ਤਨਖਾਹ ਵਿਵਾਦ ਦੇ ਚਲਦੇ ਰੱਦ ਹੋਇਆ ਆਸਟਰੇਲੀਆ ਏ ਟੀਮ ਦਾ ਦੌਰਾ

Thursday, Jul 06, 2017 - 03:22 PM (IST)

ਤਨਖਾਹ ਵਿਵਾਦ ਦੇ ਚਲਦੇ ਰੱਦ ਹੋਇਆ ਆਸਟਰੇਲੀਆ ਏ ਟੀਮ ਦਾ ਦੌਰਾ

ਸਿਡਨੀ— ਆਸਟਰੇਲੀਆਈ ਖਿਡਾਰੀਆਂ ਨੇ ਪਿਛਲੇ ਕਈ ਦਿਨਾਂ ਤੋਂ ਬੋਰਡ ਦੇ ਨਾਲ ਚਲ ਰਹੇ ਤਨਖਾਹ ਵਿਵਾਦ ਦੇ ਮੱਦੇਨਜ਼ਰ ਦੱਖਣੀ ਅਫਰੀਕਾ ਦਾ ਆਪਣਾ ਅਗਲਾ 'ਏ' ਦੌਰਾ ਰੱਦ ਕਰ ਦਿੱਤਾ ਹੈ। ਖਿਡਾਰੀਆਂ ਨੇ ਇਹ ਫੈਸਲਾ ਕੀਤਾ ਹੈ ਕਿ ਜਦੋਂ ਤੱਕ ਕ੍ਰਿਕਟ ਆਸਟਰੇਲੀਆ (ਸੀ.ਏ.) ਦੇ ਨਾਲ ਉਨ੍ਹਾਂ ਦੇ ਨਵੇਂ ਕਰਾਰ 'ਤੇ ਕੋਈ ਫੈਸਲਾ ਨਹੀਂ ਹੋ ਜਾਂਦਾ ਹੈ ਉਹ ਸੀਰੀਜ਼ ਲਈ ਯਾਤਰਾ ਨਹੀਂ ਕਰਨਗੇ। ਸੀ.ਏ. ਅਤੇ ਆਸਟਰੇਲੀਆਈ ਕ੍ਰਿਕਟ ਸੰਘ (ਏ.ਸੀ.ਏ.) ਵਿਚਾਲੇ ਕਰਾਰ ਉੱਤੇ ਕਿਸੇ ਸਹਿਮਤੀ ਦੀ ਸਮਾਂ ਹੱਦ ਪਿਛਲੇ ਮਹੀਨੇ ਖਤਮ ਹੋ ਚੁੱਕੀ ਹੈ ਅਤੇ ਫਿਲਹਾਲ ਕਰੀਬ 230 ਆਸਟਰੇਲੀਆਈ ਕ੍ਰਿਕਟਰਾਂ ਕੋਲ ਕਰਾਰ ਨਹੀਂ ਹੈ ਜਿਸ ਨਾਲ ਉਨ੍ਹਾਂ ਦੇ ਭਵਿੱਖ ਨੂੰ ਲੈ ਕੇ ਸੰਕਟ ਪੈਦਾ ਹੋ ਗਿਆ ਹੈ। 

ਏ.ਸੀ.ਏ. ਨੇ ਸਿਡਨੀ ਵਿਚ ਪਿਛਲੇ ਹਫਤੇ ਹੀ ਐਮਰਜੈਂਸੀ ਬੈਠਕਾਂ ਬੁਲਾਈਆ ਸਨ ਅਤੇ ਆਸਟਰੇਲੀਆ ਏ ਦੇ ਖਿਡਾਰੀਆਂ ਦੇ ਦੱਖਣੀ ਅਫਰੀਕੀ ਦੌਰੇ ਦਾ ਬਾਈਕਾਟ ਕਰਨ ਦਾ ਫੈਸਲਾ ਕੀਤਾ ਹੈ। ਖਿਡਾਰੀਆਂ ਨੇ ਬੋਰਡ ਨਾਲ ਨਵੇਂ ਐੱਮ.ਓ.ਯੂ. 'ਤੇ ਦਸਤਖਤ ਨਹੀਂ ਹੋਣ ਤੱਕ ਦੌਰੇ ਉੱਤੇ ਨਹੀਂ ਜਾਣ ਦਾ ਫੈਸਲਾ ਕੀਤਾ ਹੈ। ਖਿਡਾਰੀਆਂ ਦੇ ਅਦਾਰੇ ਨੇ ਇਕ ਬਿਆਨ ਵਿਚ ਕਿਹਾ ਕਿ ਸਾਨੂੰ ਇਸ ਗੱਲ ਦੀ ਨਾਰਾਜ਼ਗੀ ਹੈ ਕਿ ਮੌਜੂਦਾ ਤਨਖਾਹ ਭੁਗਤਾਨ ਅਜੇ ਤੱਕ ਨਹੀਂ ਸੁਲਝ ਸਕਿਆ ਹੈ। ਅਜਿਹੇ ਵਿਚ ਆਸਟਰੇਲੀਆ ਏ ਖਿਡਾਰੀਆਂ ਨੇ ਦੱਖਣੀ ਅਫਰੀਕਾ ਨਹੀਂ ਜਾਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਫੈਸਲੇ ਨਾਲ ਆਸਟਰੇਲੀਆ ਏ ਖਿਡਾਰੀਆਂ ਨੇ ਆਪਣੀਆਂ ਇੱਛਾਵਾਂ ਦਾ ਬਲੀਦਾਨ ਕਰਦੇ ਹੋਏ ਸਾਰਿਆਂ ਦੇ ਹੱਕ ਵਿਚ ਫੈਸਲਾ ਕੀਤਾ ਹੈ ਅਤੇ ਆਪਣੇ ਏਕੇ ਨੂੰ ਦਿਖਾਇਆ ਹੈ। ਸਾਰੇ ਖਿਡਾਰੀ ਸੀ.ਏ ਦੇ ਰਵੱਈਏ ਤੋਂ ਨਾਰਾਜ਼ ਹਨ।


Related News