ਅਰਸ਼ਦੀਪ ਸਿੰਘ ਨੇ ਟੀ20 ਵਿਸ਼ਵ ਕੱਪ 'ਚ ਆਪਣੀ ਸਫਲਤਾ ਦਾ ਸਿਹਰਾ ਇਸ ਭਾਰਤੀ ਗੇਂਦਬਾਜ਼ ਨੂੰ ਦਿੱਤਾ
Tuesday, Nov 01, 2022 - 09:08 PM (IST)
ਸਪੋਰਟਸ ਡੈਸਕ : ਅਰਸ਼ਦੀਪ ਸਿੰਘ ਮੌਜੂਦਾ ਟੀ-20 ਵਿਸ਼ਵ ਕੱਪ ਵਿਚ ਆਪਣੀ ਸਫਲਤਾ ਦਾ ਸਿਹਰਾ ਭੁਵਨੇਸ਼ਵਰ ਕੁਮਾਰ ਨੂੰ ਦਿੰਦੇ ਹਨ ਕਿਉਂਕਿ ਉਨ੍ਹਾਂ ਨੂੰ ਲਗਦਾ ਹੈ ਕਿ ਇਹ ਸੀਨੀਅਰ ਤੇਜ਼ ਗੇਂਦਬਾਜ਼ ਪਾਵਰਪਲੇਅ ਦੇ ਓਵਰਾਂ ਵਿਚ ਲਗਾਤਾਰ ਦਬਾਅ ਬਣਾ ਰਿਹਾ ਹੈ ਜਿਸ ਨਾਲ ਉਨ੍ਹਾਂ ਲਈ ਵਿਕਟਾਂ ਹਾਸਲ ਕਰਨਾ ਸੌਖਾ ਹੋ ਗਿਆ ਹੈ। ਅਰਸ਼ਦੀਪ ਨੇ ਪਾਕਿਸਤਾਨ ਤੇ ਦੱਖਣੀ ਅਫਰੀਕਾ ਖ਼ਿਲਾਫ਼ ਆਪਣੇ ਸ਼ੁਰੂਆਤੀ ਓਵਰਾਂ ਵਿਚ ਕ੍ਰਮਵਾਰ ਬਾਬਰ ਆਜ਼ਮ ਤੇ ਕਵਿੰਟਨ ਡਿਕਾਕ ਵਰਗੇ ਚੋਟੀ ਦੇ ਬੱਲੇਬਾਜ਼ਾਂ ਨੂੰ ਆਊਟ ਕਰ ਕੇ ਭਾਰਤ ਨੂੰ ਮਹੱਤਵਪੂਰਨ ਸਫਲਤਾ ਦਿਵਾਈ।
ਅਰਸ਼ਦੀਪ ਨੇ ਤਿੰਨ ਮੈਚਾਂ ਵਿਚ 7.83 ਦੇ ਇਕਾਨਮੀ ਰੇਟ ਨਾਲ ਸੱਤ ਵਿਕਟਾਂ ਹਾਸਲ ਕੀਤੀਆਂ ਹਨ। ਭੁਵਨੇਸ਼ਵਰ ਦੇ ਨਾਂ ਇੰਨੇ ਹੀ ਮੈਚਾਂ ਵਿਚ ਤਿੰਨ ਵਿਕਟਾਂ ਹਨ ਪਰ ਉਨ੍ਹਾਂ ਨੇ 10.4 ਓਵਰਾਂ ਵਿਚ ਸਿਰਫ਼ 4.87 ਦੇ ਇਕਾਨਮੀ ਰੇਟ ਨਾਲ ਦੌੜਾਂ ਦਿੰਦੇ ਹੋਏ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਅਰਸ਼ਦੀਪ ਨੇ ਕਿਹਾ ਕਿ ਅਸੀਂ ਬੱਲੇਬਾਜ਼ਾਂ ਦੀਆਂ ਕਮਜ਼ੋਰੀਆਂ ਨੂੰ ਧਿਆਨ ਵਿਚ ਰੱਖਦੇ ਹਾਂ। ਮੈਂ ਤੇ ਭੁਵੀ ਭਰਾ ਸ਼ੁਰੂਆਤ ਵਿਚ ਕੁਝ ਸਵਿੰਗ ਹਾਸਲ ਕਰ ਕੇ ਬੱਲੇਬਾਜ਼ਾਂ ਨੂੰ ਭੁਲੇਖਾ ਪਾਉਣ ਦੀ ਕੋਸ਼ਿਸ਼ ਕਰਦੇ ਹਾਂ। ਮੈਂ ਬੱਲੇਬਾਜ਼ ਨੂੰ ਨਿਸ਼ਾਨਾ ਬਣਾ ਸਕਦਾ ਹਾਂ ਕਿਉਂਕਿ ਭੁਵੀ ਇੰਨੀ ਕਿਫ਼ਾਇਤੀ ਗੇਂਦਬਾਜ਼ੀ ਕਰ ਰਹੇ ਹਨ ਕਿ ਬੱਲੇਬਾਜ਼ ਪਹਿਲਾਂ ਤੋਂ ਹੀ ਦਬਾਅ ਵਿਚ ਹੁੰਦੇ ਹਨ।
ਮੇਰੀ ਕਾਮਯਾਬੀ ਦਾ ਮਾਣ ਉਨ੍ਹਾਂ ਨੂੰ ਜਾਂਦਾ ਹੈ। ਬੱਲੇਬਾਜ਼ ਉਨ੍ਹਾਂ ਖ਼ਿਲਾਫ਼ ਜੋਖ਼ਮ ਨਹੀਂ ਉਠਾ ਰਹੇ ਹਨ ਤੇ ਮੇਰੇ ਨਾਲ ਅਜਿਹਾ ਕਰ ਰਹੇ ਹਨ ਇਸ ਲਈ ਅਸੀਂ ਚੰਗੀ ਸਾਂਝੇਦਾਰੀ ਕੀਤੀ ਹੈ। ਗੇਂਦਬਾਜ਼ੀ ਸਾਂਝੇਦਾਰੀ ਓਨੀ ਹੀ ਮਹੱਤਵਪੂਰਨ ਹੈ ਜਿੰਨੀ ਕਿ ਬੱਲੇਬਾਜ਼ੀ ਸਾਂਝੇਦਾਰੀ। ਆਪਣੇ ਛੋਟੇ ਕਰੀਅਰ ਦੌਰਾਨ ਪਰਥ ਦੀ ਵਿਕਟ ਨੂੰ ਸਭ ਤੋਂ ਤੇਜ਼ ਮੰਨਣ ਵਾਲੇ ਅਰਸ਼ਦੀਪ ਨੇ ਕਿਹਾ ਕਿ ਜਦ ਤੁਸੀਂ ਸ਼ੁਰੂਆਤ ਵਿਚ ਵਿਕਟ ਲੈਂਦੇ ਹੋ ਤਾਂ ਆਤਮਵਿਸ਼ਵਾਸ ਹਾਸਲ ਕਰਦੇ ਹੋ ਤੇ ਟੀਮ ਵੀ ਤੁਹਾਡੀ ਸਮਰੱਥਾ ’ਤੇ ਯਕੀਨ ਕਰਦੀ ਹੈ।
ਪਰਥ ਦਾ ਸਟੇਡੀਅਮ ਦਾ ਟ੍ਰੈਕ ਗੇਂਦਬਾਜ਼ੀ ਕਰਨ ਲਈ ਸ਼ਾਨਦਾਰ ਸੀ। ਇਹ ਕਿਸੇ ਵੀ ਤੇਜ਼ ਗੇਂਦਬਾਜ਼ ਲਈ ਸ਼ਾਨਦਾਰ ਵਿਕਟ ਸੀ ਤੇ ਸ਼ਾਇਦ ਮੇਰੇ ਕਰੀਅਰ ਵਿਚ ਵੀ ਸਭ ਤੋਂ ਤੇਜ਼ ਪਿੱਚ। ਅਜਿਹੀ ਵਿਕਟ ’ਤੇ ਹਰ ਗੇਂਦਬਾਜ਼ ਲਈ ਆਦਰਸ਼ ਲੈਂਥ ਬਦਲ ਜਾਵੇਗੀ। ਜਿਸ ਦਿਨ ਗੇਂਦ ਥੋੜ੍ਹੀ ਸਵਿੰਗ ਕਰਦੀ ਹੈ ਉਸ ਦਿਨ ਤੁਸੀਂ ਫੁਲ ਲੈਂਥ ਨਾਲ ਗੇਂਦਬਾਜ਼ੀ ਕਰਨਾ ਚਾਹੋਗੇ ਤੇ ਵਿਕਟ ਤੋਂ ਕੋਈ ਮਦਦ ਨਹੀਂ ਮਿਲਦੀ ਤਾਂ ਤੁਸੀਂ ਆਮ ਹਾਰਡ ਲੈਂਥ ਨਾਲ ਗੇਂਦਬਾਜ਼ੀ ਕਰਦੇ ਹੋ। ਅਰਸ਼ਦੀਪ ਨੇ ਇਸ ਸਵਾਲ ਨੂੰ ਨਜ਼ਰਅੰਦਾਜ਼ ਕੀਤਾ ਕਿ ਰਵੀਚੰਦਰਨ ਅਸ਼ਵਿਨ ਨੂੰ 18ਵਾਂ ਓਵਰ ਕਿਉਂ ਦਿੱਤਾ ਗਿਆ। ਉਨ੍ਹਾਂ ਨੇ ਕਿਹਾ ਕਿ ਜੇ ਤੁਸੀਂ ਪੰਜ ਗੇਂਦਬਾਜ਼ਾਂ ਨਾਲ ਖੇਡ ਰਹੇ ਹੋ ਤਾਂ ਜਿੱਥੇ ਵੀ ਰੋਹਿਤ ਨੂੰ ਲੱਗਾ ਕਿ ਅਸ਼ਵਿਨ ਨੂੰ ਲਿਆਉਣਾ ਚਾਹੀਦਾ ਹੈ ਤਾਂ ਉਨ੍ਹਾਂ ਨੇ ਅਜਿਹਾ ਕੀਤਾ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।