ਉਲਟਫੇਰ ਦਾ ਸ਼ਿਕਾਰ ਹੋਈ ਐਸ਼ਲੇ ਬਾਰਟੀ, ਫੈਡਰਰ ਕੁਆਰਟਰ ਫਾਈਨਲ ’ਚ
Monday, Sep 02, 2019 - 11:04 AM (IST)

ਨਵੀਂ ਦਿੱਲੀ— ਦੁਨੀਆ ਦੀ ਨੰਬਰ ਦੋ ਖਿਡਾਰੀ ਅਤੇ ਫ੍ਰੈਂਚ ਓਪਨ ਜੇਤੂ ਆਸਟਰੇਲੀਆ ਦੀ ਐਸ਼ਲੇ ਬਾਰਟੀ ਵੀ ਯੂ. ਐੱਸ. ਓਪਨ ’ਚ ਉਲਟਫੇਰ ਦਾ ਸ਼ਿਕਾਰ ਹੋ ਕੇ ਬਾਹਰ ਹੋ ਗਈ। ਬਾਰਟੀ ਨੂੰ ਚੀਨ ਦੀ 18ਵਾਂ ਦਰਜਾ ਪ੍ਰਾਪਤ ਵਾਂਗ ਕਿਯਾਂਗ ਨੇ ਚੌਥੇ ਦੌਰ ’ਚ 2-6, 4-6 ਨਾਲ ਹਰਾ ਕੇ ਬਾਹਰ ਕੀਤਾ। ਚੀਨ ਦੀ 27 ਸਾਲਾ ਵਾਂਗ ਨੇ ਪਹਿਲੀ ਵਾਰ ਕਿਸੇ ਗ੍ਰੈਂਡ ਸਲੈਮ ਦੇ ਕੁਆਰਟਰ ਫਾਈਨਲ ’ਚ ਜਗ੍ਹਾ ਬਣਾਈ। ਵਾਂਗ ਦੀ ਇਹ ਬਾਰਟੀ ’ਤੇ ਤਿੰਨ ਮੁਕਾਬਲਿਆਂ ’ਚ ਪਹਿਲੀ ਜਿੱਤ ਹੈ। ਇਸ ਤੋਂ ਪਹਿਲਾਂ ਉਹ ਦੋ ਮੁਕਾਬਲਿਆਂ ’ਚ ਬਾਰਟੀ ਤੋਂ ਇਕ ਵੀ ਮੈਚ ਨਹੀਂ ਜਿੱਤ ਸਕੀ ਸੀ।
ਪੰਜ ਵਾਰ ਦੇ ਚੈਂਪੀਅਨ ਰੋਜਰ ਫੈਡਰਰ ਨੇ ਆਸਾਨੀ ਨਾਲ ਕੁਆਰਟਰ ਫਾਈਨਲ ’ਚ ਜਗ੍ਹਾ ਬਣਾ ਲਈ। ਦੁਨੀਆ ਦੇ ਤੀਜੇ ਨੰਬਰ ਦੇ ਖਿਡਾਰੀ ਫੈਡਰਰ ਨੇ ਬੈਲਜੀਅਮ ਦੇ ਡੇਵਿਡ ਗੋਫਿਨ ਨੂੰ ਇਕ ਘੰਟੇ 18 ਮਿੰਟ ਤਕ ਚਲੇ ਮੁਕਾਬਲੇ ’ਚ 6-2, 6-2, 6-0 ਨਾਲ ਹਰਾਇਆ। 20 ਵਾਰ ਦੇ ਗ੍ਰੈਂਡ ਸਲੈਮ ਚੈਂਪੀਅਨ ਫੈਡਰਰ 13ਵੀਂ ਵਾਰ ਯੂ. ਐੱਸ. ਓਪਨ ਜਦਕਿ ਕੁਲ 56ਵੀਂ ਵਾਰ ਕਿਸੇ ਗ੍ਰੈਂਡ ਸਲੈਮ ਦੇ ਅੰਤਿਮ ਅੱਠ ’ਚ ਪਹੁੰਚੇ। 38 ਸਾਲਾ ਫੈਡਰਰ ਦਿੱਗਜ ਗੋਂਜਾਲੇਸ, ਕੇਨ ਰੋਸਵੇਲ ਅਤੇ ਜਿਮੀ ਕੋਨਰਸ ਦੇ ਬਾਅਦ ਯੂ. ਐੱਸ. ਓਪਨ ਦੇ ਕੁਆਰਟਰ ਫਾਈਨਲ ’ਚ ਪਹੁੰਚਣ ਵਾਲੇ ਚੌਥੇ ਉਮਰਦਰਾਜ ਖਿਡਾਰੀ ਹਨ। ਫੈਡਰਰ ਦੀ ਇਹ ਗੋਫਿਨ ’ਤੇ 10 ਮੁਕਾਬਲਿਆਂ ’ਚ ਨੌਵੀਂ ਜਿਤ ਹੈ। ਸਵਿਸ ਸਟਾਰ ਨੇ 11 ਸਾਲ (2008 ਦੇ ਬਾਅਦ) ਤੋਂ ਇੱਥੇ ਖਿਤਾਬ ਨਹੀਂ ਜਿੱਤਿਆ ਹੈ।