ਏਸ਼ੀਆਈ ਕੁਸ਼ਤੀ ਚੈਂਪੀਅਨਸ਼ਿਪ : ਨਿਸ਼ਾ ਫਾਈਨਲ ’ਚ, ਨੀਲਮ ਤੇ ਪ੍ਰਿਯਾ ਕਾਂਸੀ ਲਈ ਕਰੇਗੀ ਮੁਕਾਬਲਾ
Wednesday, Apr 12, 2023 - 02:57 PM (IST)
ਅਸਤਾਨਾ (ਕਜ਼ਾਕਿਸਤਾਨ)– ਭਾਰਤੀ ਪਹਿਲਵਾਨ ਨਿਸ਼ਾ ਦਹੀਆ ਨੇ ਏਸ਼ੀਆਈ ਚੈਂਪੀਅਨਸ਼ਿਪ ’ਚ ਯਾਦਗਾਰ ਡੈਬਿਊ ਕਰਦੇ ਹੋਏ ਮੰਗਲਵਾਰ ਨੂੰ ਇੱਥੇ ਨੇੜਲੇ ਮੁਕਾਬਲਿਆਂ ’ਚ ਆਪਣੇ ਵਿਰੋਧੀਆਂ ਨੂੰ ਪਛਾੜ ਕੇ ਫਾਈਨਲ ’ਚ ਜਗ੍ਹਾ ਪੱਕੀ ਕੀਤੀ।ਨਿਸ਼ਾ 68 ਕਿ. ਗ੍ਰਾ. ਬਾਊਟ ਦੇ ਸੈਮੀਫਾਈਨਲ ’ਚ ਚੀਨ ਦੀ ਫੇਂਗ ਝੋਓ ਤੋਂ 3-6 ਨਾਲ ਪਿਛੜ ਰਹੀ ਸੀ ਪਰ ਉਸ ਨੇ ਸ਼ਾਨਦਾਰ ਵਾਪਸੀ ਕਰਕੇ 7-6 ਨਾਲ ਜਿੱਤ ਦਰਜ ਕੀਤੀ।
25 ਸਾਲਾ ਪਹਿਲਵਾਨ ਨੇ ਇਸ ਤੋਂ ਪਹਿਲਾਂ ਮੰਗੋਲੀਆ ਦੀ ਡੇਲਗੇਰਮਾ ਐਨਖਸੈਖਾਨ ਨੂੰ ਕੁਆਰਟਰ ਫਾਈਨਲ ’ਚ ਹਰਾਇਆ। ਉਹ ਸੋਨ ਤਮਗੇ ਦੇ ਮੁਕਾਬਲੇ ’ਚ ਵਿਸ਼ਵ ਚੈਂਪੀਅਨਸ਼ਿਪ ਦੀ ਚਾਂਦੀ ਤਮਗਾ ਜੇਤੂ ਜਾਪਾਨ ਦੀ ਅਮੀ ਇਸ਼ੀ ਨਾਲ ਭਿੜੇਗੀ।ਅੰਡਰ-23 ਏਸ਼ੀਆਈ ਚੈਂਪੀਅਨਸ਼ਿਪ ਦੀ ਚਾਂਦੀ ਤਮਗਾ ਜੇਤੂ ਨੀਲਮ ਤੇ ਪਹਿਲੀ ਵਾਰ ਸੀਨੀਅਰ ਪੱਧਰ ’ਤੇ ਪ੍ਰਤੀਯੋਗਿਤਾ ਕਰ ਰਹੀ 18 ਸਾਲਾ ਪ੍ਰਿਯਾ ਕ੍ਰਮਵਾਰ 50 ਕਿ. ਗ੍ਰਾ. ਤੇ 76 ਕਿ. ਗ੍ਰਾ. ਭਾਰ ਵਰਗ ’ਚ ਕਾਂਸੀ ਤਮਗੇ ਲਈ ਚੁਣੌਤੀ ਪੇਸ਼ ਕਰਨਗੀਆਂ।