24 ਸਾਲ ਬਾਅਦ ਪਾਕਿਸਤਾਨ ਪੁੱਜੀ ਆਸਟਰੇਲੀਆਈ ਟੀਮ, ਪਹਿਲਾਂ ਕਰ ਚੁੱਕੀ ਹੈ ਦੌਰਾ ਰੱਦ
Sunday, Feb 27, 2022 - 06:16 PM (IST)
ਇਸਲਾਮਾਬਾਦ- ਆਸਟਰੇਲੀਆ ਦੀ ਕ੍ਰਿਕਟ ਟੀਮ ਪਿਛਲੇ 24 ਸਾਲਾਂ 'ਚ ਆਪਣੇ ਪਹਿਲੇ ਪਾਕਿਸਤਾਨ ਦੌਰੇ 'ਤੇ ਐਤਵਾਰ ਨੂੰ ਇੱਥੇ ਪੁੱਜੀ। 6 ਹਫ਼ਤਿਆਂ ਦੇ ਇਸ ਦੌਰੇ 'ਚ ਆਸਟਰੇਲੀਆ ਦੀ ਟੀਮ ਤਿੰਨ ਟੈਸਟ, ਤਿੰਨ ਵਨ-ਡੇ ਤੇ ਇਕ ਟੀ-20 ਕੌਮਾਂਤਰੀ ਮੈਚ ਖੇਡੇਗੀ। ਆਸਟਰੇਲੀਆ ਨੇ ਆਖ਼ਰੀ ਵਾਰ 1998 'ਚ ਪਾਕਿਸਤਾਨ ਦਾ ਦੌਰਾ ਕੀਤਾ ਸੀ। ਉਦੋ ਉਸ ਨੇ ਟੈਸਟ ਸੀਰੀਜ਼ 1-0 ਨਾਲ ਜਿੱਤੀ ਸੀ ਜਦਕਿ ਸੀਮਿਤ ਓਵਰਾਂ ਦੇ ਸਾਰੇ ਮੈਚ ਜਿੱਤੇ ਸਨ। ਸ਼੍ਰੀਲੰਕਾ ਦੀ ਬੱਸ 'ਤੇ 2009 'ਚ ਅੱਤਵਾਦੀ ਹਮਲੇ ਦੇ ਬਾਅਦ ਵਿਦੇਸ਼ੀ ਟੀਮ ਪਾਕਿਸਤਾਨ ਦਾ ਦੌਰਾ ਕਰਨ ਤੋਂ ਕਤਰਾਉਂਦੀ ਰਹੀ ਹੈ।
ਆਸਟਰੇਲੀਆ ਨੇ ਪੰਜ ਸਾਲ ਪਹਿਲਾਂ ਲਾਹੌਰ 'ਚ ਚਰਚ 'ਤੇ ਆਤਮਘਾਤੀ ਧਮਾਕੇ ਦੇ ਬਾਅਦ ਆਪਣਾ ਦੌਰਾ ਰੱਦ ਕੀਤਾ ਸੀ। ਪਾਕਿਸਤਾਨ ਨੇ ਪਿਛਲੇ 6 ਸਾਲਾਂ 'ਚ ਜਿੰਬਾਬਵੇ, ਸ਼੍ਰੀਲੰਕਾ, ਵੈਸਟਇੰਡੀਜ਼, ਬੰਗਲਾਦੇਸ਼ ਤੇ ਦੱਖਣੀ ਅਫਰੀਕਾ ਦੀ ਮੇਜ਼ਬਾਨੀ ਕੀਤੀ ਹੈ ਪਰ ਆਸਟਰੇਲੀਆ ਪਹਿਲੀ ਚੋਟੀ ਦੀ ਟੀਮ ਹੈ ਜੋ ਪੂਰੀ ਤਰ੍ਹਾਂ ਦੋ ਪੱਖੀ ਸੀਰੀਜ਼ ਲਈ ਪਾਕਿਸਤਾਨ ਦਾ ਦੌਰਾ ਕਰ ਰਹੀ ਹੈ। ਪਿਛਲੇ ਸਾਲ ਨਿਊਜ਼ੀਲੈਂਡ ਦੇ ਇੰਗਲੈਂਡ ਨੇ ਸੁਰੱਖਿਆ ਕਾਰਨਾਂ ਤੋਂ ਪਾਕਿਸਤਾਨ ਦਾ ਦੌਰਾ ਰੱਦ ਕਰ ਦਿੱਤਾ ਸੀ। ਇਨ੍ਹਾਂ ਦੋਵੇਂ ਟੀਮਾਂ ਨੂੰ ਹਾਲਾਂਕਿ ਇਸ ਸਾਲ ਦੇ ਅੰਤ 'ਚ ਪਾਕਿਸਤਾਨ ਦੌਰੇ 'ਤੇ ਆਉਣਾ ਹੈ।
ਆਸਟਰੇਲੀਆ ਤੇ ਪਾਕਿਸਤਾਨ ਦਰਮਿਆਨ ਪਹਿਲਾ ਟੈਸਟ ਮੈਚ ਚਾਰ ਮਾਰਚ ਤੋਂ ਰਾਵਲਪਿੰਡੀ 'ਚ ਖੇਡਿਆ ਜਾਵੇਗਾ। ਕਰਾਚੀ 12 ਤੋਂ 16 ਮਾਰਚ ਤਕ ਦੂਜੇ ਟੈਸਟ ਦੀ ਮੇਜ਼ਬਾਨੀ ਕਰੇਗਾ ਤੇ ਇਸ ਤੋਂ ਬਾਅਦ 21 ਤੋਂ 25 ਮਾਰਚ ਤਕ ਲਾਹੌਰ 'ਚ ਤੀਜਾ ਟੈਸਟ ਹੋਵੇਗਾ। ਰਾਵਲਪਿੰਡੀ 29 ਮਾਰਚ ਤੋਂ ਵਨ-ਡੇ ਸੀਰੀਜ਼ ਦੀ ਮੇਜ਼ਬਾਨੀ ਕਰੇਗਾ ਜਦਕਿ ਇਕਮਾਤਰ ਟੀ-20 ਮੈਚ ਪੰਜ ਅਪ੍ਰੈਲ ਨੂੰ ਖੇਡਿਆ ਜਾਵੇਗਾ।