ਲੰਬੇ ਸਮੇਂ ਤਕ ਬਾਇਓ-ਬਬਲ ’ਚ ਰਹਿਣ ਨਾਲ ਹੋ ਸਕਦੀ ਹੈ ਮਾਨਸਿਕ ਬੀਮਾਰੀ : ਅਪਟਨ

Saturday, Jan 30, 2021 - 10:32 AM (IST)

ਲੰਬੇ ਸਮੇਂ ਤਕ ਬਾਇਓ-ਬਬਲ ’ਚ ਰਹਿਣ ਨਾਲ ਹੋ ਸਕਦੀ ਹੈ ਮਾਨਸਿਕ ਬੀਮਾਰੀ : ਅਪਟਨ

ਨਵੀਂ ਦਿੱਲੀ(ਭਾਸ਼ਾ)– ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਮਾਨਸਿਕ ਸਥਿਤੀ ਦੇ ਕੋਚ ਪੈਡੀ ਅਪਟਨ ਨੇ ਬੀ. ਸੀ. ਸੀ. ਆਈ. ਸਮੇਤ ਵਿਸ਼ਵ ਦੇ ਕ੍ਰਿਕਟ ਸੰਘਾਂ ਤੋਂ ਵਿਸਥਾਰਪੂਰਵਕ ਅਧਿਐਨ ਕਰਕੇ ਲੰਬੇ ਸਮੇਂ ਤਕ ਜੈਵ ਸੁਰੱਖਿਅਤ ਮਾਹੌਲ (ਬਾਇਓ-ਬਬਲ) ਵਿਚ ਰਹਿਣ ਦੇ ਕਾਰਣ ਖਿਡਾਰੀਆਂ ਨੂੰ ਮਾਨਸਿਕ ਬੀਮਾਰੀਆਂ ਤੋਂ ਬਚਾਉਣ ਦੀ ਅਪੀਲ ਕੀਤੀ।

ਕੋਵਿਡ-19 ਮਹਾਮਾਰੀ ਦੇ ਬਾਵਜੂਦ ਖੇਡ ਪ੍ਰਤੀਯੋਗਿਤਾਵਾਂ ਸ਼ੁਰੂ ਹੋਣ ਤੋਂ ਬਾਅਦ ਤੋਂ ਹੀ ਕੌਮਾਂਤਰੀ ਖਿਡਾਰੀਆਂ ਨੂੰ ਜੈਵ ਸੁਰੱਖਿਅਤ ਮਾਹੌਲ ਵਿਚ ਰਹਿਣਾ ਪੈ ਰਿਹਾ ਹੈ ਤੇ ਕਈ ਕ੍ਰਿਕਟਰ, ਫੁੱਟਬਾਲਰ ਤੇ ਟੈਨਿਸ ਖਿਡਾਰੀ ਮਾਨਸਿਕ ਸਿਹਤ ਦੀ ਗੱਲ ਕਰ ਚੁੱਕੇ ਹਨ।

ਅਪਟਨ ਨੇ ਕਿਹਾ ਕਿ ਚੋਟੀ ਦੇ ਖੇਡ ਸੰਘ ਇਸ ਮਾਮਲੇ ਨਾਲ ਨਜਿੱਠਣ ਲਈ ਲੋੜੀਂਦੀ ਕੋਸ਼ਿਸ਼ ਨਹੀਂ ਕਰ ਰਹੇ ਹਨ। ਉਸ ਨੇ ਕਿਹਾ,‘‘ਸਾਰੇ ਖਿਡਾਰੀਆਂ ਲਈ ਇਹ ਇਕ ਬਰਾਬਰ ਚੁਣੌਤੀ ਹੈ ਤੇ ਕਿਉਂਕਿ ਜਦੋਂ ਤਕ ਅਸੀਂ ਵੱਖ-ਵੱਖ ਖਿਡਾਰੀਆਂ ਤੋਂ ਫੀਡਬੈਕ ਨਹੀਂ ਲੈਂਦੇ ਤਦ ਤਕ ਅਸੀਂ ਇਸ ਤਰ੍ਹਾਂ ਦੀ ਦਵਾਈ ਨੂੰ ਮਨਜ਼ੂਰੀ ਨਹੀਂ ਦੇ ਸਕਦੇ।’’

ਅਪਟਨ ਨੇ ਕਿਹਾ,‘‘ਵਿਸ਼ਵ ਵਿਚ ਕਈ ਬਾਇਓ-ਬਬਲ ਤਿਆਰ ਕੀਤੇ ਹਨ ਪਰ ਮੈਂ ਵੱਡੇ ਪੱਧਰ ’ਤੇ ਅਜਿਹਾ ਕੁਝ ਨਹੀਂ ਦੇਖਿਆ, ਜਿਸ ਵਿਚ ਆਈ. ਸੀ. ਸੀ. (ਕੌਮਾਂਤਰੀ ਕ੍ਰਿਕਟ ਪ੍ਰੀਸ਼ਦ), ਬੈਡਮਿੰਟਨ ਜਾਂ ਫੁੱਟਬਾਲ ਨਾਲ ਜੁੜੇ ਲੋਕਾਂ ਜਾਂ ਬੀ. ਸੀ. ਸੀ.ਆਈ. ਦੇ ਅਹੁਦੇਦਾਰਾਂ ਨੇ ਇਸ ਤੋਂ ਪੈਣ ਵਾਲੇ ਅਸਰਾਂ ਨੂੰ ਸਮਝਣ ਲਈ ਖਿਡਾਰੀਆਂ ਤੋਂ ਪ੍ਰਤੀਕਿਰਿਆ ਲੈ ਕੇ ਵੱਡੇ ਪੱਧਰ ’ਤੇ ਅਧਿਐਨ ਕਰਨ ਦੀ ਗੱਲ ਕੀਤੀ ਹੋਵੇ।’’ 

ਅਪਟਨ ਨੇ ਕਿਹਾ ਕਿ ਇਨ੍ਹਾਂ ਸਮੱਸਿਆਵਾਂ ਵਿਚੋਂ ਕੁਝ ਦਾ ਹੱਲ ਸੰਭਵ ਹੈ ਪਰ ਅਜੇ ਇਸ ਦਿਸ਼ਾ ਵਿਚ ਕਿਸੇ ਤਰ੍ਹਾਂ ਦੀ ਕੋਸ਼ਿਸ਼ ਨਹੀਂ ਕੀਤੀ ਜਾ ਰਹੀ ਹੈ। ਉਸ ਨੇ ਕਿਹਾ ਕਿ ਇਨ੍ਹਾਂ ਵਿਚੋਂ ਕੁਝ ਦਾ ਬਚਾਅ ਸੰਭਵ ਹੈ ਪਰ ਅਸੀਂ ਇਸਦੇ ਬਚਾਅ ਲਈ ਕੁਝ ਨਹੀਂ ਕਰ ਰਹੇ ਹਾਂ, ਇਸ ਲਈ ਸਾਨੂੰ ਤਦ ਤਕ ਇੰਤਜ਼ਾਰ ਕਰਨਾ ਪਵੇਗਾ ਜਦੋਂ ਤਕ ਅਜਿਹੀਆਂ ਸਮੱਸਿਆਵਾਂ ਸਾਹਮਣੇ ਆ ਨਾ ਜਾਣ ਤੇ ਇਹ ਖਿਡਾਰੀਆਂ ਲਈ ਮੰਦਭਾਗਾ ਹੋਵੇਗਾ।’’

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।    


author

cherry

Content Editor

Related News