ਆਵੇਸ਼ ਖ਼ਾਨ ਨੇ ਦੱਸਿਆ IPL ''ਚ ਆਪਣੀ ਸਫਲਤਾ ਦਾ ਰਾਜ਼, ਕਿਹਾ- ਦਬਾਅ ''ਤੇ ਕਾਬੂ ਪਾਉਣਾ ਮਹੱਤਵਪੂਰਨ
Tuesday, Apr 05, 2022 - 02:13 PM (IST)
ਸਪੋਰਟਸ ਡੈਸਕ- ਯੁਵਾ ਤੇਜ਼ ਗੇਂਦਬਾਜ਼ ਆਵੇਸ਼ ਖ਼ਾਨ ਨੂੰ ਲਗਦਾ ਹੈ ਕਿ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਜਿਹੇ ਟੂਰਨਾਮੈਂਟ 'ਚ ਗੇਂਦਬਾਜ਼ਾਂ ਨੂੰ ਕਿਸੇ ਤਰ੍ਹਾਂ ਦੀ ਰਾਹਤ ਮਿਲਣ ਦੀ ਸੰਭਾਵਨਾ ਨਹੀਂ ਹੈ ਤੇ ਦਬਾਅ 'ਤੇ ਚੰਗੀ ਤਰ੍ਹਾਂ ਕਾਬੂ ਪਾਉਣਾ ਹੀ ਉਨ੍ਹਾਂ ਲਈ ਸਫਲਤਾ ਦੀ ਚਾਬੀ ਹੈ।
ਇਹ ਵੀ ਪੜ੍ਹੋ : ਮੈਕਸਵੈੱਲ ਮੁੰਬਈ ਖ਼ਿਲਾਫ਼ 9 ਅਪ੍ਰੈਲ ਦੇ ਮੈਚ ਲਈ ਰਹਿਣਗੇ ਉਪਲੱਬਧ : RCB ਕੋਚ ਹੇਸਨ
ਲਖਨਊ ਸੁਪਰ ਜਾਇੰਟਸ ਦੇ ਇਸ ਤੇਜ਼ ਗੇਂਦਬਾਜ਼ ਨੇ ਸਨਰਾਈਜ਼ਰਜ਼ ਹੈਦਰਾਬਾਦ ਦੇ ਖ਼ਿਲਾਫ਼ ਪਿਛਲੇ ਮੈਚ 'ਚ 24 ਦੌੜਾਂ ਦੇ ਕੇ ਚਾਰ ਵਿਕਟਾਂ ਲਈਆਂ ਤੇ ਆਪਣੀ ਟੀਮ ਦੀ 12 ਦੌੜਾਂ ਨਾਲ ਜਿੱਤ 'ਚ ਅਹਿਮ ਭੂਮਿਕਾ ਨਿਭਾਈ। ਆਵੇਸ਼ ਨੇ ਮੈਚ ਦੇ ਬਾਅਦ ਪੱਤਰਕਾਰਾਂ ਨੂੰ ਕਿਹਾ, 'ਆਈ. ਪੀ. ਐੱਲ. 'ਚ ਗੇਂਦਬਾਜ਼ ਹੋਣ ਕਾਰਨ ਤੁਹਾਡੇ 'ਤੇ ਹਰੇਕ ਮੈਚ 'ਚ ਦਬਾਅ ਰਹਿੰਦਾ ਹੈ ਤੇ ਤੁਸੀਂ ਇਸ 'ਤੇ ਕਿਵੇਂ ਕਾਬੂ ਪਾਉਂਦੇ ਹੋ ਇਹ ਮਹੱਤਵਪੂਰਨ ਹੈ। ਮੈਂ ਕਦੀ ਨਹੀਂ ਸੋਚਿਆ ਕਿ ਮੈਂ ਟੀਮ ਦਾ ਮੁੱਖ ਗੇਂਦਬਾਜ਼ ਹਾਂ। ਮੈਂ ਹਮੇਸ਼ਾ ਟੀਮ ਲਈ ਵਿਕਟ ਲੈਣ ਦੀ ਕੋਸ਼ਿਸ਼ ਕਰਦਾ ਹਾਂ।'
ਇਹ ਵੀ ਪੜ੍ਹੋ : SRH vs LSG : ਲਗਾਤਾਰ ਦੂਜੀ ਹਾਰ 'ਤੇ ਵਿਲੀਅਮਸਨ ਦਾ ਬਿਆਨ, ਜਾਣੋ ਕੀ ਕਿਹਾ
ਉਨ੍ਹਾਂ ਕਿਹਾ, 'ਜੇਕਰ ਮੈਂ ਇਹ ਸੋਚਦਾ ਹਾਂ ਕਿ ਮੈਂ ਮੁੱਖ ਗੇਂਦਬਾਜ਼ ਹਾਂ ਤਾਂ ਮੈਂ ਖ਼ੁਦ 'ਤੇ ਦਬਾਅ ਬਣਾਵਾਂਗਾ ਜੋ ਕਿ ਗ਼ੈਰ ਜ਼ਰੂਰੀ ਹੈ।' ਆਵੇਸ਼ ਨੇ ਕਿਹਾ ਕਿ ਗੇਂਦਬਾਜ਼ ਦੀ ਮੁੱਖ ਭੂਮਿਕਾ ਆਪਣੀ ਟੀਮ ਵਲੋਂ ਵਿਕਟ ਲੈਣਾ ਹੈ। ਉਨ੍ਹਾਂ ਕਿਹਾ ਕਿ ਮੈਨੂੰ ਖ਼ੁਸ਼ੀ ਹੈ ਕਿ ਮੈਂ ਟੀਮ ਦੀ ਜਿੱਤ 'ਚ ਯੋਗਦਾਨ ਦਿੱਤਾ ਹੈ। ਪਹਿਲੇ ਮੈਚ 'ਚ ਮੈਨੂੰ ਇਕ ਓਵਰ 'ਚ 11 ਦੌੜਾਂ ਬਚਾਉਣ ਦਾ ਮੌਕਾ ਮਿਲਿਆ ਸੀ ਜੋ ਮੈਂ ਨਹੀਂ ਕਰ ਸਕਿਆ ਸੀ। ਅੱਜ ਮੈਂ ਵਿਕਟ ਲੈਣ 'ਤੇ ਧਿਆਨ ਦਿੱਤਾ।'
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।