ਏਸ਼ੇਜ਼ ਸੀਰੀਜ਼ : ਕੁਕ ਦੇ ਦੋਹਰੇ ਸੈਂਕੜੇ ਨਾਲ ਇੰਗਲੈਂਡ ਮਜ਼ਬੂਤ

12/29/2017 1:51:11 AM

ਮੈਲਬੋਰਨ— ਸਾਬਕਾ ਕਪਤਾਨ ਤੇ ਓਪਨਰ ਐਲਿਸਟੀਅਰ ਕੁਕ (ਅਜੇਤੂ 244) ਦੇ ਸ਼ਾਨਦਾਰ ਦੋਹਰੇ ਸੈਂਕੜੇ ਨਾਲ ਇੰਗਲੈਂਡ ਨੇ ਆਸਟ੍ਰੇਲੀਆ ਨੂੰ ਕਰਾਰਾ ਜਵਾਬ ਦਿੰਦਿਆਂ ਚੌਥੇ ਏਸ਼ੇਜ਼ ਟੈਸਟ ਦੇ ਤੀਜੇ ਦਿਨ ਵੀਰਵਾਰ ਨੂੰ 9 ਵਿਕਟਾਂ 'ਤੇ 491 ਦੌੜਾਂ ਬਣਾ ਕੇ ਆਪਣੀ ਸਥਿਤੀ ਬੇਹੱਦ ਮਜ਼ਬੂਤ ਕਰ ਲਈ ਹੈ। ਬਾਕਸਿੰਗ ਡੇ ਟੈਸਟ ਦੇ ਤੀਜੇ ਦਿਨ ਤੱਕ ਇੰਗਲੈਂਡ ਕੋਲ ਹੁਣ 164 ਦੌੜਾਂ ਦੀ ਬੜ੍ਹਤ ਹੋ ਗਈ ਹੈ ਤੇ ਉਸਦੀ ਅਜੇ ਇਕ ਵਿਕਟ ਬਾਕੀ ਹੈ।  ਕੁਕ 409 ਗੇਂਦਾਂ ਦਾ ਸਾਹਮਣਾ ਕਰ ਕੇ 244 ਦੌੜਾਂ ਬਣਾ ਕੇ ਕ੍ਰੀਜ਼ 'ਤੇ ਡਟਿਆ ਹੋਇਆ ਹੈ। ਕੁਕ ਨੇ ਆਪਣੀ ਇਸ ਬਿਹਤਰੀਨ ਪਾਰੀ ਵਿਚ 24 ਚੌਕੇ ਲਾਏ ਹਨ। ਕੁਕ ਦਾ ਇਹ ਪੰਜਵਾਂ ਦੋਹਰਾ ਸੈਂਕੜਾ ਹੈ ਤੇ ਪੁਰਾਣੇ ਵਿਰੋਧੀ ਆਸਟ੍ਰੇਲੀਆ ਵਿਰੁੱਧ ਉਸਦਾ ਇਹ ਸਰਵਸ੍ਰੇਸ਼ਠ ਸਕੋਰ ਹੈ। ਇਸ ਤੋਂ ਪਹਿਲਾਂ ਆਸਟ੍ਰੇਲੀਆ ਵਿਰੁੱਧ ਉਸਦਾ ਸਰਵਸ੍ਰੇਸ਼ਠ ਸਕੋਰ 235 ਦੌੜਾਂ ਸੀ। ਉਸਦਾ ਓਵਰਆਲ ਇਹ 33ਵਾਂ ਸੈਂਕੜਾ ਹੈ।
ਆਸਟ੍ਰੇਲੀਆ ਨੇ ਪਹਿਲੀ ਪਾਰੀ ਵਿਚ 327 ਦੌੜਾਂ ਬਣਾਈਆਂ ਸਨ ਪਰ ਕੁਕ ਦੇ ਦੋਹਰੇ ਸੈਂਕੜੇ ਦੇ ਦਮ 'ਤੇ ਇੰਗਲੈਂਡ ਨੇ ਮਜ਼ਬੂਤ ਬੜ੍ਹਤ ਬਣਾ ਕੇ ਕੰਗਾਰੂਆਂ 'ਤੇ ਆਪਣੀ ਸ਼ਿਕੰਜਾ ਕੱਸ ਦਿੱਤਾ ਹੈ। ਸੀਰੀਜ਼ ਵਿਚ 0-3 ਨਾਲ ਪਿਛੜੀ ਇੰਗਲੈਂਡ ਨੇ ਏਸ਼ੇਜ਼ ਵਿਚ ਪਹਿਲੀ ਵਾਰ ਦਮਦਾਰ ਪ੍ਰਦਰਸ਼ਨ ਕੀਤਾ ਹੈ। ਇੰਗਲੈਂਡ ਨੇ ਤੀਜੇ ਦਿਨ ਦੋ ਵਿਕਟਾਂ 'ਤੇ 192 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ ਸੀ। ਕੁਕ ਨੇ 104 ਤੇ ਜੋ ਰੂਟ ਨੇ 49 ਦੌੜਾਂ ਤੋਂ ਆਪਣੀ ਪਾਰੀ ਨੂੰ ਅੱਗੇ ਵਧਾਇਆ। ਇੰਗਲੈਂਡ ਨੇ ਦਿਨ ਭਰ ਦੀ ਖੇਡ ਵਿਚ 299 ਦੌੜਾਂ ਜੋੜੀਆਂ ਤੇ 7 ਵਿਕਟਾਂ ਗੁਆਈਆਂ। ਕਪਤਾਨ ਰੂਟ 61 ਦੌੜਾਂ ਬਣਾ ਕੇ ਆਊਟ ਹੋਇਆ। ਕੁਕ ਨੇ ਬਾਅਦ ਵਿਚ ਬੱਲੇਬਾਜ਼ਾਂ ਦੇ ਸਹਿਯੋਗ ਨਾਲ ਇੰਗਲੈਂਡ ਦੀ ਪਾਰੀ ਨੂੰ ਅੱਗੇ ਵਧਾਈ ਰੱਖਿਆ ਤੇ ਆਸਟ੍ਰੇਲੀਆ ਦੇ ਸਕੋਰ ਨੂੰ ਪਿੱਛੇ ਛੱਡ ਦਿੱਤਾ। ਕੁਕ ਨੇ ਸਟੂਅਰਟ ਬ੍ਰਾਡ (56) ਨਾਲ 9ਵੀਂ ਵਿਕਟ ਲਈ 100 ਦੌੜਾਂ ਦੀ ਬੇਸ਼ਕੀਮਤੀ ਸਾਂਝੇਦਾਰੀ ਕੀਤੀ।
ਬ੍ਰਾਡ ਇਕ ਵਿਵਾਦਪੂਰਨ ਕੈਚ ਕਾਰਨ ਆਊਟ ਹੋਇਆ। ਉਸ ਨੇ ਪੈਟ ਕਮਿੰਸ ਦੀ ਗੇਂਦ ਨੂੰ ਉੱਚਾ ਖੇਡ ਦਿੱਤਾ ਤੇ ਉਸਮਾਨ ਖਵਾਜਾ ਨੇ ਛਲਾਂਗ ਲਾ ਕੇ ਹੇਠਾਂ ਤੋਂ ਕੈਚ ਫੜਿਆ ਪਰ ਇਹ ਸਪੱਸ਼ਟ ਨਹੀਂ ਸੀ ਕਿ ਖਵਾਜਾ ਨੇ ਸਫਾਈ ਨਾਲ ਕੈਚ ਫੜਿਆ ਹੈ ਜਾਂ ਨਹੀਂ। ਮਾਮਲਾ ਤੀਜੇ ਅੰਪਾਇਰ ਕੋਲ ਗਿਆ ਤੇ ਕਾਫੀ ਰੀਪਲੇਅ ਦੇਖਣ ਤੋਂ ਬਾਅਦ ਬ੍ਰਾਡ ਨੂੰ ਆਊਟ ਕਰਾਰ ਦਿੱਤਾ ਗਿਆ। ਬ੍ਰਾਡ ਇਸ ਫੈਸਲੇ ਤੋਂ ਸੰਤੁਸ਼ਟ ਨਹੀਂ ਸੀ ਪਰ ਉਸ ਨੂੰ ਪੈਵੇਲੀਅਨ ਪਰਤਣਾ ਪਿਆ।
ਬ੍ਰਾਡ ਨੇ 63 ਗੇਂਦਾਂ 'ਤੇ 56 ਦੌੜਾਂ ਦੀ ਪਾਰੀ ਵਿਚ 8 ਚੌਕੇ ਤੇ ਇਕ ਛੱਕਾ ਲਾਇਆ। ਕੁਕ ਤੇ ਬ੍ਰਾਡ ਵਿਚਾਲੇ ਸੈਂਕੜੇ ਵਾਲੀ ਸਾਂਝੇਦਾਰੀ ਨੇ ਇੰਗਲੈਂਡ ਨੂੰ ਇਸ ਟੈਸਟ ਵਿਚ ਡਰਾਈਵ ਸੀਟ 'ਤੇ ਪਹੁੰਚਾ ਦਿੱਤਾ। ਇੰਗਲੈਂਡ ਲਈ ਜਾਨੀ ਬੇਅਰਸਟ੍ਰਾ ਨੇ 22, ਮੋਈਨ ਅਲੀ ਨੇ 20 ਤੇ ਕ੍ਰਿਸ ਵੋਕਸ ਨੇ 26 ਦੌੜਾਂ ਬਣਾਈਆਂ। ਆਸਟ੍ਰੇਲੀਆ ਵੱਲੋਂ ਜੋਸ਼ ਹੇਜ਼ਲਵੁਡ ਨੇ 95 ਦੌੜਾਂ 'ਤੇ 3 ਵਿਕਟਾਂ, ਨਾਥਨ ਲਿਓਨ ਨੇ 109 ਦੌੜਾਂ 'ਤੇ 3 ਵਿਕਟਾਂ ਤੇ ਪੈਟ ਕਮਿੰਸ ਨੇ 117 ਦੌੜਾਂ 'ਤੇ 3 ਵਿਕਟਾਂ ਲਈਆਂ।


Related News