ਬਾਲ ਟੈਂਪਰਿੰਗ ਮਾਮਲੇ ''ਤੇ ਬੈਨਕ੍ਰਾਫਟ ਤੇ ਸਮਿਥ ਦੇ ਬਿਆਨ ਹੈਰਾਨੀ ਭਰੇ : ਪੋਂਟਿੰਗ
Thursday, Dec 27, 2018 - 12:42 PM (IST)

ਮੈਲਬੋਰਨ : ਸਾਬਕਾ ਆਸਟਰੇਲੀਆਈ ਕਪਤਾਨ ਰਿਕੀ ਪੋਂਟਿੰਗ ਦਾ ਮੰਨਣਾ ਹੈ ਕਿ ਸਟੀਵ ਸਮਿਥ ਅਤੇ ਕੈਮਰਾਨ ਬੈਨਕ੍ਰਾਫਟ ਦੇ ਗੇਂਦ ਨਾਲ ਛੇੜਛਾੜ ਮਾਮਲੇ 'ਤੇ ਵਿਸਤਾਰ ਨਾਲ ਚਰਚਾ ਕਰਨ 'ਤੇ ਕੁਝ ਲੋਕਾਂ ਦੇ ਮੱਥੇ ਵਲ ਪੈ ਸਕਦੇ ਹਨ ਪਰ ਇਸ ਨਾਲ ਟੀਮ 'ਤੇ ਕਿਸੇ ਤਰ੍ਹਾਂ ਦਾ ਪ੍ਰਭਾਵ ਪੈਣ ਦੀ ਸੰਭਾਵਨਾ ਨਹੀਂ ਹੈ। ਪੋਂਟਿੰਗ ਨੇ ਕ੍ਰਿਕਟ ਆਸਟਰੇਲੀਆ ਦੀ ਅਧਿਕਾਰਤ ਸਪੋਰਟਸ ਵੈਬਸਾਈਟ ਨੂੰ ਕਿਹਾ, ''ਉਹ ਇਨ੍ਹਾਂ ਬਿਆਨਾ ਤੋਂ ਹੈਰਾਨ ਹਨ। ਸਮਿਥ ਅਤੇ ਬੈਨਕ੍ਰਾਫਟ ਦੋਵਾਂ ਦੀ ਸਾਬਕਾ ਵਿਕਟਕੀਪਰ ਬੱਲੇਬਾਜ਼ ਐਡਮ ਗਿਲਕ੍ਰਿਸਟ ਨੇ ਅਲੱਗ-ਅਲੱਗ ਇੰਟਰਵਿਊ ਲਈ ਜਿਸਦਾ ਫਾਕਸ ਕ੍ਰਿਕਟ 'ਤੇ ਪ੍ਰਸਾਰਣ ਕੀਤਾ ਗਿਆ।
ਬੈਨਕ੍ਰਾਫਟ ਨੇ ਕਿਹਾ ਕਿ ਉਸ ਨੂੰ ਡੇਵਿਡ ਵਾਰਨਰ ਨੇ ਗੇਂਦਨਾਲ ਛੇੜਖਾਨੀ ਕਰਨ ਲਈ ਉਕਸਾਇਆ ਜਦਕਿ ਸਮਿਥ ਨੇ ਦਾਅਵਾ ਕੀਤਾ ਕਿ ਕ੍ਰਿਕਟ ਆਸਟਰੇਲੀਆ ਦੇ ਅਧਿਕਾਰੀਆਂ ਨੇ ਉਨ੍ਹਾਂ ਨੂੰ ਕਿਹਾ ਸੀ ਕਿ 'ਅਸੀਂ ਤੁਹਾਨੂੰ ਖੇਡਣ ਦੇ ਨਹੀਂ ਜਿੱਤਣ ਦੇ ਪੈਸੇ ਦਿੰਦੇ ਹਾਂ'। ਇਨ੍ਹਾਂ ਬਿਆਨਾਂ ਨੇ ਹਾਲ ਹੀ 'ਚ ਜਿੱਤ ਦਰਜ ਕਰਨ ਦੀ ਰਵਾਇਤ ਨੂੰ ਹੱਲਾ ਸ਼ੇਰੀ ਦਿੱਤੀ। ਪੋਂਟਿੰਗ ਨੇ ਕਿਹਾ, ''ਹੁਣ ਇਹ ਗੱਲਾਂ ਜਨਤਕ ਹੋ ਗਈਆਂ ਹਨ। ਇਹ ਦੇਖਣਾ ਦਿਲਚਸਪ ਹੋਵੇਗਾ ਕਿ ਇਸ 'ਤੇ ਕੀ ਪ੍ਰਤੀਕਿਰਿਆ ਹੁੰਦੀ ਹੈ। ਇਨ੍ਹਾਂ ਬਿਆਨਾਂ ਵਿਚ ਕਾਫੀ ਕੁਝ ਅਜਿਹਾ ਹੈ ਜਿਸ ਨਾਲ ਕੁਝ ਲੋਕਾਂ ਦੇ ਮੱਥੇ ਵਲ ਪੈ ਸਕਦੇ ਹਨ।''
ਪੋਂਟਿੰਗ ਨੇ ਹਾਲਾਂਕਿ ਨਾਲ ਹੀ ਕਿਹਾ ਕਿ ਇਸ ਨਾਲ ਟੀਮ 'ਤੇ ਕੋਈ ਪ੍ਰਭਾਵ ਨਹੀਂ ਪਵੇਗਾ। ਉਨ੍ਹਾਂ ਕਿਹਾ, ''ਮੈਨੂੰ ਪੂਰਾ ਭਰੋਸਾ ਹੈ ਕਿ ਟਿਮ ਪੇਨ ਅਤੇ ਕੁਝ ਹੋਰ ਖਿਡਾਰੀ ਇਸ ਨੂੰ ਭੁਲ ਕੇ ਐੱਮ. ਸੀ. ਜੀ. ਵਿਚ ਚਲ ਰਹੇ ਮੈਚ 'ਤੇ ਧਿਆਨ ਦੇਣਗੇ। ਪੋਂਟਿੰਗ ਨੇ ਇਸ ਦੇ ਨਾਲ ਹੀ ਸਮਿਥ ਤੋਂ ਪਾਬੰਦੀ ਹਟਾਉਣ ਅਤੇ ਆਸਟਰੇਲੀਆਈ ਟੈਸਟ ਕਪਤਾਨ ਦੇ ਰੂਪ ਵਿਚ ਵਾਪਸੀ ਦਾ ਸਮਰਥਨ ਕੀਤਾ ਹੈ। ਉਨ੍ਹਾਂ ਕਿਹਾ ਕਿ ਜੋ ਕੁਝ ਹੋਇਆ ਉਸ ਤੋਂ ਬਾਅਦ ਉਹ ਬਿਹਤਰ ਆਗੂ ਦੇ ਰੂਪ 'ਚ ਵਾਪਸੀ ਕਰਨਗੇ।