WTC ਫ਼ਾਈਨਲ ’ਚ ਸਪਾਟ ਪਿੱਚਾਂ ''ਤੇ ਕਮਾਲ ਕਰੇਗੀ ਭਾਰਤੀ ਟੀਮ : ਆਸ਼ੀਸ਼ ਨਹਿਰਾ
Sunday, May 23, 2021 - 12:24 PM (IST)
ਨਵੀਂ ਦਿੱਲੀ- ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਤੇਜ਼ ਗੇਂਦਬਾਜ਼ ਆਸ਼ੀਸ਼ ਨਹਿਰਾ ਦਾ ਮੰਨਣਾ ਹੈ ਕਿ ਟੀਮ ਇੰਡੀਆ ਦੇ ਗੇਂਦਬਾਜ਼ ਸਪਾਟ ਪਿੱਚਾਂ 'ਤੇ ਕਮਾਲ ਦਿਖਾ ਸਕਦੇ ਹਨ ਤੇ ਉਹ ਇੰਗਲੈਂਡ ਵਿਚ ਖੇਡੇ ਜਾਣ ਵਾਲੇ ਵਰਲਡ ਟੈਸਟ ਚੈਂਪੀਅਨਸ਼ਿਪ (ਡਬਲਯੂ. ਟੀ. ਸੀ.) ਦੇ ਫਾਈਨਲ ਵਿਚ ਕਮਾਲ ਦਾ ਪ੍ਰਦਰਸ਼ਨ ਕਰਨਗੇ। ਭਾਰਤ ਲਈ 17 ਟੈਸਟ ਤੇ 120 ਵਨ ਡੇ ਮੈਚ ਖੇਡਣ ਵਾਲੇ ਨਹਿਰਾ ਨੇ ਕਿਹਾ ਕਿ ਭਾਰਤ ਤੇ ਨਿਊਜ਼ੀਲੈਂਡ ਦੋਵਾਂ ਕੋਲ ਬਹੁਤ ਚੰਗੇ ਤੇਜ਼ ਗੇਂਦਬਾਜ਼ ਹਨ ਪਰ ਜੇ ਤੁਸੀਂ ਸਾਡੇ ਗੇਂਦਬਾਜ਼ਾਂ, ਬੁਮਰਾਹ ਤੇ ਸ਼ਮੀ ਨੂੰ ਦੇਖੋ ਤਾਂ ਉਹ ਸਪਾਟ ਪਿੱਚ 'ਤੇ ਵੀ ਚੰਗੀ ਗੇਂਦਬਾਜ਼ੀ ਕਰ ਸਕਦੇ ਹਨ। ਸਿਰਫ਼ ਬੁਮਰਾਹ ਤੇ ਸ਼ਮੀ ਹੀ ਨਹੀਂ ਇੱਥੇ ਇਸ਼ਾਂਤ ਵੀ ਹਨ ਤੇ ਉਨ੍ਹਾਂ ਕੋਲ ਤਾਂ 100 ਟੈਸਟ ਮੈਚਾਂ ਦਾ ਤਜਰਬਾ ਹੈ ਤੇ ਇਸ ਨੂੰ ਦੇਖਦੇ ਹੋਏ ਤਾਂ ਭਾਰਤੀ ਗੇਂਦਬਾਜ਼ਾਂ ਲਈ ਇਹ ਸੋਨੇ 'ਤੇ ਸੁਹਾਗਾ ਹੋਵੇਗਾ। ਡਬਲਯੂ. ਟੀ. ਸੀ. ਫਾਈਨਲ 18-22 ਜੂਨ ਨੂੰ ਸਾਊਥੈਂਪਟਨ ਵਿਚ ਹੋਵੇਗਾ। ਇਸ ਲਈ 4000 ਦਰਸ਼ਕਾਂ ਨੂੰ ਸਟੇਡੀਅਮ ਵਿਚ ਪ੍ਰਵੇਸ਼ ਦੀ ਇਜਾਜ਼ਤ ਦਿੱਤੀ ਗਈ ਹੈ।