ਮੰਕੀਗੇਟ ਕਾਂਡ ਤੋਂ ਬਾਅਦ ਐਂਡ੍ਰਿਊ ਸਾਈਮੰਡਸ ਦੀ ਜ਼ਿੰਦਗੀ ’ਚ ਆਇਆ ਸੀ ਵੱਡਾ ਬਦਲਾਅ
Sunday, May 15, 2022 - 05:15 PM (IST)
ਸਪੋਰਟਸ ਡੈਸਕ : ਆਸਟ੍ਰੇਲੀਆ ਦੇ ਸਾਬਕਾ ਧਾਕੜ ਆਲਰਾਊਂਡਰ ਐਂਡ੍ਰਿਊ ਸਾਈਮੰਡਸ ਦੀ ਸ਼ਨੀਵਾਰ ਨੂੰ ਭਿਆਨਕ ਸੜਕ ਹਾਦਸੇ ’ਚ ਮੌਤ ਹੋ ਗਈ। ਸਾਈਮੰਡਸ ਦੀ ਅਚਾਨਕ ਮੌਤ ਦੀ ਖ਼ਬਰ ਆਉਂਦਿਆਂ ਕ੍ਰਿਕਟ ਜਗਤ ’ਚ ਸ਼ੋਕ ਦੀ ਲਹਿਰ ਫ਼ੈਲ ਗਈ ਹੈ। ਆਪਣੀ ਖੇਡ ਕਾਰਨ ਸਾਈਮੰਡਸ ਨੂੰ ਦੁਨੀਆ ਦੇ ਸਭ ਤੋਂ ਸ਼ਾਨਦਾਰ ਬੱਲੇਬਾਜ਼ਾਂ ’ਚ ਇਕ ਮੰਨਿਆ ਜਾਂਦਾ ਸੀ। ਐਂਡ੍ਰਿਊ ਸਾਈਮੰਡਸ ਦਾ ਕਰੀਅਰ ਕਈ ਵਿਵਾਦਾਂ ’ਚ ਘਿਰਿਆ ਰਿਹਾ, ਉਨ੍ਹਾਂ ’ਚੋਂ ਸਭ ਤੋਂ ਜ਼ਿਆਦਾ ਚਰਚਾ 2008 ’ਚ ਵਾਪਰੇ ਮੰਕੀਗੇਟ ਕਾਂਡ ਨੇ ਬਟੋਰੀ। ਸਾਈਮੰਡਸ ਨੇ ਖ਼ੁਦ ਮੰਕੀਗੇਟ ਕਾਂਡ ਨੂੰ ਲੈ ਕੇ ਖ਼ੁਲਾਸਾ ਕੀਤਾ ਸੀ ਕਿ ਇਸ ਤੋਂ ਬਾਅਦ ਉਸ ਦੇ ਜੀਵਨ ’ਚ ਕੀਤ ਬਦਲਾਅ ਆਇਆ ਸੀ। ਉਨ੍ਹਾਂ ਆਸਟ੍ਰੇਲੀਅਨ ਬ੍ਰਾਡਕਾਸਟਿੰਗ ਕਾਰਪੋਰੇਸ਼ਨ ਨੂੰ ਕਿਹਾ ਸੀ ਕਿ ਉਸ ਪਲ ਤੋਂ ਬਾਅਦ ਮੇਰੇ ਜੀਵਨ ’ਚ ਬਹੁਤ ਵੱਡਾ ਬਦਲਾਅ ਆ ਗਿਆ। ਮੈਂ ਇਸ ਘਟਨਾ ਤੋਂ ਬਾਅਦ ਇੰਨਾ ਪ੍ਰੇਸ਼ਾਨ ਰਹਿਣ ਲੱਗਾ ਕਿ ਮੈਂ ਖ਼ੁਦ ਨੂੰ ਸ਼ਰਾਬ ਦਾ ਆਦੀ ਬਣਾ ਲਿਆ। ਮੇਰਾ ਜੀਵਨ ਮੇਰੇ ਆਲੇ ਦੁਆਲੇ ਖ਼ਰਾਬ ਹੋਣ ਲੱਗਾ। ਇਸ ਕਾਂਡ ਨੂੰ ਲੈ ਕੇ ਮੈਂ ਆਪਣੇ ਆਪ ’ਤੇ ਦਬਾਅ ਮਹਿਸੂਸ ਕਰਨ ਲੱਗਾ ਕਿਉਂਕਿ ਇਸ ਵਿਚ ਉਨ੍ਹਾਂ ਸਾਥੀਆਂ ਨੂੰ ਵੀ ਘਸੀਟਿਆ ਗਿਆ, ਜੋ ਇਸ ਵਿਚ ਸ਼ਾਮਲ ਹੋਣ ਦੇ ਹੱਕਦਾਰ ਨਹੀਂ ਸਨ। ਦੱਸ ਦੇਈਏ ਕਿ ਭਾਰਤ ਦੇ 2007-2008 ’ਚ ਆਸਟ੍ਰੇਲੀਆ ਦੌਰੇ ਦੌਰਾਨ ਮੰਕੀਗੇਟ ਵਿਵਾਦ ਹੋਇਆ ਸੀ।
ਇਹ ਵੀ ਪੜ੍ਹੋ : ਅਮਰੀਕਾ ਤੋਂ ਆਈ ਮੰਦਭਾਗੀ ਖ਼ਬਰ, ਪੰਜਾਬੀ ਨੌਜਵਾਨ ਦੀ ਭੇਤਭਰੇ ਹਾਲਾਤ ’ਚ ਹੋਈ ਮੌਤ
ਇਸ ਦੌਰਾਨ ਭਾਰਤੀ ਟੀਮ ਦੇ ਆਫ ਸਪਿਨਰ ਹਰਭਜਨ ਸਿੰਘ ’ਤੇ ਦੋਸ਼ ਲੱਗਾ ਸੀ ਕਿ ਉਨ੍ਹਾਂ ਨੇ ਸਾਈਮੰਡਸ ’ਤੇ ਨਸਲਵਾਦੀ ਟਿੱਪਣੀ ਕੀਤੀ ਸੀ। ਹਰਭਜਨ ਸਿੰਘ ਨੂੰ ਮੈਦਾਨ ’ਚ ਆਪਣੇ ਰਵੱਈਏ ਕਾਰਨ ਕਾਫ਼ੀ ਆਲੋਚਨਾਵਾਂ ਦਾ ਸਾਹਮਣਾ ਕਰਨਾ ਪਿਆ ਸੀ। ਸਿਡਨੀ ਟੈਸਟ ਦੌਰਾਨ ਹਰਭਜਨ ਸਿੰਘ ਤੇ ਸਾਈਮੰਡਸ ਵਿਚਾਲੇ ਬੋਲਚਾਲ ’ਚ ਵਿਵਾਦ ਹੋਇਆ ਤਾਂ ਸਾਈਮੰਡਸ ਨੇ ਹਰਭਜਨ ਸਿੰਘ ’ਤੇ ਨਸਲਵਾਦੀ ਟਿੱਪਣੀ ਦਾ ਦੋਸ਼ ਲਾਇਆ ਸੀ। ਇਸ ’ਤੇ ਭੱਜੀ ਨੇ ਆਪਣੀ ਸਫ਼ਾਈ ਦਿੰਦਿਆਂ ਕਿਹਾ ਸੀ ਕਿ ਉਸ ਨੇ ਪੰਜਾਬੀ ਭਾਸ਼ਾ ’ਚ ਅਪਸ਼ਬਦ ਕਹੇ ਸਨ, ਜਿਨ੍ਹਾਂ ਨੂੰ ਉਹ ਗ਼ਲਤ ਸਮਝ ਬੈਠੇ। ਇਸ ਵਿਵਾਦ ਕਾਰਨ ਅੰਤਰਰਾਸ਼ਟਰੀ ਕ੍ਰਿਕਟ ਕੌਂਸਲ ਨੇ ਮੈਚ ਤੋਂ ਬਾਅਦ ਭੱਜੀ ’ਤੇ ਪਾਬੰਦੀ ਲਾ ਦਿੱਤੀ ਸੀ ਪਰ ਇਸ ਨੂੰ ਉਦੋਂ ਹਟਾਇਆ ਗਿਆ, ਜਦੋਂ ਸਚਿਨ ਤੇਂਦੁਲਕਰ ਨੇ ਸਪੱਸ਼ਟ ਕੀਤਾ ਸੀ ਕਿ ਕੋਈ ਨਸਲਵਾਦੀ ਟਿੱਪਣੀ ਨਹੀਂ ਕੀਤੀ ਗਈ ਸੀ। ਇਸ ਤੋਂ ਬਾਅਦ ਸਾਈਮੰਡਸ ਨੇ ਕਿਹਾ ਸੀ ਕਿ ਮੈਨੂੰ ਬਹੁਤ ਪਛਤਾਵਾ ਹੈ ਕਿ ਮੈਂ ਆਪਣੇ ਸਾਥੀਆਂ ਨੂੰ ਅਜਿਹੀ ਚੀਜ਼ ’ਚ ਸ਼ਾਮਲ ਕੀਤਾ, ਜਿਸ ਦੇ ਉਹ ਹੱਕਦਾਰ ਨਹੀਂ ਸਨ।