Asia Cup : ਭਾਰਤ ਨੇ ਪਾਕਿਸਤਾਨ ਨੂੰ 5 ਵਿਕਟਾਂ ਨਾਲ ਹਰਾਇਆ

Sunday, Aug 28, 2022 - 11:43 PM (IST)

ਸਪੋਰਟਸ ਡੈਸਕ- ਦਬਾਅ ਦੇ ਹਾਲਾਤ ਵਿਚ ਹਾਰਦਿਕ ਪੰਡਯਾ ਦੇ ਆਲਰਾਊਂਡ ਪ੍ਰਦਰਸ਼ਨ ਦੇ ਦਮ ’ਤੇ ਭਾਰਤ ਨੇ ਏਸ਼ੀਆ ਕੱਪ ਵਿਚ ਆਪਣੇ ਪਹਿਲੇ ਮੁਕਾਬਲੇ ਵਿਚ ਐਤਵਾਰ ਨੂੰ ਪੁਰਾਣੇ ਵਿਰੋਧੀ ਪਾਕਿਸਤਾਨ ਨੂੰ 5 ਵਿਕਟਾਂ ਨਾਲ ਹਰਾ ਦਿੱਤਾ। ਹਾਰਦਿਕ ਨੇ ਪਹਿਲਾਂ ਗੇਂਦਬਾਜ਼ੀ ਵਿਚ ਆਪਣੀ ਉਪਯੋਗਿਤਾ ਸਾਬਤ ਕਰਦੇ ਹੋਏ 4 ਓਵਰਾਂ ਵਿਚ 25 ਦੌੜਾਂ ਦੇ ਕੇ 3 ਵਿਕਟਾਂ ਲਈਆਂ, ਜਿਸ ਦੇ ਦਮ ’ਤੇ ਭਾਰਤ ਨੇ ਪਾਕਿਸਤਾਨ ਨੂੰ 19.5 ਓਵਰਾਂ ਵਿਚ 147 ਦੌੜਾਂ ’ਤੇ ਸਮੇਟ ਦਿੱਤਾ। ਇਸ ਤੋਂ ਬਾਅਦ ਟੀਚੇ ਦਾ ਪਿੱਛਾ ਕਰਦੇ ਹੋਏ 17 ਗੇਂਦਾਂ ਵਿਚ ਅਜੇਤੂ 33 ਦੌੜਾਂ ਬਣਾਈਆਂ ਤੇ ਰਵਿੰਦਰ ਜਡੇਜਾ (29 ਗੇਂਦਾਂ ’ਚੇ 35 ਦੌੜਾਂ) ਦੇ ਨਾਲ 52 ਦੌੜਾਂ ਦੀ ਸਾਂਝੇਦਾਰੀ ਕਰਕੇ ਭਾਰਤ ਨੂੰ ਜਿੱਤ ਦਿਵਾਈ। ਇਸਦੇ ਨਾਲ ਹੀ ਭਾਰਤੀ ਟੀਮ ਨੇ 10 ਮਹੀਨੇ ਪਹਿਲਾਂ ਟੀ-20 ਵਿਸ਼ਵ ਕੱਪ ਵਿਚ ਮਿਲੀ ਹਾਰ ਦਾ ਬਦਲਾ ਵੀ ਲੈ ਲਿਆ।ਹੈਰਿਸ ਰਾਓਫ ਦੇ ਕਰਵਾਏ 19ਵੇਂ ਓਵਰ ਵਿਚ ਪੰਡਯਾ ਦੇ ਤਿੰਨ ਚੌਕਿਆਂ ਨੇ ਮੈਚ ਦਾ ਪਾਸਾ ਪਲਟ ਦਿੱਤਾ। ਭਾਰਤ ਨੂੰ ਆਖਰੀ ਤਿੰਨ ਗੇਂਦਾਂ ਵਿਚ 6 ਦੌੜਾਂ ਦੀ ਲੋੜ ਸੀ ਤੇ ਹਾਰਦਿਕ ਨੇ ਖੱਬੇ ਹੱਥ ਦੇ ਸਪਿਨਰ ਮੁਹੰਮਦ ਨਵਾਜ਼ ਨੂੰ ਛੱਕਾ ਲਾ ਕੇ ਦੋ ਗੇਂਦਾਂ ਬਾਕੀ ਰਹਿੰਦਿਆਂਭਾਰਤ ਨੂੰ ਜਿੱਤ ਦਿਵਾਈ।

 ਇਹ ਵੀ ਪੜ੍ਹੋ : ਇਸਲਾਮਾਬਾਦ ਹਾਈ ਕੋਰਟ ਦੀ ਪੰਜ ਮੈਂਬਰੀ ਬੈਂਚ ਇਮਰਾਨ ਵਿਰੁੱਧ ਕਰੇਗੀ ਮਾਣਹਾਨੀ ਮਾਮਲੇ ਦੀ ਸੁਣਵਾਈ

ਇਸ ਤੋਂ ਪਹਿਲਾਂ ਭਾਰਤ ਦੇ ਚੋਟੀਕ੍ਰਮ ਦੇ ਬੱਲੇਬਾਜ਼ਾਂ ਨੇ ਨਿਰਾਸ਼ ਕੀਤਾ। ਕੇ. ਐੱਲ. ਰਾਹੁਲ ਖਾਤਾ ਵੀ ਨਹੀਂ ਖੋਲ੍ਹ ਸਕਿਆ ਜਦਕਿ ਕਪਤਾਨ ਰੋਹਿਤ ਸ਼ਰਮਾ 18 ਗੇਂਦਾਂ ’ਤੇ 12 ਦੌੜਾਂ ਬਣਾ ਕੇ ਆਊਟ ਹੋਇਆ। ਵਿਰਾਟ ਕੋਹਲੀ ਨੇ 34 ਗੇਂਦਾਂ ਵਿਚ 35 ਦੌੜਾਂ ਬਣਾਈਆਂ ਪਰ ਵੱਡੀ ਪਾਰੀ ਵੱਲ ਵਧਦੇ ਹੋਏ ਗੈਰ-ਜ਼ਿੰਮੇਵਾਰਾਨਾ ਸ਼ਾਟ ਖੇਡ ਕੇ ਆਊਟ ਹੋਇਆ। ਪਾਕਿਸਤਾਨ ਲਈ ਡੈਬਿਊ ਕਰ ਰਹੇ ਨਸੀਮ ਸ਼ਾਹ ਨੇ ਭਾਰਤੀ ਬੱਲੇਬਾਜ਼ਾਂ ਨੂੰ ਕਾਫੀ ਪ੍ਰੇਸ਼ਾਨ ਕੀਤਾ। ਇਕ ਸਮੇਂ ਭਾਰਤ ਦਾ ਸਕੋਰ 4 ਵਿਕਟਾਂ ’ਤੇ 89 ਦੌੜਾਂ ਹੋ ਗਿਆ ਸੀ, ਜਿਸ ਤੋਂ ਬਾਅਦ ਜਡੇਜਾ ਤੇ ਪੰਡਯਾ ਨੇ ਜ਼ਿੰਮੇਵਾਰੀ ਸੰਭਾਲੀ।

ਇਸ ਤੋਂ ਪਹਿਲਾਂ ਭਾਰਤ ਨੇ ਟਾਸ ਜਿੱਤ ਕੇ ਪਾਕਿਸਤਾਨ ਨੂੰ ਬੱਲੇਬਾਜ਼ੀ ਕਰਨ ਲਈ ਸੱਦਾ ਦਿੱਤਾ ਤੇ ਭੁਵਨੇਸ਼ਵਰ ਕੁਮਾਰ ਨੇ ਤੀਜੇ ਓਵਰ ਵਿਚ ਹੀ ਬਾਬਰ ਆਜ਼ਮ (10) ਨੂੰ ਆਊਟ ਕਰ ਕੇ ਟੀਮ ਨੂੰ ਸ਼ਾਨਦਾਰ ਸ਼ੁਰੂਅਾਤ ਦਿਵਾਈ। ਤੀਜੇ ਨੰਬਰ ’ਤੇ ਆਏ ਫਖਰ ਜ਼ਮਾਨ ਨੇ ਦੋ ਚੌਕਿਆਂ ਦੇ ਨਾਲ ਪਾਰੀ ਦਾ ਆਗਾਜ਼ ਕੀਤਾ ਪਰ ਆਵੇਸ਼ ਖਾਨ ਨੇ ਉਸ ਨੂੰ ਸਿਰਫ 10 ਦੌੜਾਂ ’ਤੇ ਵਿਕਟਕੀਪਰ ਦਿਨੇਸ਼ ਕਾਰਤਿਕ ਹੱਥੋਂ ਕੈਚ ਕਰਵਾ ਕੇ ਪੈਵੇਲੀਅਨ ਭੇਜ ਦਿੱਤਾ। ਤੀਜੀ ਵਿਕਟ ਲਈ 45 ਦੌੜਾਂ ਦੀ ਸਾਂਝੇਦਾਰੀ ਕਰਨ ਵਾਲੇ ਮੁਹੰਮਦ ਰਿਜ਼ਵਾਨ ਤੇ ਇਫਤਿਖਾਰ ਅਹਿਮਦ ਹਾਰਦਿਕ ਪੰਡਯਾ ਦੀਆਂ ਛੋਟੀਆਂ ਗੇਂਦ ਦੇ ਸ਼ਿਕਾਰ ਹੋਏ। ਰਿਜ਼ਵਾਨ ਨੇ 42 ਗੇਂਦਾਂ ’ਤੇ 4 ਚੌਕਿਆਂ ਤੇ 1 ਛੱਕੇ ਦੀ ਬਦੌਲਤ 43 ਦੌੜਾਂ ਦੀ ਪਾਰੀ ਖੇਡੀ ਜਦਕਿ ਇਫਤਿਖਾਰ ਨੇ 22 ਗੇਂਦਾਂ ’ਤੇ 2 ਚੌਕੇ ਤੇ 1 ਛੱਕਾ ਲਾਉਂਦੇ ਹੋਏ 28 ਦੌੜਾਂ ਬਣਾਈਆਂ। ਹਾਰਦਿਕ ਨੇ ਖੁਸ਼ਦਿਲ ਸ਼ਾਹ (2) ਦੀ ਵੀ ਵਿਕਟ ਲਈ।

 ਇਹ ਵੀ ਪੜ੍ਹੋ :ਲੀਬੀਆ 'ਚ ਹਿੰਸਕ ਝੜਪਾਂ ਦੌਰਾਨ 2 ਦੀ ਮੌਤ ਤੇ ਕਈ ਜ਼ਖਮੀ

ਇਸ ਤੋਂ ਬਾਅਦ ਪਾਕਿਸਤਾਨ ਦੀਆਂ ਵਿਕਟਾਂ ਦੀ ਝੜੀ ਲੱਗ ਗਈ। ਭੁਵਨੇਸ਼ਵਰ ਨੇ ਜਿੱਥੇ ਸ਼ਾਦਾਬ ਖਾਨ (10), ਆਸਿਫ ਅਲੀ (9) ਤੇ ਨਸੀਮ ਸ਼ਾਹ (0) ਨੂੰ ਆਊਟ ਕੀਤਾ, ਉੱਥੇ ਹੀ ਅਰਸ਼ਦੀਪ ਸਿੰਘ ਨੇ ਮੁਹੰਮਦ ਨਵਾਜ਼ (1) ਨੂੰ ਪੈਵੇਲੀਅਨ ਭੇਜਿਆ। 19ਵੇਂ ਓਵਰ ਵਿਚ ਸ਼ਾਦਾਬ ਤੇ ਨਸੀਮ ਨੂੰ ਆਊਟ ਕਰਨ ਤੋਂ ਬਾਅਦ ਭੁਵਨੇਸ਼ਵਰ ਕੋਲ ਹੈਟ੍ਰਿਕ ਦਾ ਮੌਕਾ ਸੀ ਪਰ ਸ਼ਾਹਨਵਾਜ਼ ਦਹਾਨੀ ਨੇ ਛੱਕਾ ਲਾ ਕੇ ਉਸ ਨੂੰ ਇਹ ਉਪਲੱਬਧੀ ਹਾਸਲ ਨਹੀਂ ਕਰਨ ਦਿੱਤੀ। ਅਰਸ਼ਦੀਪ ਨੇ ਆਖਰੀ ਓਵਰ ਦੀਆਂ ਪਹਿਲੀਆਂ ਚਾਰ ਗੇਂਦਾਂ ’ਤੇ 11 ਦੌੜਾਂ ਦੇਣ ਤੋਂ ਬਾਅਦ ਦਹਾਨੀ (16) ਨੂੰ ਬੋਲਡ ਕੀਤਾ ਤੇ ਪਾਕਿਸਤਾਨ ਦੀ ਪਾਰੀ 147 ਦੌੜਾਂ ’ਤੇ ਸਿਮਟ ਗਈ।

ਪਲੇਇੰਗ ਇਲੈਵਨ

ਭਾਰਤ : ਰੋਹਿਤ ਸ਼ਰਮਾ (ਕਪਤਾਨ), ਕੇਐਲ ਰਾਹੁਲ, ਵਿਰਾਟ ਕੋਹਲੀ, ਸੂਰਯਕੁਮਾਰ ਯਾਦਵ, ਦਿਨੇਸ਼ ਕਾਰਤਿਕ (ਵਿਕਟਕੀਪਰ), ਹਾਰਦਿਕ ਪੰਡਯਾ, ਰਵਿੰਦਰ ਜਡੇਜਾ, ਭੁਵਨੇਸ਼ਵਰ ਕੁਮਾਰ, ਅਵੇਸ਼ ਖਾਨ, ਯੁਜਵੇਂਦਰ ਚਾਹਲ, ਅਰਸ਼ਦੀਪ ਸਿੰਘ

ਪਾਕਿਸਤਾਨ  : ਬਾਬਰ ਆਜ਼ਮ (ਕਪਤਾਨ), ਮੁਹੰਮਦ ਰਿਜ਼ਵਾਨ (ਵਿਕਟਕੀਪਰ), ਫਖਰ ਜ਼ਮਾਨ, ਇਫਤਿਖਾਰ ਅਹਿਮਦ, ਖੁਸ਼ਦਿਲ ਸ਼ਾਹ, ਆਸਿਫ ਅਲੀ, ਸ਼ਾਦਾਬ ਖਾਨ, ਮੁਹੰਮਦ ਨਵਾਜ਼, ਨਸੀਮ ਸ਼ਾਹ, ਹਰਿਸ ਰਊਫ, ਸ਼ਾਹਨਵਾਜ਼ ਦਹਾਨੀ

ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।


Aarti dhillon

Content Editor

Related News