ਏਸ਼ੀਅਨ ਜੂਨੀਅਰ ਸਕੁਐਸ਼ : ਭਾਰਤ ਅਤੇ ਪਾਕਿਸਤਾਨ ਹੋਣਗੇ ਆਹਮੋ-ਸਾਹਮਣੇ
Thursday, Feb 09, 2023 - 12:30 PM (IST)

ਚੇਨਈ : ਭਾਰਤੀ ਪੁਰਸ਼ ਅਤੇ ਮਹਿਲਾ ਟੀਮਾਂ ਨੂੰ ਬੁੱਧਵਾਰ ਨੂੰ ਇੱਥੇ ਸ਼ੁਰੂ ਹੋ ਰਹੀ 21ਵੀਂ ਏਸ਼ੀਆਈ ਜੂਨੀਅਰ ਟੀਮ ਸਕੁਐਸ਼ ਚੈਂਪੀਅਨਸ਼ਿਪ (ਅੰਡਰ-19) ਵਿੱਚ ਕ੍ਰਮਵਾਰ ਦੂਜਾ ਅਤੇ ਤੀਜਾ ਦਰਜਾ ਦਿੱਤਾ ਗਿਆ ਹੈ। ਆਯੋਜਕਾਂ ਨੇ ਮੰਗਲਵਾਰ ਨੂੰ ਦੱਸਿਆ ਕਿ ਇਸ ਮੁਕਾਬਲੇ 'ਚ ਏਸ਼ੀਆ ਦੀਆਂ 10 ਟੀਮਾਂ ਹਿੱਸਾ ਲੈਣਗੀਆਂ, ਜਿਨ੍ਹਾਂ 'ਚ ਚੀਨੀ ਤਾਈਪੇ, ਹਾਂਗਕਾਂਗ (ਚੀਨ), ਜਾਪਾਨ, ਕੋਰੀਆ, ਕੁਵੈਤ, ਮਲੇਸ਼ੀਆ, ਪਾਕਿਸਤਾਨ, ਸਿੰਗਾਪੁਰ, ਸ਼੍ਰੀਲੰਕਾ ਅਤੇ ਭਾਰਤ ਸ਼ਾਮਲ ਹਨ।
ਪਾਕਿਸਤਾਨ ਨੂੰ ਪੁਰਸ਼ ਵਰਗ ਵਿੱਚ ਚੋਟੀ ਦਾ ਦਰਜਾ ਦਿੱਤਾ ਗਿਆ ਹੈ ਅਤੇ ਉਸ ਨੂੰ ਦੂਜਾ ਦਰਜਾ ਪ੍ਰਾਪਤ ਭਾਰਤ ਤੋਂ ਸਖ਼ਤ ਚੁਣੌਤੀ ਦਾ ਸਾਹਮਣਾ ਕਰਨਾ ਪਵੇਗਾ। ਭਾਰਤੀ ਟੀਮ ਵਿੱਚ ਕ੍ਰਿਸ਼ਨ ਮਿਸ਼ਰਾ, ਪਾਰਥ ਅੰਬਾਨੀ, ਸ਼ਰਨ ਪੰਜਾਬੀ ਅਤੇ ਸ਼ੌਰਿਆ ਬਾਵਾ ਸ਼ਾਮਲ ਹਨ। ਪਾਕਿਸਤਾਨ ਦੀ ਟੀਮ ਮੰਗਲਵਾਰ ਸ਼ਾਮ ਨੂੰ ਚੇਨਈ ਪਹੁੰਚੀ। ਭਾਰਤ ਨੂੰ ਪੁਰਸ਼ ਵਰਗ ਵਿੱਚ ਮਲੇਸ਼ੀਆ, ਜਾਪਾਨ, ਸਿੰਗਾਪੁਰ ਅਤੇ ਚੀਨੀ ਤਾਈਪੇ ਦੇ ਨਾਲ ਗਰੁੱਪ ਬੀ ਵਿੱਚ ਰੱਖਿਆ ਗਿਆ ਹੈ। ਮਹਿਲਾ ਵਰਗ ਵਿੱਚ ਭਾਰਤ ਨੂੰ ਹਾਂਗਕਾਂਗ ਚੀਨ, ਸਿੰਗਾਪੁਰ ਅਤੇ ਸ੍ਰੀਲੰਕਾ ਦੇ ਨਾਲ ਗਰੁੱਪ ਬੀ ਵਿੱਚ ਰੱਖਿਆ ਗਿਆ ਹੈ।