ਆਸਟਰੇਲੀਆਈ ਓਪਨ : ਐਸ਼ ਬਾਰਟੀ ਦਾ ਸ਼ਾਨਦਾਰ ਪ੍ਰਦਰਸ਼ਨ ਜਾਰੀ, ਤੀਜੇ ਦੌਰ 'ਚ ਪੁੱਜੀ

Wednesday, Jan 19, 2022 - 01:09 PM (IST)

ਆਸਟਰੇਲੀਆਈ ਓਪਨ : ਐਸ਼ ਬਾਰਟੀ ਦਾ ਸ਼ਾਨਦਾਰ ਪ੍ਰਦਰਸ਼ਨ ਜਾਰੀ, ਤੀਜੇ ਦੌਰ 'ਚ ਪੁੱਜੀ

ਮੈਲਬੋਰਨ- ਵਿਸ਼ਵ ਦੀ ਨੰਬਰ ਇਕ ਖਿਡਾਰੀ ਐਸ਼ ਬਾਰਟੀ ਨੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰਖਦੇ ਹੋਏ ਇੱਥੇ ਇਕਪਾਸੜ ਜਿੱਤ ਦਰਜ ਕਰਕੇ ਆਸਟਰੇਲੀਆਈ ਓਪਨ ਟੈਨਿਸ ਟੂਰਨਾਮੈਂਟ ਦੇ ਤੀਜੇ ਦੌਰ 'ਚ ਪ੍ਰਵੇਸ਼ ਕੀਤਾ। ਬਾਰਟੀ ਨੇ ਰਾਡ ਲੇਵਰ ਐਰਿਨਾ 'ਤੇ ਵਿਸ਼ਵ 'ਚ 142ਵੀਂ ਰੈਂਕਿੰਗ ਦੀ ਲੂਸੀਆ ਬ੍ਰੋਨਜੇਟੀ ਨੂੰ ਆਸਾਨੀ ਨਾਲ 6-1, 6-1 ਨਲ ਹਰਾਇਆ। ਉਹ ਲਗਾਤਾਰ ਛੇਵੇਂ ਸਾਲ ਇਸ ਟੂਰਨਾਮੈਂਟ ਦੇ ਤੀਜੇ ਦੌਰ 'ਚ ਪੁੱਜਣ 'ਚ ਸਫਲ ਰਹੀ।

ਬਾਰਟੀ ਨੇ ਪਿਛਲੇ 48 ਗੇਮ ਤੋਂ ਆਪਣੀ ਸਰਵਿਸ ਨਹੀਂ ਗੁਆਈ ਹੈ। ਪਹਿਲੇ ਦੌਰ 'ਚ ਸਿਰਫ਼ ਇਕ ਗੇਮ ਗੁਆਉਣ ਵਾਲੀ ਬਾਰਟੀ ਦਾ ਅਗਲਾ ਮੁਕਾਬਲਾ ਇਟਲੀ ਦੀ ਇਕ ਹੋਰ ਖਿਡਾਰੀ ਤੇ 30ਵਾਂ ਦਰਜਾ ਪ੍ਰਾਪਤ ਕੈਮਿਲਾ ਜੀਓਰਗੀ ਨਾਲ ਹੋਵੇਗਾ ਜਿਨ੍ਹਾਂ ਨੇ ਚੈੱਕ ਗਣਰਾਜ ਦੀ ਟੇਰੇਜਾ ਮਾਰਟਿਨਕੋਵਾ ਨੂੰ 6-2, 7-6 ਨਾਲ ਹਰਾਇਆ। ਅੱਠਵਾਂ ਦਰਜਾ ਪ੍ਰਾਪਤ ਪਾਊਲਾ ਬਾਡੋਸਾ ਨੇ ਵੀ ਇਟਾਲੀਅਨ ਕੁਆਲੀਫਾਇਰ ਮਾਰਟਿਨਾ ਟ੍ਰੇਵਿਸਾਨ ਨੂੰ 6-0, 6-3 ਨਾਲ ਹਰਾ ਕੇ ਤੀਜੇ ਦੌਰ 'ਚ ਪ੍ਰਵੇਸ਼ ਕੀਤਾ।

ਦੋ ਵਾਰ ਦੀ ਆਸਟਰੇਲੀਆਈ ਓਪਨ ਚੈਂਪੀਅਨ ਵਿਕਟੋਰੀਆ ਅਜ਼ਾਰੇਂਕਾ ਵੀ ਜਿਲ ਟਿਚਮਾਨ ਨੂੰ 6-, 6-2 ਨਾਲ ਹਰਾ ਕੇ ਅੱਗੇ ਵਧਣ 'ਚ ਸਫਲ ਰਹੀ। ਅਮਰੀਕਾ ਦੀ ਮੈਡਿਸਨ ਕੀਜ ਨੇ ਰੋਮਾਨੀਆ ਦੀ ਜੈਕਲਿਨ ਕ੍ਰਿਸਟੀਨ ਨੂੰ 6-2, 7-6 ਨਾਲ ਹਰਾਇਆ। ਯੂਕ੍ਰੇਨ ਦੀ 15ਵਾਂ ਦਰਜਾ ਪ੍ਰਾਪਤ ਐਲਿਨਾ ਸਵੀਤੋਲਿਨਾ ਵੀ ਆਪਣੀ ਮੁਕਾਬਲੇਬਾਜ਼ ਫਰਾਂਸ ਦੀ ਹਾਰਮੋਨੀ ਟਾਨ ਦੇ ਤੀਜੇ ਸੈੱਟ 'ਚ ਹਟਣ ਕਾਰਨ ਤੀਜੇ ਦੌਰ 'ਚ ਪਹੁੰਚਣ 'ਚ ਸਫਲ ਰਹੀ। ਉਸ ਸਮੇਂ ਸਵੀਤੋਲਿਨਾ 6-3, 5-7, 5-1 ਨਾਲ ਅੱਗੇ ਚਲ ਰਹੀ ਸੀ। ਅਮਰੀਕਾ ਦੀ 21ਵਾਂ ਦਰਜਾ ਪ੍ਰਾਪਤ ਜੇਸਿਕਾ ਪੇਂਗੁਲਾ ਤੇ ਯੂਕ੍ਰੇਨ ਦੀ ਮਾਰਤਾ ਕੋਸਤੁਏਕ ਵੀ ਅੱਗੇ ਵਧਣ 'ਚ ਸਫਲ ਰਹੀਆਂ। 

 


author

Tarsem Singh

Content Editor

Related News