ਆਸਟ੍ਰੇਲੀਅਨ ਓਪਨ 2026: ਅਲਕਾਰਾਜ਼ ਅਤੇ ਜੋਕੋਵਿਚ ਵਿਚਾਲੇ ਹੋਵੇਗੀ ਖਿਤਾਬੀ ਜੰਗ
Saturday, Jan 31, 2026 - 03:25 PM (IST)
ਮੈਲਬੌਰਨ : ਆਸਟ੍ਰੇਲੀਅਨ ਓਪਨ 2026 ਦਾ ਪੁਰਸ਼ ਸਿੰਗਲਜ਼ ਫਾਈਨਲ ਹੁਣ ਟੈਨਿਸ ਦੇ ਦੋ ਮਹਾਨ ਖਿਡਾਰੀਆਂ, ਕਾਰਲੋਸ ਅਲਕਾਰਾਜ਼ ਅਤੇ ਨੋਵਾਕ ਜੋਕੋਵਿਚ ਵਿਚਾਲੇ ਖੇਡਿਆ ਜਾਵੇਗਾ। ਦੋਵਾਂ ਖਿਡਾਰੀਆਂ ਨੇ ਆਪਣੇ-ਆਪਣੇ ਸੈਮੀਫਾਈਨਲ ਮੁਕਾਬਲਿਆਂ ਵਿੱਚ ਯਾਦਗਾਰੀ ਜਿੱਤਾਂ ਦਰਜ ਕਰਕੇ ਫਾਈਨਲ ਵਿੱਚ ਜਗ੍ਹਾ ਬਣਾਈ ਹੈ, ਜਿਸ ਨਾਲ ਟੈਨਿਸ ਪ੍ਰਸ਼ੰਸਕਾਂ ਨੂੰ ਇੱਕ ਹਾਈ-ਵੋਲਟੇਜ ਟੱਕਰ ਦੇਖਣ ਨੂੰ ਮਿਲੇਗੀ।
ਸਪੇਨ ਦੇ ਨੌਜਵਾਨ ਸਟਾਰ ਕਾਰਲੋਸ ਅਲਕਾਰਾਜ਼ ਨੇ ਜਰਮਨੀ ਦੇ ਅਲੈਗਜ਼ੈਂਡਰ ਜ਼ਵੇਰੇਵ ਨੂੰ ਇੱਕ ਬੇਹੱਦ ਰੋਮਾਂਚਕ ਮੁਕਾਬਲੇ ਵਿੱਚ 6-4, 7-6(5), 6-7(3), 6-7(4), 7-5 ਨਾਲ ਮਾਤ ਦਿੱਤੀ। ਇਹ ਮੈਚ ਪੰਜ ਘੰਟੇ 27 ਮਿੰਟ ਤੱਕ ਚੱਲਿਆ, ਜੋ ਕਿ ਆਸਟ੍ਰੇਲੀਅਨ ਓਪਨ ਦੇ ਇਤਿਹਾਸ ਦਾ ਸਭ ਤੋਂ ਲੰਬਾ ਸੈਮੀਫਾਈਨਲ ਬਣ ਗਿਆ ਹੈ। ਮੈਚ ਦੇ ਤੀਜੇ ਸੈੱਟ ਦੌਰਾਨ ਅਲਕਾਰਾਜ਼ ਦੇ ਸੱਜੇ ਪੈਰ 'ਤੇ ਸੱਟ ਲੱਗ ਗਈ ਸੀ ਅਤੇ ਉਹ ਨਿਰਣਾਇਕ ਸੈੱਟ ਵਿੱਚ 3-5 ਨਾਲ ਪਿੱਛੇ ਚੱਲ ਰਹੇ ਸਨ, ਪਰ ਉਨ੍ਹਾਂ ਨੇ ਸ਼ਾਨਦਾਰ ਵਾਪਸੀ ਕਰਦਿਆਂ ਲਗਾਤਾਰ ਚਾਰ ਗੇਮਾਂ ਜਿੱਤ ਕੇ ਮੈਚ ਆਪਣੇ ਨਾਮ ਕਰ ਲਿਆ।
ਦੂਜੇ ਸੈਮੀਫਾਈਨਲ ਵਿੱਚ ਸਰਬੀਆ ਦੇ ਦਿੱਗਜ ਨੋਵਾਕ ਜੋਕੋਵਿਚ ਨੇ ਜਾਨਿਕ ਸਿਨਰ ਨੂੰ 3-6, 6-3, 4-6, 6-4, 6-4 ਨਾਲ ਹਰਾ ਕੇ ਫਾਈਨਲ ਵਿੱਚ ਪ੍ਰਵੇਸ਼ ਕੀਤਾ। 38 ਸਾਲਾ ਜੋਕੋਵਿਚ ਇਸ ਜਿੱਤ ਨਾਲ ਆਪਣੇ ਰਿਕਾਰਡ 25ਵੇਂ ਗ੍ਰੈਂਡ ਸਲੈਮ ਖਿਤਾਬ ਅਤੇ ਮੈਲਬੌਰਨ ਵਿੱਚ 11ਵੇਂ ਖਿਤਾਬ ਤੋਂ ਸਿਰਫ਼ ਇੱਕ ਕਦਮ ਦੂਰ ਹਨ। ਉਨ੍ਹਾਂ ਨੇ ਸਿਨਰ ਵਿਰੁੱਧ ਲਗਾਤਾਰ ਪੰਜ ਹਾਰਾਂ ਦਾ ਸਿਲਸਿਲਾ ਵੀ ਇਸ ਮੈਚ ਨਾਲ ਖ਼ਤਮ ਕਰ ਦਿੱਤਾ ਹੈ।
ਜੇਕਰ ਅਲਕਾਰਾਜ਼ ਫਾਈਨਲ ਜਿੱਤਦੇ ਹਨ, ਤਾਂ ਉਹ 'ਕਰੀਅਰ ਗ੍ਰੈਂਡ ਸਲੈਮ' ਪੂਰਾ ਕਰਨ ਵਾਲੇ ਸਭ ਤੋਂ ਘੱਟ ਉਮਰ ਦੇ ਖਿਡਾਰੀ ਬਣ ਜਾਣਗੇ ਅਤੇ ਰਾਫੇਲ ਨਡਾਲ ਦਾ ਰਿਕਾਰਡ ਤੋੜ ਦੇਣਗੇ। ਦੂਜੇ ਪਾਸੇ, ਜੋਕੋਵਿਚ ਕੋਲ 2023 ਯੂਐਸ ਓਪਨ ਤੋਂ ਬਾਅਦ ਆਪਣਾ ਪਹਿਲਾ ਮੇਜਰ ਖਿਤਾਬ ਜਿੱਤ ਕੇ ਇਤਿਹਾਸ ਰਚਣ ਦਾ ਮੌਕਾ ਹੈ।
ਹੈੱਡ-ਟੂ-ਹੈੱਡ ਮੁਕਾਬਲਿਆਂ ਵਿੱਚ ਜੋਕੋਵਿਚ ਨੂੰ ਅਲਕਾਰਾਜ਼ 'ਤੇ 5-4 ਦੀ ਮਾਮੂਲੀ ਬੜ੍ਹਤ ਹਾਸਲ ਹੈ।
