ਆਸਟਰੇਲੀਆ ਦੌਰੇ ਦੌਰਾਨ ਆਖ਼ਰੀ 2 ਟੈਸਟ ਮੈਚਾਂ ਤੋਂ ਨਾਮ ਵਾਪਸ ਲੈ ਦੇ ਸਕਦੇ ਹਨ ਵਿਰਾਟ ਕੋਹਲੀ, ਜਾਣੋ ਕਾਰਨ
Sunday, Nov 08, 2020 - 12:07 PM (IST)
ਨਵੀਂ ਦਿੱਲੀ (ਭਾਸ਼ਾ) : ਭਾਰਤੀ ਕਪਤਾਨ ਵਿਰਾਟ ਕੋਹਲੀ ਆਸਟਰੇਲੀਆ ਖ਼ਿਲਾਫ਼ 4 ਮੈਚਾਂ ਦੀ ਸੀਰੀਜ਼ ਦੇ ਆਖ਼ਰੀ 2 ਟੈਸਟ ਮੈਚ ਲਈ ਟੀਮ ਤੋਂ ਹੱਟ ਸਕਦੇ ਹਨ, ਕਿਉਂਕਿ ਜਨਵਰੀ ਵਿਚ ਉਹ ਪਿਤਾ ਬਨਣ ਵਾਲੇ ਹਨ। ਕੋਹਲੀ ਦੇ ਟੀਮ ਤੋਂ ਹੱਟਣ ਨਾਲ ਲੋਕੇਸ਼ ਰਾਹੁਲ ਨੂੰ ਭਾਰਤੀ ਟੀਮ ਵਿਚ ਮੱਧਕਰਮ ਵਿਚ ਜਗ੍ਹਾ ਮਿਲ ਸਕਦੀ ਹੈ।
ਕੋਹਲੀ ਦੀ ਪਤਨੀ ਅਦਾਕਾਰਾ ਅਨੁਸ਼ਕਾ ਸ਼ਰਮਾ ਜਨਵਰੀ ਵਿਚ ਮਾਂ ਬਨਣ ਵਾਲੀ ਹੈ। ਕੋਹਲੀ ਦੀ ਯੋਜਨਾ 'ਤੇ ਹਾਲਾਂਕਿ ਅਧਿਕਾਰਤ ਤੌਰ 'ਤੇ ਅਜੇ ਕੁੱਝ ਵੀ ਨਹੀਂ ਕਿਹਾ ਗਿਆ ਹੈ ਪਰ ਭਾਰਤੀ ਕ੍ਰਿਕਟ ਬੋਰਡ (ਬੀ.ਸੀ.ਸੀ.ਆਈ.) ਦੇ ਇਕ ਸੂਤਰ ਨੇ ਦੱਸਿਆ ਕਿ ਉਮੀਦ ਕੀਤੀ ਜਾ ਰਹੀ ਕਿ ਕੋਹਲੀ 17 ਦਸੰਬਰ ਤੋਂ ਸ਼ੁਰੂ ਹੋਣ ਵਾਲੀ ਲੜੀ ਦੇ ਪਹਿਲੇ 2 ਟੈਸਟ ਦੇ ਬਾਅਦ ਪੈਟਰਨਟੀ ਛੁੱਟੀ ਲੈ ਸਕਦੇ ਹਨ। ਇਕ ਸੀਨੀਅਰ ਅਧਿਕਾਰੀ ਨੇ ਗੁਪਤਤਾ ਦੀ ਸ਼ਰਤ 'ਤੇ ਕਿਹਾ, 'ਬੀ.ਸੀ.ਸੀ.ਆਈ. ਨੇ ਹਮੇਸ਼ਾ ਮੰਨਿਆ ਹੈ ਕਿ ਪਰਿਵਾਰ ਇਕ ਤਰਜੀਹ ਹੈ। ਇਸ ਮਾਮਲੇ ਵਿਚ ਜੇਕਰ ਕਪਤਾਨ ਪੈਟਰਨਟੀ ਛੁੱਟੀ ਲੈਣ ਦਾ ਫ਼ੈਸਲਾ ਕਰਦੇ ਹਨ ਤਾਂ ਉਹ ਪਹਿਲੇ 2 ਟੈਸਟ ਮੈਚਾਂ ਲਈ ਉਪਲੱਬਧ ਹੋਣਗੇ।'
ਇਹ ਵੀ ਪੜ੍ਹੋ: IPL ਕੁਆਲੀਫਾਇਰ-2 : ਦਿੱਲੀ ਅਤੇ ਹੈਦਰਾਬਾਦ ਵਿਚਾਲੇ ਹੋਵੇਗੀ ਫਾਈਨਲ ਦੀ ਟਿਕਟ ਲਈ ਟੱਕਰ
4 ਟੈਸਟ ਮੈਚਾਂ ਦੀ ਇਸ ਲੜੀ ਦੇ ਮੈਚ ਐਡੀਲੇਡ (ਦਿਨ-ਰਾਤ, 17 ਤੋਂ 21 ਦਸੰਬਰ), ਮੈਲਬੌਰਨ (26 ਤੋਂ 30 ਦਸੰਬਰ), ਸਿਡਨੀ (7 ਤੋਂ 11 ਜਨਵਰੀ 2021) ਅਤੇ ਬ੍ਰਿਸਬੇਨ (15 ਤੋਂ 19 ਜਨਵਰੀ) ਵਿਚਾਲੇ ਆਯੋਜਿਤ ਕੀਤੇ ਜਾਣਗੇ। ਬੀ.ਸੀ.ਸੀ.ਆਈ. ਨੇ ਪਿਛਲੇ ਕਈ ਸਾਲਾਂ ਤੋਂ ਕ੍ਰਿਕਟਰਾਂ ਨੂੰ ਪੈਟਰਨਟੀ ਛੁੱਟੀ ਲੈਣ ਲਈ ਉਤਸ਼ਾਹਿਤ ਕੀਤਾ ਹੈ ਅਤੇ ਭਾਰਤ ਦੇ ਕਪਤਾਨ ਅਤੇ ਸਭ ਤੋਂ ਉੱਤਮ ਬੱਲੇਬਾਜ਼ ਲਈ ਵੀ ਇਹ ਵੱਖ ਨਹੀਂ ਹੋਵੇਗਾ।
ਸੂਤਰ ਨੇ ਕਿਹਾ ਸਾਧਾਰਨ ਸਥਿਤੀ ਵਿਚ ਉਹ ਬੱਚੇ ਦੇ ਜਨਮ ਦੇ ਬਾਅਦ ਵਾਪਸ ਆ ਸਕਦੇ ਸਨ, ਅਜਿਹੇ ਵਿਚ ਉਹ ਇਕ ਟੈਸਟ ਲਈ ਟੀਮ ਤੋਂ ਬਾਹਰ ਹੁੰਦੇ। ਕੋਵਿਡ-19 ਕਾਰਨ 14 ਦਿਨਾਂ ਦੇ ਇਕਾਂਤਵਾਸ ਦੌਰਾਨ ਹਾਲਾਂਕਿ ਫਿਰ ਤੋਂ ਟੀਮ ਵਿਚ ਵਾਪਸੀ ਕਰਣਾ ਮੁਸ਼ਕਲ ਹੋਵੇਗਾ। ਅਜਿਹੀ ਸਥਿਤੀ ਵਿਚ ਲੋਕੇਸ਼ ਰਾਹੁਲ ਨੂੰ ਮੱਧਕਰਮ ਵਿਚ ਮੌਕਾ ਮਿਲ ਸਕਦਾ ਹੈ। ਸੰਭਾਵਨਾ ਹੈ ਕਿ ਰੋਹਿਤ ਸ਼ਰਮਾ ਟੈਸਟ ਲੜੀ ਤੋਂ ਪਹਿਲਾਂ ਪੂਰੀ ਤਰ੍ਹਾਂ ਨਾਲ ਫਿੱਟ ਹੋ ਜਾਣ। ਟੀਮ ਵਿਚ ਸਲਾਮੀ ਬੱਲੇਬਾਜ਼ ਦੇ ਤੌਰ 'ਤੇ ਮਯੰਕ ਅੱਗਰਵਾਲ ਅਤੇ ਪ੍ਰਿਥਵੀ ਸਾਵ ਮੌਜੂਦ ਹਨ, ਅਜਿਹੇ ਵਿਚ ਟੀਮ ਨੂੰ ਕੋਹਲੀ ਦੀ ਕਮੀ ਮੱਧਕਰਮ ਵਿਚ ਖਲੇਗੀ। ਬੀ.ਸੀ.ਸੀ.ਆਈ. ਭਾਰਤੀ ਟੀਮ ਨਾਲ 11 ਨਵੰਬਰ ਨੂੰ ਰੋਹਿਤ ਨੂੰ ਵੀ ਆਸਟਰੇਲੀਆ ਦੌਰੇ 'ਤੇ ਭੇਜ ਸਕਦੀ ਹੈ। ਮੁੰਬਈ ਇੰਡੀਅਨਜ਼ ਲਈ ਮੈਦਾਨ 'ਤੇ ਉੱਤਰਨ ਦੇ ਬਾਅਦ ਰੋਹਿਤ ਦੀ ਫਿਟਨੈਸ ਨੂੰ ਲੈ ਕੇ ਬੀ.ਸੀ.ਸੀ.ਆਈ. ਦੀ ਉਮੀਦ ਵੱਧ ਗਈ ਹੈ। ਸੀਮਤ ਓਵਰਾਂ ਵਿਚ ਭਾਰਤ ਦਾ ਇਹ ਉਪ-ਕਪਤਾਨ ਟੀਮ ਦੇ ਬਾਕੀ ਮੈਬਰਾਂ ਨਾਲ 11 ਨਵੰਬਰ ਨੂੰ ਆਸਟਰੇਲੀਆ ਲਈ ਚਾਰਟਰਡ ਫਲਾਈਟ ਵਿਚ ਸਵਾਰ ਹੋ ਸਕਦਾ ਹੈ।
ਇਹ ਵੀ ਪੜ੍ਹੋ: ਕਾਮਾਖਿਆ ਮੰਦਰ 'ਚ ਲੱਗੇਗਾ ਸੋਨੇ ਦਾ ਗੁੰਬਦ, ਮੁਕੇਸ਼ ਅੰਬਾਨੀ ਨੇ 20 ਕਿਲੋ ਸੋਨਾ ਕੀਤਾ ਦਾਨ
ਸੂਤਰ ਨੇ ਅੱਗੇ ਕਿਹਾ, 'ਇਸ ਸੰਬੰਧ ਵਿਚ ਜਲਦ ਹੀ ਫ਼ੈਸਲਾ ਲਿਆ ਜਾਵੇਗਾ। ਇਹ ਠੀਕ ਹੋਵੇਗਾ ਕਿ ਰੋਹਿਤ ਟੀਮ ਨਾਲ ਰਹਿਣ ਅਤੇ ਫਿਜੀਓ ਨਿਤਿਨ ਪਟੇਲ ਅਤੇ ਟਰੇਨਰ ਨਿਕ ਵੇਬ ਦੀ ਦੇਖ-ਰੇਖ ਵਿਚ ਆਪਣੀ ਸਟਰੈਂਥ ਅਤੇ ਕੰਡੀਸ਼ਨਿੰਗ 'ਤੇ ਕੰਮ ਕਰਨ। ਜੇਕਰ ਜ਼ਰੂਰਤ ਹੋਈ ਤਾਂ ਰੋਹਿਤ ਨੂੰ 27 ਨਵੰਬਰ ਤੋਂ ਸ਼ੁਰੂ ਹੋਣ ਵਾਲੀ ਵਨਡੇ ਸੀਰੀਜ਼ ਲਈ ਟੀਮ ਤੋਂ ਬਾਹਰ ਰੱਖਿਆ ਜਾ ਸਕਦਾ ਹੈ ਅਤੇ ਉਹ ਟੀ20 ਅੰਤਰਰਾਸ਼ਟਰੀ ਲੜੀ ਤੋਂ ਵਾਪਸੀ ਕਰ ਸਕਦੇ ਹਨ। ਉਹ ਟੈਸਟ ਲੜੀ ਤੱਕ ਪੂਰੀ ਫਿਟਨੈਸ ਹਾਸਲ ਕਰ ਸਕਦੇ ਹਨ।