ਅੰਪਾਇਰਾਂ 'ਤੇ ਟਿੱਪਣੀ ਕਰ ਕਸੂਤੇ ਘਿਰੇ ਅਸ਼ਵਿਨ, ਲੱਗਾ ਭਾਰੀ ਜੁਰਮਾਨਾ

Friday, Apr 14, 2023 - 02:48 PM (IST)

ਅੰਪਾਇਰਾਂ 'ਤੇ ਟਿੱਪਣੀ ਕਰ ਕਸੂਤੇ ਘਿਰੇ ਅਸ਼ਵਿਨ, ਲੱਗਾ ਭਾਰੀ ਜੁਰਮਾਨਾ

ਚੇਨਈ (ਭਾਸ਼ਾ)- ਰਾਜਸਥਾਨ ਰਾਇਲਜ਼ ਦੇ ਆਫ ਸਪਿਨਰ ਰਵੀਚੰਦਰਨ ਅਸ਼ਵਿਨ 'ਤੇ ਇੱਥੇ ਚੇਨਈ ਸੁਪਰ ਕਿੰਗਜ਼ ਦੇ ਖਿਲਾਫ ਮੈਚ ਦੌਰਾਨ ਇੰਡੀਅਨ ਪ੍ਰੀਮੀਅਰ ਲੀਗ ਕੋਡ ਆਫ ਕੰਡਕਟ ਦੀ ਉਲੰਘਣਾ ਕਰਨ ਲਈ ਵੀਰਵਾਰ ਨੂੰ ਮੈਚ ਫੀਸ ਦਾ 25 ਫ਼ੀਸਦੀ ਜੁਰਮਾਨਾ ਲਗਾਇਆ ਗਿਆ। ਅਸ਼ਵਿਨ 'ਤੇ ਮੈਚ ਦੌਰਾਨ ਆਈ.ਪੀ.ਐੱਲ. ਕੋਡ ਆਫ ਕੰਡਕਟ ਦੇ ਨਿਯਮ 2.7 ਦੀ ਉਲੰਘਣਾ ਕਰਨ ਲਈ ਜੁਰਮਾਨਾ ਲਗਾਇਆ ਗਿਆ। ਉਨ੍ਹਾਂ ਦੀ ਟੀਮ ਨੇ ਬੁੱਧਵਾਰ ਰਾਤ ਨੂੰ ਇਹ ਮੈਚ 3 ਦੌੜਾਂ ਨਾਲ ਜਿੱਤਿਆ। ਆਈ.ਪੀ.ਐੱਲ. ਨੇ ਇੱਕ ਬਿਆਨ ਵਿੱਚ ਕਿਹਾ, “ਆਈ.ਪੀ.ਐੱਲ. ਕੋਡ ਆਫ ਕੰਡਕਟ ਦੇ ਨਿਯਮ 2.7 ਦੇ ਅਨੁਸਾਰ ਅਸ਼ਵਿਨ ਨੇ ਲੈਵਲ 1 ਦਾ ਅਪਰਾਧ ਮੰਨਿਆ ਹੈ। ਕੋਡ ਆਫ ਕੰਡਕਟ ਦੇ ਲੈਵਲ 1 ਦੀ ਉਲੰਘਣਾ ਲਈ ਮੈਚ ਰੈਫਰੀ ਦਾ ਫੈਸਲਾ ਅੰਤਮ ਹੈ।

ਇਹ ਵੀ ਪੜ੍ਹੋ: IPL 2023: ਦਰਸ਼ਕਾਂ ਦੇ ਸਿਰ ਚੜ੍ਹ ਬੋਲ ਰਿਹੈ ਧੋਨੀ ਦਾ ਜਾਦੂ, ਛੱਕੇ ਵੇਖਣ ਵਾਲਿਆਂ ਨੇ ਤੋੜੇ ਰਿਕਾਰਡ

ਬਿਆਨ ਵਿੱਚ ਅਪਰਾਧ ਦੀ ਪ੍ਰਕਿਰਤੀ ਨੂੰ ਸਪਸ਼ਟ ਨਹੀਂ ਕੀਤਾ ਗਿਆ ਹੈ ਪਰ ਖਿਡਾਰੀਆਂ ਅਤੇ ਟੀਮ ਅਧਿਕਾਰੀਆਂ ਲਈ ਕੋਡ ਆਫ ਕੰਡਕਟ ਦਾ ਨਿਯਮ 2.7 "ਜਨਤਕ ਆਲੋਚਨਾ, ਜਾਂ ਕਿਸੇ ਮੈਚ ਨਾਲ ਜੁੜੀ ਘਟਨਾ ਜਾਂ ਕਿਸੇ ਖਿਡਾਰੀ, ਟੀਮ ਅਧਿਕਾਰੀ, ਮੈਚ ਅਧਿਕਾਰੀ ਨਾਲ ਜੁੜੀ ਘਟਨਾ ਦੇ ਸਬੰਧ ਵਿਚ ਅਣਉਚਿਤ ਟਿੱਪਣੀ ਨਾਲ ਸਬੰਧਤ ਹੈ। ਮੈਚ ਤੋਂ ਬਾਅਦ ਅਸ਼ਵਿਨ ਨੇ ਪ੍ਰੈਸ ਕਾਨਫਰੰਸ ਵਿੱਚ ਕਿਹਾ ਸੀ ਕਿ ਬੁੱਧਵਾਰ ਨੂੰ ਚੇਪਾਕ 'ਚ ਤ੍ਰੇਲ ਪੈਣ ਕਾਰਨ ਅੰਪਾਇਰਾਂ ਵੱਲੋਂ ਆਪਣੀ ਮਰਜੀ ਨਾਲ ਗੇਂਦ ਨੂੰ ਬਦਲਣ ਦੇ ਫੈਸਲੇ ਤੋਂ ਉਹ ਹੈਰਾਨ ਰਹਿ ਗਏ ਸਨ ਅਤੇ ਅਜਿਹੇ ਫੈਸਲੇ ਲੈਂਦੇ ਸਮੇਂ ਇਕਸਾਰਤਾ ਹੋਣੀ ਚਾਹੀਦੀ ਹੈ। ਅਸ਼ਵਿਨ ਨੇ ਕਿਹਾ ਕਿ ਉਨ੍ਹਾਂ ਨੇ ਇਸ ਤੋਂ ਪਹਿਲਾਂ ਕਦੇ ਵੀ ਅੰਪਾਇਰਾਂ ਨੂੰ ਬਹੁਤ ਜ਼ਿਆਦਾ ਤ੍ਰੇਲ ਪੈਣ 'ਤੇ ਗੇਂਦ ਬਦਲਦੇ ਨਹੀਂ ਦੇਖਿਆ। ਇਮਾਨਦਾਰੀ ਨਾਲ ਕਹਾਂ ਤਾਂ ਮੈਂ ਇਸ ਵਾਰ ਆਈ.ਪੀ.ਐੱਲ. ਵਿੱਚ ਮੈਦਾਨ ਦੇ ਕੁਝ ਫੈਸਲਿਆਂ ਤੋਂ ਥੋੜ੍ਹਾ ਹੈਰਾਨ ਹਾਂ।

ਇਹ ਵੀ ਪੜ੍ਹੋ: ਸਿੰਗਾਪੁਰ ਜੇਲ੍ਹ 'ਚ ਬੰਦ ਭਾਰਤੀ ਮੂਲ ਦੇ ਵਿਅਕਤੀ ਦੀ ਮੌਤ, ਮਾਂ ਦੇ ਕਤਲ ਦੇ ਲੱਗੇ ਸਨ ਦੋਸ਼

ਮੈਨ ਆਫ ਦਿ ਮੈਚ ਚੁਣੇ ਗਏ ਅਸ਼ਵਿਨ ਨੇ ਕਿਹਾ ਕਿ ਮੇਰਾ ਕਹਿਣ ਦਾ ਮਤਲਬ ਹੈ ਕਿ ਮੈਂ ਹੈਰਾਨ ਹਾਂ ਕਿਉਂਕਿ ਇਸ ਦੇ ਚੰਗੇ ਜਾਂ ਮਾੜੇ ਨਤੀਜੇ ਹੋ ਸਕਦੇ ਹਨ। ਇਸ ਲਈ ਮੈਨੂੰ ਲੱਗਦਾ ਹੈ ਕਿ ਤੁਹਾਨੂੰ ਥੋੜਾ ਸੰਤੁਲਨ ਬਣਾਉਣ ਦੀ ਲੋੜ ਹੈ। ਸਾਡੀ ਟੀਮ ਗੇਂਦਬਾਜ਼ੀ ਕਰ ਰਹੀ ਸੀ ਅਤੇ ਅਸੀਂ ਗੇਂਦ ਨੂੰ ਬਦਲਣ ਲਈ ਨਹੀਂ ਕਿਹਾ ਸੀ। ਪਰ ਅੰਪਾਇਰਾਂ ਨੇ ਆਪਣੀ ਮਰਜ਼ੀ ਨਾਲ ਗੇਂਦ ਬਦਲ ਦਿੱਤੀ। ਮੈਂ ਅੰਪਾਇਰ ਨੂੰ ਪੁੱਛਿਆ ਅਤੇ ਉਨ੍ਹਾਂ ਨੇ ਕਿਹਾ ਕਿ ਅਸੀਂ (ਅੰਪਾਇਰ) ਅਜਿਹਾ ਕਰ ਸਕਦੇ ਹਾਂ। ਅਸ਼ਵਿਨ ਨੇ ਕਿਹਾ ਕਿ ਇਸ ਲਈ ਮੈਨੂੰ ਉਮੀਦ ਹੈ ਕਿ ਜਦੋਂ ਵੀ ਤ੍ਰੇਲ ਪੈ ਰਹੀ ਹੋਵੇਗੀ ਤਾਂ ਉਦੋਂ ਉਹ ਵੀ ਇਸ ਨੂੰ ਬਦਲ ਸਕਦੇ ਹਨ। ਤੁਸੀਂ ਜੋ ਵੀ ਕਰਨਾ ਚਾਹੁੰਦੇ ਹੋ ਕਰ ਸਕਦੇ ਹੋ ਪਰ ਤੁਹਾਨੂੰ ਇੱਕ ਮਿਆਰ ਨਿਰਧਾਰਤ ਕਰਨ ਦੀ ਲੋੜ ਹੈ।

ਇਹ ਵੀ ਪੜ੍ਹੋ: ਭੂਮੱਧ ਸਾਗਰ 'ਚ ਕਿਸ਼ਤੀ ਪਲਟਣ ਕਾਰਨ ਯੂਰਪ ਜਾ ਰਹੇ 25 ਪ੍ਰਵਾਸੀਆਂ ਦੀ ਦਰਦਨਾਕ ਮੌਤ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 

 


author

cherry

Content Editor

Related News