ਏਸ਼ੀਆਈ ਚੈਂਪੀਅਨਸ਼ਿਪ : ਪੁਰਸ਼ ਡਬਲਜ਼ 'ਚ ਦੋ ਕਾਂਸੀ ਦੇ ਤਮਗ਼ੇ ਨਾਲ ਭਾਰਤ ਦੀ ਮੁਹਿੰਮ ਖ਼ਤਮ
Monday, Oct 04, 2021 - 06:13 PM (IST)
ਨਵੀਂ ਦਿੱਲੀ- ਸ਼ਰਤ ਕਮਲ ਅਤੇ ਜੀ ਸਾਥੀਆਨ ਤੇ ਹਰਮੀਤ ਦੇਸਾਈ ਤੇ ਮਾਨਵ ਠੱਕਰ ਦੀ ਦੋ ਭਾਰਤੀ ਜੋੜੀਆਂ ਨੇ ਸੋਮਵਾਰ ਨੂੰ ਇੱਥੇ 2021 ਆਈ. ਟੀ. ਟੀ. ਐੱਫ. - ਏ. ਟੀ. ਟੀ. ਯੂ. (ਕੌਮਾਂਤਰੀ ਟੇਬਲ ਟੈਨਿਸ ਮਹਾਸੰਘ-ਏਸ਼ੀਆਈ ਟੇਬਲ ਟੈਨਿਸ ਸੰਘ) ਏਸ਼ੀਆਈ ਚੈਂਪੀਅਨਸ਼ਿਪ ਦੇ ਪੁਰਸ਼ ਡਬਲਜ਼ 'ਚ ਕਾਂਸੀ ਤਮਗ਼ੇ ਹਾਸਲ ਕੀਤੇ। ਅੱਠਵਾਂ ਦਰਜਾ ਪ੍ਰਾਪਤ ਹਰਮੀਤ ਤੇ ਮਾਨਵ ਨੂੰ ਪਹਿਲੇ ਸੈਮੀਫ਼ਾਈਨਲ 'ਚ ਦੱਖਣੀ ਕੋਰੀਆ ਦੀ ਪੰਜਵਾਂ ਦਰਜਾ ਪ੍ਰਾਪਤ ਵੂਜਿਨ ਜੰਗ ਤੇ ਜੋਂਗਹੂਨ ਲਿਮ ਤੋਂ 44 ਮਿੰਟ 'ਚ 4-11, 6-11, 12-10, 11-9, 8-11 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।
ਸ਼ਰਤ ਤੇ ਸਾਥੀਆਨ ਦੀ ਛੇਵਾਂ ਦਰਜਾ ਪ੍ਰਾਪਤ ਜੋੜੀ ਨੇ ਯੂਕੀਆ ਉਦਾ ਤੇ ਸ਼ੁਨਸੁਕੇ ਤੋਗਾਮੀ ਦੀ ਜਾਪਾਨ ਦੀ ਜੋੜੀ ਨੂੰ ਸਖ਼ਤ ਟੱਕਰ ਦਿੱਤੀ ਪਰ 33 ਮਿੰਟ ਤਕ ਦੇ ਮੁਕਾਬਲੇ ਨੂੰ 5-11, 9-11, 11-13 ਨਾਲ ਗੁਆ ਬੈਠੇ। ਸੈਮੀਫਾਈਨਲ ਦੇ ਦੋਵੇਂ ਮੁਕਾਬਲਿਆਂ ਨੂੰ ਹਾਰਨ ਦੇ ਬਾਅਦ ਵੀ ਭਾਰਤੀ ਜੋੜੀ ਨੇ ਏਸ਼ੀਆਈ ਚੈਂਪੀਅਨਸ਼ਿਪ 'ਚ ਇਤਿਹਾਸ ਰਚ ਦਿੱਤਾ। ਉਨ੍ਹਾਂ ਨੇ ਪਿਛਲੇ ਹਫ਼ਤੇ ਪਹਿਲੀ ਵਾਰ ਟੀਮ ਮੁਕਾਬਲੇ ਦਾ ਕਾਂਸੀ ਤਮਗ਼ਾ ਜਿੱਤਿਆ ਤੇ ਹੁਣ ਦੋਵੇਂ ਜੋੜੀਆਂ ਨੇ ਡਬਲਜ਼ 'ਚ ਇਕ-ਇਕ ਕਾਂਸੀ ਤਮਗ਼ਾ ਹਾਸਲ ਕੀਤਾ।