਇੰਟਰਵਿਊ ਲਈ ਐੱਨ. ਸੀ. ਏ. ਬੁਲਾਇਆ ਹੈ ਤਾਂ ਕਿ ਉਸ ਦੀਆਂ ਪ੍ਰੈਕਟੀਕਲ ਸਕਿੱਲਜ਼ ਨੂੰ ਦੇਖਿਆ ਜਾ ਸਕੇ।
ਵਿਕਰਮ ਰਾਠੌਰ ਦੇ ਕਰੀਅਰ 'ਤੇ ਇਕ ਝਾਤ 
50 ਸਾਲਾ ਵਿਕਰਮ ਰਾਠੌਰ ਨੇ 1996 ਤੋਂ 1997 ਵਿਚਾਲੇ ਭਾਰਤ ਲਈ 6 ਟੈਸਟ ਤੇ 7 ਵਨ ਡੇ ਮੈਚ ਖੇਡੇ ਹਨ। ਰਾਠੌਰ ਨੇ 7 ਵਨ ਡੇ ਮੈਚਾਂ ਵਿਚ 193 ਦੌੜਾਂ ਤੇ 6 ਟੈਸਟ ਮੈਚਾਂ ਵਿਚ 131 ਦੌੜਾਂ ਬਣਾਈਆਂ।
ਘਰੇਲੂ ਕ੍ਰਿਕਟ ਵਿਚ ਵਿਕਰਮ ਰਾਠੌਰ ਨੇ ਪਹਿਲੀ ਸ਼੍ਰੇਣੀ ਕ੍ਰਿਕਟ ਵਿਚ 146 ਮੈਚ ਖੇਡਦੇ ਹੋਏ 49.66 ਦੀ ਔਸਤ ਨਾਲ 11473 ਦੌੜਾਂ ਬਣਾਈਆਂ। ਉਥੇ ਹੀ ਇੰਡੀਆ-ਏ ਵਿਚ ਉਸ ਨੇ 99 ਮੈਚ ਖੇਡਦੇ ਹੋਏ ਤਕਰੀਬਨ 3000 ਦੌੜਾਂ ਬਣਾਈਆਂ। ਸਾਲ 2003 ਵਿਚ ਵਿਕਰਮ ਨੇ ਕ੍ਰਿਕਟ ਖੇਡਣ ਤੋਂ ਸੰਨਿਆਸ ਲੈ ਲਿਆ ਸੀ। ਪੰਜਾਬ ਦੇ ਇਸ ਸਾਬਕਾ ਖਿਡਾਰੀ ਨੇ ਕੁਝ ਸਮੇਂ ਤਕ ਓਡੀਸ਼ਾ ਵਾਈਜੈਕ ਵਿਕਟਰਸ ਟੀਮ ਨੂੰ ਕੋਚਿੰਗ ਵੀ ਦਿੱਤੀ ਸੀ।


author

Gurdeep Singh

Content Editor

Related News