ਕਿਊਰੇਟਰ ਦਾ ਦਾਅਵਾ, ਇੰਦੌਰ ''ਚ  ਬੋਲੇਗੀ ਸਪਿਨਰਾਂ ਦੀ ਤੂਤੀ

09/22/2017 11:10:21 PM

ਇੰਦੌਰ— ਪਹਿਲੇ ਦੋਵਾਂ ਮੈਚਾਂ 'ਚ ਆਸਟ੍ਰੇਲੀਆਈ ਬੱਲੇਬਾਜ਼ਾਂ ਲਈ ਪ੍ਰੇਸ਼ਾਨੀ ਦਾ ਸਬੱਬ ਬਣੇ ਭਾਰਤ ਦੇ ਲੈੱਗ ਸਪਿਨਰ ਯੁਜਵੇਂਦਰ ਚਾਹਲ ਤੇ ਕੁਲਦੀਪ ਯਾਦਵ ਇਥੇ ਹੋਣ ਵਾਲੇ ਤੀਜੇ ਇਕ ਦਿਨਾ ਕੌਮਾਂਤਰੀ ਮੈਚ ਵਿਚ ਵੀ ਆਪਣਾ ਜਲਵਾ ਬਿਖੇਰ ਸਕਦੇ ਹਨ ਕਿਉਂਕਿ ਕਿਊਰੇਟਰ ਅਨੁਸਾਰ ਪਿੱਚ ਤੋਂ ਸਿਰਫ ਲੈੱਗ ਸਪਿਨਰਾਂ ਨੂੰ ਹੀ ਮਦਦ ਮਿਲਣ ਦੀ ਸੰਭਾਵਨਾ ਹੈ। ਚਾਹਲ ਤੇ ਕੁਲਦੀਪ ਨੇ ਹੁਣ ਤਕ ਲੜੀ ਦੇ ਦੋਵਾਂ ਮੈਚਾਂ ਵਿਚ 5-5 ਵਿਕਟਾਂ ਲਈਆਂ ਹਨ ਤੇ ਉਨ੍ਹਾਂ ਨੇ ਭਾਰਤ ਦੀ ਲੜੀ 'ਚ 2-0 ਦੀ ਜਿੱਤ 'ਚ ਅਹਿਮ ਭੂਮਿਕਾ ਨਿਭਾਈ ਹੈ। ਕੁਲਦੀਪ ਨੇ ਈਡਨ ਗਾਰਡਨ ਵਿਚ ਖੇਡੇ ਗਏ ਦੂਜੇ ਮੈਚ ਵਿਚ ਹੈਟ੍ਰਿਕ ਵੀ ਬਣਾਈ ਸੀ, ਜਿਸ ਨਾਲ ਭਾਰਤ ਆਪਣੀਆਂ ਉਮੀਦਾਂ ਅਨੁਸਾਰ ਘੱਟ ਸਕੋਰ ਦਾ ਸਫਲਤਾਪੂਰਵਕ ਬਚਾ ਕਰ ਕੇ 50 ਦੌੜਾਂ ਨਾਲ ਜਿੱਤ ਦਰਜ ਕਰਨ 'ਚ ਸਫਲ ਰਿਹਾ ਸੀ। 
ਮੱਧ ਪ੍ਰਦੇਸ਼ ਕ੍ਰਿਕਟ ਸੰਘ (ਐੱਸ. ਪੀ. ਸੀ. ਏ.) ਦੇ ਕਿਊਰੇਟਰ ਸਮੰਦਰ ਸਿੰਘ ਚੌਹਾਨ ਨੇ ਕਿਹਾ ਕਿ ਇਹ ਬੱਲੇਬਾਜ਼ੀ ਲਈ ਅਨੁਕੂਲ ਪਿੱਚ ਹੋਵੇਗੀ। ਮੈਂ ਇਹ ਤਾਂ ਨਹੀਂ ਕਹਿ ਸਕਦਾ ਕਿ ਕਿੰਨਾ ਸਕੋਰ ਹੋਵੇਗਾ ਪਰ ਇਥੇ ਵੱਡੇ ਸਕੋਰ ਵਾਲਾ ਮੈਚ ਹੋਵੇਗਾ। ਇਸ ਦੇ ਨਾਲ ਹੀ ਗੇਂਦਬਾਜ਼ਾਂ ਲਈ ਵੀ ਇਸ 'ਚ ਲੋੜੀਂਦੇ ਮੌਕੇ ਹੋਣਗੇ।
ਕਿਊਰੇਟਰ ਨੇ ਕਿਹਾ ਕਿ ਪਿੱਚ ਤੋਂ ਪ੍ਰੰਪਰਾਗਤ ਸਪਿਨਰਾਂ ਨੂੰ ਜ਼ਿਆਦਾ ਟਰਨ ਮਿਲਣ ਦੀ ਸੰਭਾਵਨਾ ਨਹੀਂ ਹੈ ਪਰ ਲੈੱਗ ਸਪਿਨਰਾਂ ਨੂੰ ਜ਼ਰੂਰ ਟਰਨ ਮਿਲੇਗੀ। ਭਾਰਤ ਲਈ ਇਹ ਚੰਗਾ ਹੈ ਕਿ ਉਸ ਦੇ ਕੋਲ ਦੋ ਲੈੱਗ ਸਪਿਨਰ ਹਨ। ਟੀਮ ਮੈਨੇਜਮੈਂਟ ਨੇ ਸਾਰੇ ਹਾਲਾਤ ਨੂੰ ਧਿਆਨ ਵਿਚ ਰੱਖ ਕੇ ਹੀ ਉਨ੍ਹਾਂ ਨੂੰ ਟੀਮ ਵਿਚ ਰੱਖਿਆ ਹੋਵੇਗਾ।


Related News