ਸੱਯਦ ਮੁਸ਼ਤਾਕ ਅਲੀ ਫਾਈਨਲ 'ਚ ਹੋਇਆ ਇਹ ਵੱਡਾ ਡ੍ਰਾਮਾ, ਅਸ਼ਵਿਨ ਦਾ ਉਡਿਆ ਮਜ਼ਾਕ

12/02/2019 4:14:31 PM

ਨਵੀਂ ਦਿੱਲੀ : ਐਤਵਾਰ ਨੂੰ ਸੱਯਦ ਮੁਸ਼ਤਾਕ ਅਲੀ ਟਰਾਫੀ ਦਾ ਫਾਈਨਲ ਮੁਕਾਬਲਾ ਬੇਹੱਦ ਰੋਮਾਂਚਕ ਅੰਦਾਜ਼ 'ਚ ਖਤਮ ਹੋਇਆ। ਮੈਚ ਦੀ ਆਖਰੀ ਗੇਂਦ ਤਕ ਜਿੱਤਣ ਵਾਲੀ ਟੀਮ ਨਿਰਧਾਰਿਤ ਨਹੀਂ ਸੀ। ਹਰ ਓਵਰ ਦੌਰਾਨ ਮੈਚ ਦਾ ਪਾਸਾ ਪਲਟ ਰਿਹਾ ਸੀ ਅਤੇ ਕਰਨਾਟਕ ਤਾਮਿਲਨਾਡੂ ਦੇ ਪ੍ਰਸ਼ੰਸਕਾਂ ਦੀ ਧੜਕਣ ਵੱਧ ਰਹੀ ਸੀ। ਹਾਲਾਂਕਿ ਇਸ ਮੈਚ ਵਿਚ ਕਰਨਾਟਕ ਨੇ ਤਾਮਿਲਨਾਡੂ ਨੂੰ 1 ਦੌੜ ਨਾਲ ਹਰਾ ਦਿੱਤਾ। ਇਸ ਦੇ ਨਾਲ ਹੀ ਸੱਯਦ ਅਲੀ ਟਰਾਫੀ ਵਿਚ ਕਰਨਾਟਕ ਲਗਾਤਾਰ ਦੂਜੀ ਵਾਰ ਖਿਤਾਬ ਆਪਣੇ ਨਾਂ ਕਰਨ ਵਾਲੀ ਟੀਮ ਬਣ ਗਈ। 181 ਦੌੜਾਂ ਦਾ ਪਿੱਛਾ ਕਰਨ ਉਤਰੀ ਤਾਮਿਲਨਾਡੂ ਦੀ ਟੀਮ ਨੂੰ ਆਖਰੀ ਵਰ ਵਿਚ ਜਿੱਤ ਲਈ 13 ਦੌੜਾਂ ਦੀ ਜ਼ਰੂਰਤ ਸੀ। ਮੈਦਾਨ 'ਤੇ ਵਿਜੇ ਸ਼ੰਕਰ ਅਤੇ ਆਰ ਅਸ਼ਵਿਨ ਵਰਗੇ ਤਜ਼ਰਬੇਕਾਰ ਖਿਡਾਰੀ ਮੌਜੂਦ ਸੀ। ਕਰਨਾਟਕ ਦੇ ਕਪਤਾਨ ਮਨੀਸ਼ ਪਾਂਡੇ ਨੇ ਆਖਰੀ ਓਵਰ ਵਿਚ ਦੌੜਾਂ ਬਣਾਉਣ ਦੀ ਜ਼ਿੰਮੇਵਾਰੀ ਕ੍ਰਿਸ਼ਣੱਪਾ ਗੌਤਮ ਨੂੰ ਸੌਂਪੀ। ਪਾਰੀ ਦਾ 20ਵਾਂ ਓਵਰ ਸੁੱਟਣ ਗੌਤਮ ਆਏ ਅਤੇ ਸਟ੍ਰਾਈਕ 'ਤੇ ਆਰ. ਅਸ਼ਵਿਨ ਮੌਜੂਦ ਸੀ। ਅਸ਼ਵਿਨ ਨੇ ਗੌਤਮ ਦੀ ਲਗਾਤਾਰ 2 ਗੇਂਦਾਂ 'ਤੇ ਚੌਕਾ ਲਾਇਆ ਅਤੇ ਦੌੜਾਂ ਦੇ ਫਰਕ ਨੂੰ ਬੇਹੱਦ ਘੱਟ ਕਰ ਦਿੱਤਾ। 2 ਚੌਕੇ ਲੱਗਣ ਤੋਂ ਬਾਅਦ ਅਸ਼ਵਿਨ ਮੈਦਾਨ 'ਤੇ ਜਸ਼ਨ ਮਨਾਉਣ ਲੱਗੇ। ਤਾਮਿਲਨਾਡੂ ਨੂੰ ਹੁਣ ਬਾਕੀ ਦੀਆਂ 4 ਗੇਂਦਾਂ 'ਤੇ ਸਿਰਫ 5 ਦੌੜਾਂ ਦੀ ਜ਼ਰੂਰਤ ਸੀ। ਅਜਿਹਾ ਲੱਗ ਰਿਹਾ ਸੀ ਤਾਮਿਲਨਾਡੂ ਦੀ ਟੀਮ ਆਸਾਨੀ ਨਾਲ ਇਸ ਮੈਚ ਨੂੰ ਜਿੱਤ ਲਵੇਗੀ ਅਤੇ ਤੀਜੀ ਹੀ ਗੇਂਦ 'ਤੇ ਅਸ਼ਵਿਨ ਦੌੜ ਬਣਾਉਣ ਤੋਂ ਖੁੰਝ ਗਏ।

ਇਸ ਤੋਂ ਬਾਅਦ ਹੁਣ ਤਾਮਿਲਨਾਡੂ ਨੂੰ 3 ਗੇਂਦਾਂ 'ਤੇ 5 ਦੌੜਾਂ ਦੀ ਜ਼ਰੂਰਤ ਸੀ। ਅਸ਼ਵਿਨ ਨੇ ਚੌਥੀ ਗੇਂਦ 'ਤੇ ਸਿੰਗਲ ਦੌੜ ਲੈ ਕੇ ਸਟ੍ਰਾਈਕ ਵਿਜੇ ਸ਼ੰਕਰ ਨੂੰ ਦਿੱਤੀ। ਵਿਜੇ ਸ਼ੰਕਰ 5ਵੀਂ ਗੇਂਦ 'ਤੇ 2 ਦੌੜਾਂ ਲੈਣ ਦੀ ਕੋਸ਼ਿਸ਼ ਵਿਚ ਰਨ ਆਊਟ ਹੋ ਗਏ ਅਤੇ ਆਖਰੀ ਗੇਂਦ 'ਤੇ ਟੀਮ ਨੂੰ ਜਿੱਤ ਲਈ 3 ਦੌੜਾਂ ਦੀ ਜ਼ਰੂਰਤ ਰਹਿ ਗਈ। ਨਵੇਂ ਬੱਲੇਬਾਜ਼ ਮੁਰਗਨ ਅਸ਼ਵਿਨ ਆਖਰੀ ਗੇਂਦ 'ਤੇ ਸਿਰਫ ਇਕ ਦੌੜ ਲੈ ਸਕੀ ਅਤੇ ਤਾਮਿਲਨਾਡੂ ਨੂੰ 1 ਦੌੜ ਨਾਲ ਹਾਰ ਦਾ ਮੁੰਹ ਦੇਖਣਾ ਪਿਆ।

ਇਸ ਹਾਰ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਆਰ. ਅਸ਼ਵਿਨ ਦਾ ਰੱਜ ਕੇ ਮਜ਼ਾਕ ਉਡਾਇਆ ਜਾ ਰਿਹਾ ਹੈ। ਆਰ. ਅਸ਼ਵਿਨ ਦੀ ਤੁਲਨਾ ਬੰਗਲਾਦੇਸ਼ੀ ਵਿਕਟਕੀਪਰ ਬੱਲੇਬਾਜ਼ ਮੁਸ਼ਫਿਕੁਰ ਰਹੀਮ ਨਾਲ ਕੀਤੀ ਜਾ ਰਹੀ ਹੈ। ਦੱਸ ਦਈਏ ਕਿ  ਸਾਲ 2016 ਦੌਰਾਨ ਮੁਸ਼ਫਿਕੁਰ ਰਹੀਮ ਨੇ ਵੀ ਭਾਰਤ ਖਿਲਾਫ ਮੈਦਾਨ 'ਤੇ ਜਿੱਤ ਤੋਂ ਠੀਕ ਪਹਿਲਾਂ ਜਸ਼ਨ ਮਨਾਇਆ ਸੀ, ਜਿਸ ਤੋਂ ਬਾਅਦ ਟੀਮ ਨੂੰ ਕਰੀਬੀ ਹਾਰ ਦਾ ਸਾਹਮਣਾ ਕਰਨਾ ਪਿਆ।


Related News