ਏਸ਼ੀਆ ਕੱਪ ਸ਼ਤਰੰਜ ਚੈਂਪੀਅਨਸ਼ਿਪ ਮਹਿਲਾਵਾਂ ਨੇ ਦਿਵਾਇਆ ਬਲਿਟਜ਼ ਵਿਚ ਸੋਨਾ

08/05/2018 9:30:24 AM

ਹਮਦਾਨ : ਏਸ਼ੀਆ ਕੱਪ ਸ਼ਤਰੰਜ ਚੈਂਪੀਅਨਸ਼ਿਪ-2018 ਵਿਚ ਭਾਰਤ ਨੇ ਕੁਲ 5 ਤਮਗਿਆਂ ਨਾਲ ਆਪਣੇ ਦੌਰੇ ਦੀ ਸਮਾਪਤੀ ਕੀਤੀ। ਭਾਰਤ ਲਈ ਮਹਿਲਾ ਟੀਮ ਨੇ ਬਲਿਟਜ਼ ਵਿਚ ਸੋਨਾ, ਰੈਪਿਡ ਵਿਚ ਚਾਂਦੀ ਤੇ ਕਲਾਸੀਕਲ ਵਿਚ ਕਾਂਸੀ ਤਮਗਾ ਆਪਣੇ ਨਾਂ ਕੀਤਾ, ਜਦਕਿ ਪੁਰਸ਼ਾਂ ਨੇ ਕਲਾਸੀਕਲ ਦਾ ਚਾਂਦੀ ਤੇ ਰੈਪਿਡ ਦਾ ਕਾਂਸੀ ਤਮਗਾ ਆਪਣੀ ਝੋਲੀ ਵਿਚ ਪਾਇਆ।

ਭਾਰਤੀ ਮਹਿਲਾ ਟੀਮ ਨੇ ਪਹਿਲਾਂ ਤਾਂ ਕਲਾਸੀਕਲ ਵਿਚ ਆਖਰੀ-2 ਰਾਊਂਡਾਂ ਵਿਚ ਕਜ਼ਾਖਿਸਤਾਨ ਨੂੰ 3-1 ਨਾਲ ਹਰਾ ਕੇ ਵਾਪਸੀ ਕੀਤੀ ਤੇ ਫਿਰ ਈਰਾਨ ਨਾਲ ਡਰਾਅ ਖੇਡ ਕੇ 8 ਅੰਕਾਂ ਨਾਲ ਬਿਹਤਰ ਟਾਈਬ੍ਰੇਕ ਦੇ ਆਧਾਰ 'ਤੇ ਕਾਂਸੀ ਤਮਗਾ ਆਪਣੇ ਨਾਂ ਕਰ ਲਿਆ। ਚੀਨ 13 ਅੰਕਾਂ ਨਾਲ ਸੋਨ ਤੇ ਵੀਅਤਨਾਮ 11 ਅੰਕਾਂ ਨਾਲ ਚਾਂਦੀ ਤਮਗਾ ਜਿੱਤਣ ਵਿਚ ਕਾਮਯਾਬ ਰਿਹਾ। ਪਰ ਸਹੀ ਅਰਥਾਂ ਵਿਚ ਮਹਿਲਾ ਟੀਮ ਨੇ ਬਲਿਟਜ਼ ਪ੍ਰਤੀਯੋਗਿਤਾ ਵਿਚ ਆਪਣਾ ਸਭ ਤੋਂ ਬਿਹਤਰੀਨ ਪ੍ਰਦਰਸ਼ਨ ਕਰਦਿਆਂ ਇਕਤਰਫਾ ਅੰਦਾਜ਼ ਵਿਚ ਸੋਨ ਤਮਗਾ ਆਪਣੇ ਨਾਂ ਕਰ ਲਿਆ। ਬਲਿਟਜ਼ ਵਿਚ ਭਾਰਤੀ ਮਹਿਲਾ ਟੀਮ ਦਾ ਦਬਦਬਾ ਇਸੇ ਤੋਂ ਸਮਝਿਆ ਜਾ ਸਕਦਾ ਹੈ ਕਿ ਟੀਮ ਨੇ 7 'ਚੋਂ 6 ਮੈਚ ਜਿੱਤ ਕੇ ਤੇ 1 ਡਰਾਅ ਖੇਡ ਕੇ ਕੁਲ 13 ਅੰਕਾਂ ਨਾਲ ਸੋਨ ਤਮਗੇ 'ਤੇ ਕਬਜ਼ਾ ਕੀਤਾ। ਵੀਅਤਨਾਮ 12 ਅੰਕਾਂ ਨਾਲ ਚਾਂਦੀ ਤੇ ਚੀਨ 9 ਅੰਕਾਂ ਨਾਲ ਕਾਂਸੀ ਤਮਗਾ ਜਿੱਤਣ ਵਿਚ ਕਾਮਯਾਬ ਰਿਹਾ। ਭਾਰਤ ਵੱਲੋਂ ਹਰਿਕਾ ਦ੍ਰੋਣਾਵਲੀ ਨੇ 6 ਮੈਚਾਂ 'ਚੋਂ 5 ਅੰਕ, ਆਰ. ਵੈਸ਼ਾਲੀ ਨੇ 7 ਮੈਚਾਂ ਵਿਚ 6 ਅੰਕ, ਪਦਮਿਨੀ ਰਾਊਤ ਨੇ 7 'ਚੋਂ 5 ਅੰਕ, ਆਕਾਸ਼ਾਂ ਹਾਗਵਾਨੇ ਨੇ 3 'ਚੋਂ 3 ਅੰਕ ਤੇ ਈਸ਼ਾ ਕਰਵਾੜੇ ਨੇ 5 'ਚੋਂ 2.5 ਅੰਕਾਂ ਦਾ ਯੋਗਦਾਨ ਦਿੱਤਾ।


Related News