AUS v IND : ਆਸਟਰੇਲੀਆ ਵਿਰੁੱਧ 100ਵਾਂ ਟੈਸਟ ਖੇਡੇਗਾ ਭਾਰਤ
Wednesday, Dec 23, 2020 - 09:28 PM (IST)
ਨਵੀਂ ਦਿੱਲੀ- ਭਾਰਤੀ ਕ੍ਰਿਕਟ ਟੀਮ ਮੈਲਬੋਰਨ ’ਚ 26 ਦਸੰਬਰ ਨੂੰ ਮੇਜ਼ਬਾਨ ਆਸਟਰੇਲੀਆ ਵਿਰੁੱਧ ਜਦੋਂ ਬਾਕਸਿੰਗ ਡੇ ਟੈਸਟ ’ਚ ਖੇਡਣ ਉਤਰੇਗੀ ਤਾਂ ਆਸਟਰੇਲੀਆ ਵਿਰੁੱਧ ਇਹ ਉਸਦਾ 100ਵਾਂ ਟੈਸਟ ਹੋਵੇਗਾ। ਭਾਰਤ ਤੇ ਆਸਟਰੇਲੀਆ ਵਿਚਾਲੇ ਟੈਸਟ ਸਬੰਧਾਂ ਦੀ ਸ਼ੁਰੂਆਤ 1947 ’ਚ ਹੋਈ ਸੀ। ਦੋਵਾਂ ਦੇਸ਼ਾਂ ਦੇ ਵਿਚਾਲੇ ਹੁਣ ਤਕ ਖੇਡੇ ਗਏ 99 ਟੈਸਟਾਂ ’ਚ ਭਾਰਤ ਨੇ 28 ਜਿੱਤੇ ਹਨ, 43 ਟੈਸਟ ਹਾਰੇ ਹਨ, ਇਕ ਟਾਈ ਰਿਹਾ ਤੇ 27 ਡਰਾਅ ਰਹੇ ਹਨ। ਭਾਰਤ ਦੇ ਟੈਸਟ ਇਤਿਹਾਸ ’ਚ ਆਸਟਰੇਲੀਆ ਦੂਜਾ ਦੇਸ਼ ਬਣੇਗਾ, ਜਿਸਦੇ ਵਿਰੁੱਧ ਉਹ 100 ਟੈਸਟ ਮੈਚ ਪੂਰੇ ਕਰੇਗਾ। ਭਾਰਤ ਨੇ ਇੰਗਲੈਂਡ ਵਿਰੁੱਧ 122 ਟੈਸਟ ਖੇਡੇ ਹਨ। ਭਾਰਤ ਨੇ ਇਸ ਤੋਂ ਇਲਾਵਾ ਵੈਸਟਇੰਡੀਜ਼ ਵਿਰੁੱਧ 98, ਪਾਕਿਸਤਾਨ ਵਿਰੁੱਧ 59, ਨਿਊਜ਼ੀਲੈਂਡ ਦੇ ਵਿਰੁੱਧ 59, ਸ਼੍ਰੀਲੰਕਾ ਵਿਰੁੱਧ 44, ਦੱਖਣੀ ਅਫਰੀਕਾ ਵਿਰੁੱਧ 39, ਬੰਗਲਾਦੇਸ਼ ਵਿਰੁੱਧ 11, ਜ਼ਿੰਬਾਬਵੇ ਵਿਰੁੱਧ 11 ਤੇ ਅਫਗਾਨਿਸਤਾਨ ਵਿਰੁੱਧ 1 ਟੈਸਟ ਖੇਡਿਆ ਹੈ।
ਭਾਰਤ ਦਾ ਟੈਸਟ ਕ੍ਰਿਕਟ ਦਾ ਸਫਰ 1932 ’ਚ ਸ਼ੁਰੂ ਹੋਇਆ ਸੀ। ਭਾਰਤ ਨੇ ਹੁਣ ਤੱਕ ਕੁਲ 543 ਟੈਸਟ ਖੇਡੇ ਹਨ, ਜਿਸ ’ਚ ਉਸ ਨੇ 157 ਜਿੱਤੇ ਹਨ, 168 ਹਾਰੇ ਹਨ, ਇਕ ਟਾਈ ਰਿਹਾ ਹੈ ਤੇ 217 ਡਰਾਅ ਰਹੇ ਹਨ। ਭਾਰਤ ਦਾ ਆਸਟਰੇਲੀਆ ਵਿਰੁੱਧ 100ਵੇਂ ਟੈਸਟ ’ਚ ਭਾਰਤੀ ਟੀਮ ਦੀ ਕਪਤਾਨੀ ਕਰਨ ਦਾ ਸਿਹਰਾ ਬੱਲੇਬਾਜ਼ ਅਜਿੰਕਯ ਰਹਾਣੇ ਨੂੰ ਜਾਵੇਗਾ।
ਰਹਾਣੇ ਤੀਜੀ ਵਾਰ ਭਾਰਤ ਦੀ ਕਪਤਾਨੀ ਸੰਭਾਲਣਗੇ। ਰਹਾਣੇ ਨੇ ਇਸ ਤੋਂ ਪਹਿਲਾਂ 2 ਟੈਸਟਾਂ ’ਚ ਭਾਰਤ ਦੀ ਕਪਤਾਨੀ ਸੰਭਾਲੀ ਸੀ ਤੇ ਦੋਵੇਂ ਹੀ ਮੈਚ ਜਿੱਤੇ ਸਨ। ਦੂਜੇ ਪਾਸੇ ਆਸਟਰੇਲੀਆ ਦੇ ਟੈਸਟ ਇਤਿਹਾਸ ’ਚ ਭਾਰਤ ਤੀਜਾ ਦੇਸ਼ ਹੋਵੇਗ, ਜਿਸ ਦੇ ਵਿਰੁੱਧ ਉਹ 100 ਟੈਸਟ ਪੂਰੇ ਕਰੇਗਾ। ਆਸਟਰੇਲੀਆ ਨੇ ਇੰਗਲੈਂਡ ਵਿਰੁੱਧ 351 ਤੇ ਵੈਸਟਇੰਡੀਜ਼ ਵਿਰੁੱਧ 116 ਟੈਸਟ ਖੇਡੇ ਹਨ। ਓਵਰਆਲ ਆਸਟਰੇਲੀਆ ਨੇ 1877 ’ਤੋਂ ਹੁਣ ਤੱਕ 831 ਟੈਸਟ ਖੇਡੇ ਹਨ, 394 ਜਿੱਤੇ ਹਨ, 224 ਹਾਰੇ ਹਨ, 2 ਟਾਈ ਖੇਡੇ ਹਨ ਤੇ 211 ਟੈਸਟ ਡਰਾਅ ਰਹੇ ਹਨ।
ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।