ਆਸਟਰੇਲੀਆ ਦੇ ਸਾਹਮਣੇ ਡੱਚ ਚੁਣੌਤੀ, ਬੈਲਜੀਅਮ ਦਾ ਸਾਹਮਣਾ ਇੰਗਲੈਂਡ ਨਾਲ
Friday, Dec 14, 2018 - 09:39 PM (IST)

ਭੁਵਨੇਸ਼ਵਰ- ਖਿਤਾਬਾਂ ਦੀ ਹੈਟ੍ਰਿਕ ਲਾਉਣ ਤੋਂ 2 ਜਿੱਤਾਂ ਦੂਰ ਖੜ੍ਹੀ ਆਸਟਰੇਲੀਆਈ ਟੀਮ ਹਾਕੀ ਵਿਸ਼ਵ ਕੱਪ-2018 ਦੇ ਸੈਮੀਫਾਈਨਲ 'ਚ ਨੀਦਰਲੈਂਡ (ਡੱਚ) ਦੀ ਹਮਲਾਵਰ ਚੁਣੌਤੀ ਦਾ ਸਾਹਮਣਾ ਕਰੇਗੀ, ਜਦਕਿ ਪਹਿਲੀ ਵਾਰ ਅੰਤਿਮ-4 'ਚ ਪਹੁੰਚੀ ਬੈਲਜੀਅਮ ਦਾ ਸਾਹਮਣਾ ਇੰਗਲੈਂਡ ਨਾਲ ਹੋਵੇਗਾ।
ਪਿਛਲੀ 2 ਵਾਰ ਦੀ ਚੈਂਪੀਅਨ ਆਸਟਰੇਲੀਆ ਨੇ ਲੀਗ ਪੜਾਅ 'ਚ ਚੋਟੀ 'ਤੇ ਰਹਿਣ ਤੋਂ ਬਾਅਦ ਕੁਆਰਟਰ ਫਾਈਨਲ 'ਚ ਫਰਾਂਸ ਨੂੰ 3 ਗੋਲਾਂ ਨਾਲ ਹਰਾਇਆ, ਜਦਕਿ ਨੀਦਰਲੈਂਡ ਨੇ ਮੇਜ਼ਬਾਨ ਭਾਰਤ ਦਾ 43 ਸਾਲਾਂ ਬਾਅਦ ਖਿਤਾਬ ਜਿੱਤਣ ਦਾ ਸੁਪਨਾ ਤੋੜ ਕੇ ਸੈਮੀਫਾਈਨਲ 'ਚ ਪ੍ਰਵੇਸ਼ ਕੀਤਾ। ਖਿਤਾਬ ਦੀ ਮਜ਼ਬੂਤ ਦਾਅਵੇਦਾਰ 3 ਵਾਰ ਦੀ ਚੈਂਪੀਅਨ ਆਸਟਰੇਲੀਆਈ ਟੀਮ ਸਾਹਮਣੇ ਇਸ ਟੂਰਨਾਮੈਂਟ 'ਚ ਇਹ ਪਹਿਲੀ ਸਖਤ ਚੁਣੌਤੀ ਹੋਵੇਗੀ।
ਦੂਜੇ ਸੈਮੀਫਾਈਨਲ 'ਚ 1986 ਦੀ ਉਪ ਜੇਤੂ ਇੰਗਲੈਂਡ ਟੀਮ ਦਾ ਸਾਹਮਣਾ ਦੁਨੀਆ ਦੀ ਤੀਜੇ ਨੰਬਰ ਦੀ ਟੀਮ ਜਰਮਨੀ ਨਾਲ ਹੋਵੇਗਾ । ਇੰਗਲੈਂਡ ਪਿਛਲੀ 2 ਵਾਰ ਚੌਥੇ ਸਥਾਨ 'ਤੇ ਰਹੀ ਅਤੇ ਇਸ ਵਾਰ ਉਸ ਕੋਲ ਸਭ ਤੋਂ ਵਧੀਆ ਪ੍ਰਦਰਸ਼ਨ ਦਾ ਮੌਕਾ ਹੈ। ਇੰਗਲੈਂਡ ਦੀ ਟੀਮ ਓਲੰਪਿਕ ਚੈਂਪੀਅਨ ਤੇ ਦੁਨੀਆ ਦੀ ਦੂਜੇ ਨੰਬਰ ਦੀ ਟੀਮ ਅਰਜਨਟੀਨਾ ਨੂੰ 3-2 ਨਾਲ ਹਰਾ ਕੇ ਅੰਤਿਮ-4 'ਚ ਪਹੁੰਚੀ ਹੈ। ਵਿਸ਼ਵ ਰੈਂਕਿੰਗ 'ਚ ਤੀਜੇ ਸਥਾਨ 'ਤੇ ਕਾਬਜ਼ ਬੈਲਜੀਅਮ ਨੇ ਪਿਛਲੇ ਕੁਝ ਸਾਲਾਂ 'ਚ ਵਿਸ਼ਵ ਹਾਕੀ 'ਚ ਆਪਣਾ ਕੱਦ ਤੇਜ਼ੀ ਨਾਲ ਵਧਾਇਆ ਹੈ ਪਰ ਕੋਈ ਵੱਡਾ ਖਿਤਾਬ ਨਹੀਂ ਜਿੱਤ ਸਕੀ ਹੈ। ਉਸ ਕੋਲ ਇਹ ਚਾਹ ਪੂਰੀ ਕਰਨ ਦਾ ਸੁਨਹਿਰੀ ਮੌਕਾ ਹੈ।