ਅਜਲਾਨ ਸ਼ਾਹ ਕੱਪ : ਭਾਰਤ ਦੀ ਆਇਰਲੈਂਡ ਹੱਥੋਂ ਸ਼ਰਮਨਾਕ ਹਾਰ
Friday, Mar 09, 2018 - 10:26 PM (IST)
ਇਪੋਹ— ਭਾਰਤ ਨੂੰ 27ਵੇਂ ਸੁਲਤਾਨ ਅਜਲਾਨ ਸ਼ਾਹ ਕੱਪ ਹਾਕੀ ਟੂਰਨਾਮੈਂਟ ਦੇ ਫਾਈਨਲ ਵਿਚ ਆਪਣੀਆਂ ਸੰਭਾਵਨਾਵਾਂ ਨੂੰ ਬਰਕਰਾਰ ਰੱਖਣ ਲਈ ਆਇਰਲੈਂਡ ਵਿਰੁੱਧ ਇਕ ਵੱਡੀ ਜਿੱਤ ਦੀ ਲੋੜ ਸੀ ਪਰ ਭਾਰਤ ਨੇ ਸ਼ੁੱਕਰਵਾਰ ਅੱਧੇ ਸਮੇਂ ਦੀ ਆਪਣੀ ਬੜ੍ਹਤ ਨੂੰ ਗੁਆਇਆ ਤੇ ਆਇਰਲੈਂਡ ਹੱਥੋਂ ਉਸ ਨੂੰ 2-3 ਦੀ ਸ਼ਰਮਨਾਕ ਹਾਰ ਦਾ ਸਾਹਮਣਾ ਕਰਨਾ ਪਿਆ।
ਭਾਰਤ ਨੇ ਆਪਣੇ ਪਿਛਲੇ ਮੈਚ ਵਿਚ ਮੇਜ਼ਬਾਨ ਮਲੇਸ਼ੀਆ ਨੂੰ 5-1 ਨਾਲ ਹਰਾ ਕੇ ਉਮੀਦਾਂ ਜਤਾਈਆਂ ਸਨ ਪਰ ਆਇਰਲੈਂਡ ਨੇ ਇਸ ਮੁਕਾਬਲੇ ਵਿਚ ਸ਼ਾਨਦਾਰ ਵਾਪਸੀ ਕਰਦਿਆਂ ਭਾਰਤ ਦੀਆਂ ਉਮੀਦਾਂ ਨੂੰ ਤੋੜ ਦਿੱਤਾ। ਭਾਰਤ ਦੀ ਪੰਜ ਮੈਚਾਂ ਵਿਚ ਇਹ ਤੀਜੀ ਹਾਰ ਰਹੀ। ਉਹ ਚਾਰ ਅੰਕਾਂ ਨਾਲ ਹੁਣ 6 ਟੀਮਾਂ ਵਿਚਾਲੇ ਪੰਜਵੇਂ ਸਥਾਨ 'ਤੇ ਹੈ।
ਪਿਛਲੇ ਟੂਰਨਾਮੈਂਟ ਵਿਚ ਤੀਜਾ ਸਥਾਨ ਹਾਸਲ ਕਰਨ ਵਾਲੀ ਭਾਰਤੀ ਟੀਮ ਦਾ ਹੁਣ ਪੰਜਵੇਂ ਸਥਾਨ ਲਈ ਆਇਰਲੈਂਡ ਨਾਲ ਹੀ ਮੁਕਾਬਲਾ ਹੋਵੇਗਾ। ਆਇਰਲੈਂਡ ਨੇ ਆਪਣੇ ਪਿਛਲੇ ਚਾਰੇ ਮੈਚ ਗੁਆਏ ਸਨ ਪਰ ਉਸ ਨੇ ਟੂਰਨਾਮੈਂਟ ਵਿਚ ਆਪਣੀ ਇਕਲੌਤੀ ਜਿੱਤ ਦਰਜ ਕਰ ਲਈ।
