BCCI ਅੱਗੇ ਝੁਕਿਆ ਕ੍ਰਿਕਟ ਆਸਟਰੇਲੀਆ, ਭਾਰਤ ''ਚ ਵਨ ਡੇ ਖੇਡਣ ਲਈ ਹੋਇਆ ਰਾਜ਼ੀ
Wednesday, May 08, 2019 - 11:28 AM (IST)

ਨਵੀਂ ਦਿੱਲੀ : ਕ੍ਰਿਕਟ ਆਸਟਰੇਲੀਆ ਮੰਗਲਵਾਰ ਨੂੰ ਅਗਲੇ ਸਾਲ ਦੀ ਸ਼ੁਰੂਆਤ 'ਚ ਭਾਰਤ ਵਿਚ ਵਨ ਡੇ ਅੰਤਰਰਾਸ਼ਟਰੀ ਸੀਰੀਜ਼ ਖੇਡਣ ਲਈ ਰਾਜ਼ੀ ਹੋ ਗਿਆ ਹੈ। ਇਸ ਤੋਂ ਪਹਿਲਾਂ ਆਸਟਰੇਲੀਆਈ ਬੋਰਡ ਨੇ ਜੈਪੁਰ ਵਿਚ ਖੇਡੀ ਜਾ ਰਹੀ ਮਿਨੀ ਟੀ-20 ਲੀਗ ਲਈ ਆਪਣੀਆਂ ਮਹਿਲਾ ਖਿਡਾਰੀਆਂ ਨੂੰ ਭੇਜਣ ਤੋਂ ਇਨਕਾਰ ਕਰ ਦਿੱਤਾ ਸੀ ਜਿਸ ਤੋਂ ਬਾਅਦ ਦੋਵਾਂ ਬੋਰਡ ਵਿਚ ਵਿਵਾਦ ਪੈਦਾ ਹੋ ਗਿਆ ਸੀ। ਦੋਵੇਂ ਬੋਰਡ ਨੇ ਹਾਲਾਂਕਿ ਵਿਵਾਦਾਂ ਨੂੰ ਸੁਲਝਾ ਲਿਆ ਅਤੇ ਕ੍ਰਿਕਟ ਆਸਟਰੇਲੀਆ ਨੇ ਮੰਗਲਵਾਰ ਨੂੰ ਆਗਾਮੀ ਸੈਸ਼ਨ ਲਈ ਆਪਣੇ ਪ੍ਰੋਗਰਾਮ ਦਾ ਐਲਾਨ ਕਰ ਦਿੱਤਾ ਹੈ ਜਿਸ ਵਿਚ ਭਾਰਤ ਦੌਰਾ ਵੀ ਸ਼ਾਮਲ ਹੈ।
ਕ੍ਰਿਕਟ ਆਸਟਰੇਲੀਆ ਨੇ 2019-20 ਦੇ ਪ੍ਰੋਗਰਾਮ ਦਾ ਐਲਾਨ ਕਰਦਿਆਂ ਕਿਹਾ, ''ਕ੍ਰਿਕਟ ਆਸਟਰੇਲੀਆ 3 ਵਨ ਡੇ ਮੈਚਾਂ ਲਈ ਭਾਰਤ ਦਾ ਦੌਰਾ ਕਰਨ ਦੀ ਆਪਣੇ ਵਚਨਬੱਧਤਾ ਨੂੰ ਪੂਰਾ ਕਰੇਗਾ। ਇਸ ਦੇ ਕਾਰਨ ਹਾਲਾਂਕਿ ਚੈਪਲ-ਹੈਡਲੀ ਸੀਰੀਜ਼ ਨੂੰ ਪੋਸਟਪੋਨ ਕਰਨਾ ਪਿਆ ਹੈ।'' ਇਹ ਪਹਿਲਾਂ ਤੋਂ ਹੀ ਤੈਅ ਸੀ ਕਿ ਅਗਲੇ ਸਾਲ ਆਸਟਰੇਲੀਆਈ ਟੀਮ 10 ਦਿਨਾ ਦੇ ਦੌਰੇ ਲਈ ਭਾਰਤ ਆਏਗੀ ਜਦਕਿ ਦੋਵਾਂ ਟੀਮਾਂ ਵਿਚਾਲੇ ਵਨ ਡੇ ਸੀਰੀਜ਼ ਮਾਰਚ ਵਿਚ ਖੇਡੀ ਜਾਣੀ ਹੈ। ਕ੍ਰਿਕਟ ਆਸਟਰੇਲੀਆ ਦੇ ਮੁਖੀ ਪੀਟਰ ਰੋਚ ਨੇ ਕਿਹਾ, ''ਅਸੀਂ ਜਨਵਰੀ ਵਿਚ ਨਿਊਜ਼ੀਲੈਂਡ ਖਿਲਾਫ ਵਨ ਡੇ ਸੀਰੀਜ਼ ਖੇਡਣਾ ਚਾਹੁੰਦੇ ਸੀ ਪਰ ਕਈ ਵਾਰ ਤੁਹਾਨੂੰ ਅੰਤਰਰਾਸ਼ਟਰੀ ਕ੍ਰਿਕਟ ਦੇ ਪ੍ਰੋਗਰਾਮ ਦੀ ਵਚਨਬੱਧਤਾ ਨੂੰ ਸਨਮਾਨ ਕਰਨਾ ਪੈਂਦਾ ਹੈ।''