ਓਲੰਪਿਕ 'ਚ ਮੈਡਲ ਨਾ ਮਿਲਣ 'ਤੇ ਸਾਡੀ ਮਾਨਸਿਕਤਾ 'ਤੇ ਅਸਰ ਪਿਆ : ਤੀਰਅੰਦਾਜ਼ ਦੀਪਿਕਾ ਕੁਮਾਰੀ
Tuesday, Aug 10, 2021 - 10:45 AM (IST)
ਸਪੋਰਟਸ ਡੈਸਕ ਭਾਰਤ ਦੀ ਸਟਾਰ ਤੀਰਅੰਦਾਜ਼ ਦੀਪਿਕਾ ਕੁਮਾਰੀ ਨੇ ਮੰਨਿਆ ਕਿ ਉਨ੍ਹਾਂ ਨੂੰ ਓਲੰਪਿਕ ਖੇਡਾਂ 'ਚ ਦਬਾਅ 'ਚ ਆਉਣ ਤੋਂ ਬਚਣ ਦੀ ਜ਼ਰੂਰਤ ਹੈ ਤੇ ਭਵਿੱਖ 'ਚ ਉਮੀਦ ਮੁਤਾਬਕ ਨਤੀਜੇ ਹਾਸਲ ਕਰਨ ਲਈ ਖੇਡਾਂ ਦੇ ਸਭ ਤੋਂ ਵੱਡੇ ਮੰਚ ਨੂੰ ਵੱਖਰੇ ਨਜ਼ਰੀਏ ਨਾਲ ਦੇਖਣ ਦੀ ਜ਼ਰੂਰਤ ਹੈ। ਇਸ ਸਾਲ ਵਿਸ਼ਵ ਕੱਪ 'ਚ ਕਈ ਮੈਡਲ ਜਿੱਤਣ ਵਾਲੀ ਦੀਪਿਕਾ ਚੰਗੀ ਫਾਰਮ 'ਚ ਚੱਲ ਰਹੀ ਸੀ ਤੇ 27 ਸਾਲ ਦੀ ਇਸ ਖਿਡਾਰਨ ਤੋਂ ਟੋਕੀਓ ਓਲੰਪਿਕ 'ਚ ਭਾਰਤ ਲਈ ਤੀਰਅੰਦਾਜ਼ੀ ਦਾ ਪਹਿਲਾ ਓਲੰਪਿਕ ਮੈਡਲ ਜਿੱਤਣ ਦੀ ਉਮੀਦ ਸੀ। ਦੀਪਿਕਾ ਨੂੰ ਹਾਲਾਂਕਿ ਨਿੱਜੀ ਤੇ ਮਿਕਸਡ ਡਬਲਜ਼ ਦੋਵਾਂ ਮੁਕਾਬਲਿਆਂ ਦੇ ਕੁਆਰਟਰ ਫਾਈਨਲ 'ਚ ਹਾਰ ਦਾ ਸਾਹਮਣਾ ਕਰਨਾ ਪਿਆ ਜਿਸ ਨਾਲ ਇਕ ਵਾਰ ਫਿਰ ਓਲੰਪਿਕ 'ਚ ਉਨ੍ਹਾਂ ਦੀ ਮੁਹਿੰਮ ਦਾ ਨਿਰਾਸ਼ਾਜਨਕ ਅੰਤ ਹੋਇਆ।
ਕੋਲਕਾਤਾ ਪਰਤਨ ਤੋਂ ਬਾਅਦ ਦੀਪਿਕਾ ਨੇ ਕਿਹਾ, 'ਉਹ ਪੰਜ ਛੱਲਿਆਂ (ਓਲੰਪਿਕ ਰਿੰਗ) ਦਾ ਦਬਾਅ ਹਾਵੀ ਹੋ ਰਿਹਾ ਹੈ।' ਦੀਪਿਕਾ ਨੇ ਕਿਹਾ ਕਿ ਉਹ ਸਮਝ ਸਕਦੀ ਹੈ ਕਿ ਮੈਡਲ ਦੇ ਪਿੱਛੇ ਭੱਜਣ ਦੀ ਜਗ੍ਹਾ ਉਨ੍ਹਾਂ ਨੂੰ ਓਲੰਪਿਕ 'ਚ ਹਰ ਪਲ ਦਾ ਮਜ਼ਾ ਲੈਣ 'ਤੇ ਕੰਮ ਕਰਨ ਦੀ ਜ਼ਰੂਰਤ ਹੈ, ਜਿਸ ਦੀ ਉਨ੍ਹਾਂ ਨੂੰ ਕਮੀ ਮਹਿਸੂਸ ਹੁੰਦੀ ਹੈ। ਉਨ੍ਹਾਂ ਕਿਹਾ, 'ਸਾਰੇ ਕਹਿ ਰਹੇ ਹਨ ਕਿ ਸਾਡੇ ਕੋਲ ਮੈਡਲ ਨਹੀਂ ਹੈ। ਅਸੀਂ ਇਸ ਬਾਰੇ ਉੱਥੇ ਹਜ਼ਾਰ ਵਾਰ ਸੋਚਿਆ ਤੇ ਇਹ ਸਾਡੀ ਮਾਨਸਿਕਤਾ 'ਤੇ ਹਾਵੀ ਰਿਹਾ। ਇਸ ਦਾ ਮਾਨਸਿਕ ਅਸਰ ਰਿਹਾ ਤੇ ਸਾਡੀ ਤਕਨੀਕ ਪ੍ਰਭਾਵਤ ਹੋਈ। ਸਮਾਂ ਆ ਗਿਆ ਹੈ ਕਿ ਮੈਂ ਆਪਣੀ ਖੇਡ ਦਾ ਵਿਸ਼ਲੇਸ਼ਣ ਕਰਾਂ ਤੇ ਇਸ ਨੂੰ ਵੱਖਰੇ ਨਜ਼ਰੀਏ ਨਾਲ ਦੇਖਾਂ। ਕਾਫੀ ਚੀਜ਼ਾਂ ਦੀ ਕਮੀ ਮਹਿਸੂਸ ਹੋ ਰਹੀ ਹੈ। ਅਸਲ 'ਚ ਸਾਨੂੰ ਆਪਣੀ ਖੇਡ ਦਾ ਨਜ਼ਰੀਆ ਬਦਲਣ ਦੀ ਲੋੜ ਹੈ।'
ਉਨ੍ਹਾਂ ਕਿਹਾ, 'ਸਾਨੂੰ ਸਾਰੇ ਮੁਕਾਬਲਿਆਂ ਨੂੰ ਇਕ ਨਜ਼ਰ ਨਾਲ ਦੇਖਣਾ ਪਵੇਗਾ ਭਾਵੇਂ ਇਹ ਵਿਸ਼ਵ ਕੱਪ ਹੋਵੇ, ਵਿਸ਼ਵ ਚੈਂਪੀਅਨਸ਼ਿਪ ਜਾਂ ਓਲੰਪਿਕ। ਪਰ ਓਲੰਪਿਕ 'ਚ ਅਸੀਂ ਮੈਡਲ ਬਾਰੇ ਜ਼ਿਆਦਾ ਸੋਚਦੇ ਹਾਂ। ਓਲੰਪਿਕ 'ਚ ਪੁੱਜਣ ਤੋਂ ਬਾਅਦ ਅਸੀਂ ਮੈਡਲ ਜਿੱਤਣ ਦੇ ਵਿਚਾਰ ਤੋਂ ਦੂਰ ਨਹੀਂ ਹੋ ਪਾਉਂਦੇ। ਸਾਨੂੰ ਇਸ 'ਤੇ ਕੰਮ ਕਰਨ ਦੀ ਜ਼ਰੂਰਤ ਹੈ।' ਦੀਪਿਕਾ ਨੂੰ ਵਿਅਕਤੀਗਤ ਕੁਆਰਟਰ ਫਾਈਨਲ 'ਚ ਕੋਈਆ ਦੀ 20 ਸਾਲ ਦੀ ਆਨ ਸਾਨ ਖ਼ਿਲਾਫ਼ ਸਿੱਧੇ ਸੈੱਟਾਂ 'ਚ ਹਾਰ ਦਾ ਸਾਹਮਣਾ ਕਰਨਾ ਪਿਆ। ਦੀਪਿਕਾ ਨੇ ਇਸ ਤੋਂ ਪਹਿਲਾਂ ਪ੍ਰੀ-ਕੁਆਰਟਰ ਫਾਈਨਲ 'ਚ ਸੇਨੀਆ ਪੇਰੋਵਾ ਨੂੰ ਹਰਾਇਆ ਸੀ।