ਅਰਜਨਟੀਨਾ ਸ਼ਾਨ ਨਾਲ ਕੋਪਾ ਅਮਰੀਕਾ ਦੇ ਸੈਮੀਫਾਈਨਲ ’ਚ
Monday, Jul 05, 2021 - 12:57 PM (IST)
ਸਪੋਰਟਸ ਡੈਸਕ : ਲਿਓਨਿਲ ਮੇਸੀ ਦੇ 76ਵੇਂ ਕੌਮਾਂਤਰੀ ਗੋਲ ਦੀ ਮਦਦ ਨਾਲ ਅਰਜਨਟੀਨਾ ਨੇ ਇਕਵਾਡੋਰ ਨੂੰ 3-0 ਨਾਲ ਕਰਾਰੀ ਹਾਰ ਦੇ ਕੇ ਕੋਪਾ ਅਮਰੀਕਾ ਫੁੱਟਬਾਲ ਟੂਰਨਾਮੈਂਟ ਦੇ ਸੈਮੀਫਾਈਨਲ ਵਿਚ ਪ੍ਰਵੇਸ਼ ਕਰ ਲਿਆ ਹੈ, ਜਿੱਥੇ ਉਸ ਦਾ ਸਾਹਮਣਾ ਕੋਲੰਬੀਆ ਨਾਲ ਹੋਵੇਗਾ। ਮੇਸੀ ਨੇ ਇੱਥੇ ਖੇਡੇ ਗਏ ਮੈਚ ਵਿਚ ਅਰਜਨਟੀਨਾ ਵਲੋਂ ਤੀਜਾ ਗੋਲ ਕੀਤਾ ਤੇ ਇਸ ਤੋਂ ਪਹਿਲਾਂ ਦੇ ਦੋਵੇਂ ਗੋਲ ਕਰਨ ਵਿਚ ਮਦਦ ਕੀਤੀ। ਹੁਣ ਉਹ ਦੱਖਣੀ ਅਮਰੀਕਾ ਵਿਚ ਸਭ ਤੋਂ ਵੱਧ ਗੋਲ ਕਰਨ ਦੇ ਪੇਲੇ ਦੇ ਰਿਕਾਰਡ ਦੀ ਬਰਾਬਰੀ ਕਰਨ ਤੋਂ ਸਿਰਫ ਇਕ ਗੋਲ ਪਿੱਛੇ ਹੈ। ਇਸ ਜਿੱਤ ਨਾਲ ਮੇਸੀ ਨੇ ਪਹਿਲਾ ਵੱਡਾ ਕੌਮਾਂਤਰੀ ਟੂਰਨਾਮੈਂਟ ਜਿੱਤਣ ਦੀਆਂ ਉਮੀਦਾਂ ਵੀ ਜਿਊਂਦੀਆਂ ਰੱਖੀਆਂ ਹਨ।
ਅਰਜਨਟੀਨਾ ਮੰਗਲਵਾਰ ਨੂੰ ਸੈਮੀਫਾਈਨਲ ਵਿਚ ਕੋਲੰਬੀਆ ਨਾਲ ਭਿੜੇਗਾ, ਜਿਸ ਨੇ ਇਕ ਮੈਚ ਵਿਚ ਉਰੁਗੂਵੇ ਨੂੰ ਪੈਨਲਟੀ ਸ਼ੂਟਆਊਟ ਵਿਚ ਹਰਾਇਆ ਸੀ। ਦੂਜਾ ਸੈਮੀਫਾਈਨਲ ਬ੍ਰਾਜ਼ੀਲ ਤੇ ਪੇਰੂ ਵਿਚਾਲੇ ਖੇਡਿਆ ਜਾਵੇਗਾ। ਗੋਇਨੀਆ ਦੇ ਓਲੰਪਿਕੋ ਸਟੇਡੀਅਮ ਵਿਚ ਖੇਡੇ ਗਏ ਮੈਚ ਵਿਚ ਰੋਡ੍ਰਿਗੋ ਡੀ ਪਾਲ ਨੇ 39ਵੇਂ ਮਿੰਟ ਵਿਚ ਪਹਿਲਾ ਗੋਲ ਕੀਤਾ। ਲਾਟਾਰੋ ਮਾਰਟੀਨੇਜ ਨੇ 84ਵੇਂ ਮਿੰਟ ਵਿਚ ਦੂਜਾ ਗੋਲ ਕੀਤਾ। ਬਾਰਸੀਲੋਨਾ ਨਾਲ ਕਰਾਰ ਖਤਮ ਹੋਣ ਤੋਂ ਬਾਅਦ ਆਪਣਾ ਪਹਿਲਾ ਮੈਚ ਖੇਡ ਰਹੇ ਮੇਸੀ ਨੇ ਇਨ੍ਹਾਂ ਦੋਵਾਂ ਨੂੰ ਗੋਲ ਕਰਨ ਵਿਚ ਮਦਦ ਕੀਤੀ। ਮੇਸੀ ਨੇ ਮੈਚ ਦੇ ਆਖਰੀ ਪਲਾਂ ਵਿਚ ਫ੍ਰੀ ਕਿੱਕ ’ਤੇ ਅਰਜਨਟੀਨਾ ਵਲੋਂ ਤੀਜਾ ਗੋਲ ਕੀਤਾ। ਇਹ ਟੂਰਨਾਮੈਂਟ ਵਿਚ ਉਸਦਾ ਚੌਥਾ ਗੋਲ ਹੈ। ਅਰਜਨਟੀਨਾ ਦੀ ਜਿੱਤ ਦਾ ਫਰਕ ਇਸ ਤੋਂ ਵੀ ਬਿਹਤਰ ਹੁੰਦਾ ਪਰ ਉਸ ਨੇ ਗੋਲ ਕਰਨ ਦੇ ਕਈ ਮੌਕੇ ਗੁਆਏ, ਜਿਸ ’ਚ ਟੀਮ ਅੱਗੇ ਦੇ ਮਹੱਤਵਪੂਰਨ ਮੈਚ ਤੋਂ ਪਹਿਲਾਂ ਸੁਧਾਰ ਕਰਨਾ ਚਾਹੇਗੀ।