20 ਸਾਲਾਂ ''ਚ ਡਰੈਸਿੰਗ ਰੂਮ ''ਚ ਇੰਨੀ ਸ਼ਾਂਤੀ ਨਹੀਂ ਦੇਖੀ: ਜੇਮਸ ਐਂਡਰਸਨ

Thursday, Jun 30, 2022 - 03:54 PM (IST)

20 ਸਾਲਾਂ ''ਚ ਡਰੈਸਿੰਗ ਰੂਮ ''ਚ ਇੰਨੀ ਸ਼ਾਂਤੀ ਨਹੀਂ ਦੇਖੀ: ਜੇਮਸ ਐਂਡਰਸਨ

ਬਰਮਿੰਘਮ (ਏਜੰਸੀ)- ਇੰਗਲੈਂਡ ਦੇ ਚੋਟੀ ਦੇ ਗੇਂਦਬਾਜ਼ ਜੇਮਸ ਐਂਡਰਸਨ ਨੇ ਭਾਰਤ ਨਾਲ ਹੋਣ ਵਾਲੇ 5ਵੇਂ ਟੈਸਟ ਤੋਂ ਪਹਿਲਾਂ ਵੀਰਵਾਰ ਨੂੰ ਕਿਹਾ ਕਿ ਉਨ੍ਹਾਂ ਨੇ ਆਪਣੇ 20 ਸਾਲਾਂ ਦੇ ਅੰਤਰਰਾਸ਼ਟਰੀ ਕਰੀਅਰ ਵਿਚ "ਟੀਮ ਵਿਚ ਇੰਨੀ ਸ਼ਾਂਤੀ ਨਹੀਂ ਦੇਖੀ", ਜੋ ਮੌਜੂਦਾ ਇੰਗਲੈਂਡ ਦੀ ਟੀਮ ਵਿਚ ਹੈ। ਐਂਡਰਸਨ ਨੇ ਕਿਹਾ, 'ਮੈਂ ਇਸ ਤੋਂ ਪਹਿਲਾਂ ਕਦੇ ਵੀ ਅਜਿਹੇ ਡਰੈਸਿੰਗ ਰੂਮ 'ਚ ਨਹੀਂ ਰਿਹਾ, ਜਿੱਥੇ ਅਸੀਂ ਮੁਸ਼ਕਲ ਪਿੱਚ 'ਤੇ 300 (299) ਦੌੜਾਂ ਦਾ ਪਿੱਛਾ ਕੀਤਾ ਹੋਵੇ। ਹਰ ਕੋਈ ਇੰਨਾ ਸ਼ਾਂਤ ਸੀ ਕਿ ਅਸੀਂ ਇਸ ਟੀਚੇ ਨੂੰ ਹਾਸਲ ਕਰ ਹੀ ਲਵਾਂਗੇ। ਮੈਂ 20 ਸਾਲ ਅੰਤਰਰਾਸ਼ਟਰੀ ਕ੍ਰਿਕਟ ਖੇਡਣ ਦੌਰਾਨ ਅਜਿਹਾ ਪਹਿਲਾਂ ਕਦੇ ਨਹੀਂ ਦੇਖਿਆ ਸੀ।' ਉਨ੍ਹਾਂ ਕਿਹਾ, 'ਤੁਹਾਨੂੰ ਹਮੇਸ਼ਾ ਕੁਝ ਘਬਰਾਉਣ ਵਾਲੇ ਲੋਕ ਮਿਲਦੇ ਹਨ, ਪਰ 1 ਤੋਂ 11 ਤੱਕ ਖਿਡਾਰੀ ਅਤੇ ਸਾਰਾ ਸਟਾਫ ਸਬਰ ਅਤੇ ਆਤਮ-ਵਿਸ਼ਵਾਸ ਨਾਲ ਭਰਿਆ ਹੋਇਆ ਸੀ।' ਮੈਨੂੰ ਲੱਗਦਾ ਹੈ ਕਿ ਇਹ ਵਿਸ਼ਵਾਸ ਸਾਡੇ ਲਈ ਲਾਭਦਾਇਕ ਹੋ ਸਕਦਾ ਹੈ। ਸਾਡੇ ਕੋਲ ਨੌਜਵਾਨ ਖਿਡਾਰੀ ਹਨ। ਅਸੀਂ ਉਨ੍ਹਾਂ ਦੇ ਆਤਮਵਿਸ਼ਵਾਸ ਅਤੇ ਤਜ਼ਰਬੇ ਨੂੰ ਵਿਕਸਿਤ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਮੈਨੂੰ ਲੱਗਦਾ ਹੈ ਕਿ ਇਹ ਉਨ੍ਹਾਂ ਲਈ ਚਮਤਕਾਰ ਕਰੇਗਾ।'

ਇੰਗਲੈਂਡ ਨੇ ਬੀਤੇ ਸੋਮਵਾਰ ਸਮਾਪਤ ਹੋਈ ਟੈਸਟ ਸੀਰੀਜ਼ 'ਚ ਹਮਲਾਵਰ ਬੱਲੇਬਾਜ਼ੀ ਦੀ ਬਦੌਲਤ ਨਿਊਜ਼ੀਲੈਂਡ ਨੂੰ 3-0 ਨਾਲ ਹਰਾਇਆ। ਐਂਡਰਸਨ ਨੇ ਨਿਊਜ਼ੀਲੈਂਡ ਦੇ ਗੇਂਦਬਾਜ਼ਾਂ ਪ੍ਰਤੀ ਹਮਦਰਦੀ ਜਤਾਉਂਦੇ ਹੋਏ ਕਿਹਾ, 'ਮੈਨੂੰ ਲੱਗਦਾ ਹੈ ਕਿ ਇਹ ਭਿਆਨਕ ਹੈ (ਜਿਸ ਤਰ੍ਹਾਂ ਇੰਗਲੈਂਡ ਨੇ ਬੱਲੇਬਾਜ਼ੀ ਕੀਤੀ)। ਮੈਂ ਨਹੀਂ ਚਾਹੁੰਦਾ ਕਿ ਕੋਈ ਮੇਰੇ ਖਿਲਾਫ ਇਸ ਤਰ੍ਹਾਂ ਬੱਲੇਬਾਜ਼ੀ ਕਰੇ। ਮੈਨੂੰ ਲੱਗਾ ਕਿ ਨਿਊਜ਼ੀਲੈਂਡ ਨੇ ਈਮਾਨਦਾਰੀ ਨਾਲ ਚੰਗੀ ਗੇਂਦਬਾਜ਼ੀ ਕੀਤੀ, ਖ਼ਾਸ ਕਰਕੇ ਉਸ ਸਪੈੱਲ ਵਿੱਚ, ਜਦੋਂ ਉਨ੍ਹਾਂ ਨੇ 55 ਦੌੜਾਂ ਦੇ ਕੇ ਸਾਡੀਆਂ 6 ਵਿਕਟਾਂ ਲੈ ਲਈਆਂ ਸਨ। ਮੈਂ ਜਿੰਨੇ ਵੀ ਵਧੀਆ ਸ਼ੁਰੂਆਤੀ ਸਪੈਲ ਦੇਖੇ ਹਨ, ਇਹ ਉਨ੍ਹਾਂ ਵਿੱਚੋਂ ਇੱਕ ਸੀ, ਪਰ ਇਸ ਸਮੇਂ ਸਾਡੇ ਬੱਲੇਬਾਜ਼ਾਂ ਵਿੱਚ ਜੋ ਆਤਮਵਿਸ਼ਵਾਸ ਹੈ, ਉਹ ਨਿਡਰ ਹਨ। ਅਸੀਂ ਇਹ ਉਨ੍ਹਾਂ ਦੀ ਖੇਡ ਵਿੱਚ ਵੀ ਦੇਖਿਆ।' ਭਾਰਤ ਅਤੇ ਇੰਗਲੈਂਡ ਵਿਚਾਲੇ 1 ਜੁਲਾਈ ਤੋਂ 5ਵਾਂ ਟੈਸਟ ਮੈਚ ਖੇਡਿਆ ਜਾਵੇਗਾ। ਇਹ ਮੈਚ ਪਿਛਲੇ ਸਾਲ ਸ਼ੁਰੂ ਹੋਈ ਸੀਰੀਜ਼ ਦਾ ਹਿੱਸਾ ਹੈ, ਜਿਸ ਨੂੰ ਭਾਰਤੀ ਕੈਂਪ 'ਚ ਕੋਰੋਨਾ ਦੇ ਕੁਝ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਮੁਲਤਵੀ ਕਰ ਦਿੱਤਾ ਗਿਆ ਸੀ।


author

cherry

Content Editor

Related News