ਅਵਨੀ ਲੇਖਰਾ ਨੇ ਰਚਿਆ ਇਤਿਹਾਸ, ਪੈਰਾਲੰਪਿਕ ਖੇਡਾਂ ''ਚ ਦੋ ਸੋਨ ਤਮਗੇ ਜਿੱਤਣ ਵਾਲੀ ਪਹਿਲੀ ਭਾਰਤੀ ਬਣੀ
Friday, Aug 30, 2024 - 04:56 PM (IST)
ਪੈਰਿਸ : ਅਵਨੀ ਲੇਖਰਾ ਸ਼ੁੱਕਰਵਾਰ ਨੂੰ ਇੱਥੇ ਮਹਿਲਾਵਾਂ ਦੀ 10 ਮੀਟਰ ਏਅਰ ਰਾਈਫਲ (ਐੱਸਐੱਚ1) ਮੁਕਾਬਲੇ ਵਿੱਚ ਜਿੱਤ ਦੇ ਨਾਲ ਦੋ ਪੈਰਾਲੰਪਿਕ ਸੋਨ ਤਮਗੇ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਬਣ ਗਈ ਹੈ। ਇਸੇ ਮੁਕਾਬਲੇ ਵਿੱਚ ਉਨ੍ਹਾਂ ਦੀ ਹਮਵਤਨ ਮੋਨਾ ਅਗਰਵਾਲ ਨੇ ਕਾਂਸੀ ਦਾ ਤਮਗਾ ਜਿੱਤਿਆ। ਤਿੰਨ ਸਾਲ ਪਹਿਲਾਂ ਟੋਕੀਓ ਪੈਰਾਲੰਪਿਕ ਦਾ ਸੋਨ ਤਮਗਾ ਜਿੱਤਣ ਵਾਲੀ 22 ਸਾਲਾ ਅਵਨੀ ਨੇ ਸ਼ਾਨਦਾਰ 249.7 ਅੰਕ ਹਾਸਲ ਕਰਕੇ ਜਾਪਾਨ ਦੀ ਰਾਜਧਾਨੀ 'ਚ 249.6 ਦਾ ਆਪਣਾ ਹੀ ਰਿਕਾਰਡ ਤੋੜ ਦਿੱਤਾ ਜਦਕਿ 2022 'ਚ ਨਿਸ਼ਾਨੇਬਾਜ਼ੀ ਖੇਡ 'ਚ ਉਤਰਨ ਵਾਲੀ ਮੋਨਾ ਨੇ 228.7 ਅੰਕ ਹਾਸਲ ਕਰਕੇ ਕਾਂਸੀ ਦਾ ਤਮਗਾ ਜਿੱਤਿਆ।
ਅਵਨੀ 11 ਸਾਲ ਦੀ ਉਮਰ ਵਿੱਚ ਇੱਕ ਕਾਰ ਹਾਦਸੇ ਵਿੱਚ ਕਮਰ ਤੋਂ ਹੇਠਾਂ ਲਕਵਾਗ੍ਰਸਤ ਹੋ ਗਈ ਸੀ ਅਤੇ ਉਦੋਂ ਤੋਂ ਵ੍ਹੀਲਚੇਅਰ 'ਤੇ ਹੈ, 2021 ਵਿੱਚ ਟੋਕੀਓ ਪੈਰਾਲੰਪਿਕ ਵਿੱਚ ਨਿਸ਼ਾਨੇਬਾਜ਼ੀ ਦਾ ਤਮਗਾ ਜਿੱਤਣ ਵਾਲੀ ਦੇਸ਼ ਦੀ ਪਹਿਲੀ ਮਹਿਲਾ ਨਿਸ਼ਾਨੇਬਾਜ਼ ਬਣੀ ਸੀ। ਸ਼ੂਟਿੰਗ ਵਿੱਚ ਐੱਸਐੱਚ1 ਸ਼੍ਰੇਣੀ ਵਿੱਚ ਅਜਿਹੇ ਅਥਲੀਟ ਸ਼ਾਮਲ ਹੁੰਦੇ ਹਨ ਜਿਨ੍ਹਾਂ ਦੀਆਂ ਬਾਹਾਂ, ਧੜ ਦੇ ਹੇਠਲੇ ਹਿੱਸੇ, ਪੈਰਾਂ ਦੀ ਗਤੀ ਪ੍ਰਭਾਵਿਤ ਹੁੰਦੀ ਹੈ ਜਾਂ ਜਿਨ੍ਹਾਂ ਦੇ ਕਈ ਅੰਗ ਨਹੀਂ ਹੁੰਦੇ ਹਨ। ਕੁਆਲੀਫਿਕੇਸ਼ਨ ਵਿੱਚ ਡਿਫੈਂਡਿੰਗ ਚੈਂਪੀਅਨ ਅਵਨੀ ਨੇ 625.8 ਦਾ ਸਕੋਰ ਕੀਤਾ ਅਤੇ ਇਰੀਨਾ ਸ਼ਚੇਤਨਿਕ ਤੋਂ ਬਾਅਦ ਦੂਜੇ ਸਥਾਨ 'ਤੇ ਰਹੀ ਜਿਨ੍ਹਾਂ ਨੇ 627.5 ਦੇ ਸਕੋਰ ਨਾਲ ਪੈਰਾਲੰਪਿਕ ਕੁਆਲੀਫਿਕੇਸ਼ਨ ਰਿਕਾਰਡ ਤੋੜਿਆ।