ਮਾਸਪੇਸ਼ੀਆਂ ’ਚ ਖਿੱਚਾਅ ਕਾਰਨ ਮਰੇ ਟੋਕੀਓ ਓਲੰਪਿਕ ’ਚ ਟੈਨਿਸ ਦੇ ਸਿੰਗਲ ਮੁਕਾਬਲੇ ਤੋਂ ਬਾਹਰ
Sunday, Jul 25, 2021 - 11:01 AM (IST)
ਟੋਕੀਓ– ਬ੍ਰਿਟੇਨ ਦੇ ਦੋ ਵਾਰ ਦੇ ਮੌਜੂਦਾ ਚੈਂਪੀਅਨ ਐਂਡੀ ਮਰੇ ਸੱਜੇ ਪੈਰ ਦੀਆਂ ਮਾਸਪੇਸ਼ੀਆਂ ’ਚ ਖਿੱਚਾਅ ਕਾਰਨ ਐਤਵਾਰ ਨੂੰ ਟੋਕੀਓ ਓਲੰਪਿਕ ਖੇਡਾਂ ਦੀ ਟੈਨਿਸ ਪ੍ਰਤੀਯੋਗਿਤਾ ਦੇ ਪੁਰਸ਼ ਸਿੰਗਲ ਮੁਕਾਬਲੇ ਤੋਂ ਹਟ ਗਏ। ਬ੍ਰਿਟੇਨ ਦੇ ਇਸ ਖਿਡਾਰੀ ਨੇ ਸੈਂਟਰ ਕੋਰਟ ’ਤੇ ਕੈਨੇਡਾ ਦੇ ਨੌਵਾਂ ਦਰਜਾ ਪ੍ਰਾਪਤ ਫੇਲਿਕਸ ਆਗੁਰ ਅਲੀਆਸਾਮੀ ਖਿਲਾਫ਼ ਮੈਚ ਤੋਂ ਪਹਿਲਾਂ ਇਹ ਫ਼ੈਸਲਾ ਕੀਤਾ।
ਮਰੇ ਆਪਣੇ ਜੋੜੀਦਾਰ ਜੋ ਸੇਲਿਸਬਰੀ ਦੇ ਨਾਲ ਮਿਲ ਕੇ ਹਾਲਾਂਕਿ ਖੇਡਦੇ ਰਹਿਣਗੇ। ਮਰੇ ਤੇ ਸੇਲਿਸਬਰੀ ਨੇ ਸ਼ਨੀਵਾਰ ਨੂੰ ਫ਼ਰਾਂਸ ਦੇ ਪੀਅਰੇ ਹਿਊਜ ਹਰਬਰਟ ਤੇ ਨਿਕੋਲਸ ਮਾਹੂਟ ਨੂੰ 6-3, 6-2 ਨਾਲ ਹਰਾਇਆ ਸੀ। ਮਰੇ ਨੇ ਕਿਹਾ, ‘‘ਮੈਂ ਸਿੰਗਲ ਤੋਂ ਹਟਣ ਕਾਰਨ ਅਸਲ ’ਚ ਨਿਰਾਸ਼ ਹਾਂ ਪਰ ਮੈਡੀਕਲ ਦਲ ਨੇ ਮੈਨੂੰ ਦੋਵੇਂ ਮੁਕਾਬਲਿਆਂ ’ਚੋਂ ਕਿਸੇ ਇਕ ’ਚ ਹੀ ਹਿੱਸਾ ਲੈਣ ਦੀ ਸਲਾਹ ਦਿੱਤੀ ਸੀ।ਇਸ ਲਈ ਮੈਂ ਸਿੰਗਲ ਤੋਂ ਹਟਣ ਦਾ ਮੁਸ਼ਕਲ ਫ਼ੈਸਲਾ ਕੀਤਾ। ਹੁਣ ਮੇਰਾ ਪੂਰਾ ਧਿਆਨ ਡਬਲਜ਼ ’ਚ ਰਹੇਗਾ।’’