ਆਨੰਦ ਨੇ ਡੇਵਿਡ ਨਵਾਰਾ ਨਾਲ ਖੇਡਿਆ ਡਰਾਅ

Monday, Apr 01, 2019 - 09:19 PM (IST)

ਆਨੰਦ ਨੇ ਡੇਵਿਡ ਨਵਾਰਾ ਨਾਲ ਖੇਡਿਆ ਡਰਾਅ

ਸ਼ਮਕੀਰ ਸਿਟੀ (ਅਜ਼ਰਬੈਜਾਨ) (ਨਿਕਲੇਸ਼ ਜੈਨ)— ਵਿਸ਼ਵ ਦੇ ਧਾਕੜ 10 ਖਿਡਾਰੀਆਂ ਨਾਲ ਸ਼ਮਕੀਰ ਮਾਸਟਰਸ ਦਾ ਆਗਾਜ਼ ਹੋ ਗਿਆ ਹੈ। ਟੂਰਨਾਮੈਂਟ ਦੇ ਪਹਿਲੇ ਹੀ ਦਿਨ ਭਾਰਤ ਦੇ ਚੋਟੀ ਦੇ ਖਿਡਾਰੀ ਤੇ 5 ਵਾਰ ਦੇ ਵਿਸ਼ਵ ਚੈਂਪੀਅਨ ਵਿਸ਼ਵਨਾਥਨ ਆਨੰਦ ਤੇ ਚੈੱਕ ਗਣਰਾਜ ਦੇ ਡੇਵਿਡ ਨਵਾਰਾ ਦਾ ਮੁਕਾਬਲਾ ਡਰਾਅ ਰਿਹਾ।
ਸਿਸਿਲੀਅਨ ਡ੍ਰੈਗਨ ਵੈਰੀਏਸ਼ਨ ਵਿਚ ਆਨੰਦ ਨੇ ਸਫੈਦ ਮੋਹਰਿਆਂ ਨਾਲ ਖੇਡਦੇ ਹੋਏ ਡੇਵਿਡ ਨਵਾਰਾ ਨੂੰ ਸ਼ੁਰੂਆਤ ਤੋਂ ਹੀ ਦਬਾਅ ਵਿਚ ਰੱਖਿਆ ਤੇ ਖੇਡ ਦੀ 32ਵੀਂ ਚਾਲ ਤਕ ਆਨੰਦ ਬੇਹੱਦ ਮਜ਼ਬੂਤ ਸਥਿਤੀ 'ਚ ਆ ਗਿਆ ਤੇ ਜਦੋਂ ਆਨੰਦ ਇਕ ਆਸਾਨ ਜਿੱਤ ਵੱਲ ਵਧ ਰਿਹਾ ਸੀ, ਉਦੋਂ 41ਵੀਂ ਚਾਲ ਵਿਚ ਆਪਣੇ ਰਾਜਾ ਦੀ ਸੁਰੱਖਿਆ ਵਿਚ ਢਿੱਲ ਕਰ ਬੈਠਾ ਤੇ ਨਵਾਰਾ ਨੇ ਆਪਣਾ ਹਾਥੀ ਕੁਰਬਾਨ ਕਰਦਿਆਂ ਉਸ ਨੂੰ ਡਰਾਅ ਖੇਡਣ 'ਤੇ ਮਜਬੂਰ ਕਰ ਦਿੱਤਾ। ਆਨੰਦ ਤੇ ਨਵਾਰਾ ਤੋਂ ਇਲਾਵਾ ਟੂਰਨਾਮੈਂਟ ਵਿਚ ਮੌਜੂਦਾ ਵਿਸ਼ਵ ਚੈਂਪੀਅਨ ਮੈਗਨਸ ਕਾਰਲਸਨ, ਚੀਨ ਦਾ ਡੀਂਗ ਲੀਰੇਨ, ਨੀਦਰਲੈਂਡ ਦਾ ਅਨੀਸ਼ ਗਿਰੀ, ਮੇਜ਼ਬਾਨ ਅਜ਼ਰਬੈਜਾਨ ਦਾ ਮਮੇਘਾਰੋਵ ਤੇ ਤਿਮੂਰ ਰਦਜੁਬੋਵ, ਰੂਸ ਦਾ ਅਲੈਗਜ਼ੈਂਡਰ ਗ੍ਰੀਸਚੁਕ ਤੇ ਸੇਰਗੀ ਕਾਰਯਾਕਿਨ, ਬੁਲਗਾਰੀਆ ਦਾ ਵੇਸਲੀਨ ਤੋਪਾਲੋਵ ਹਿੱਸਾ ਲੈ ਰਹੇ ਹਨ। ਪਹਿਲੇ ਰਾਊਂਡ ਵਿਚ ਸਾਰੇ ਮੈਚ ਡਰਾਅ ਰਹੇ ਤੇ ਸਾਰੇ ਖਿਡਾਰੀ 9 ਰਾਊਂਡਜ਼ ਦੇ ਇਸ ਟੂਰਨਾਮੈਂਟ ਦੇ ਪਹਿਲੇ ਰਾਊਂਡ ਤੋਂ ਬਾਅਦ ਅੱਧੇ ਅੰਕ 'ਤੇ ਖੇਡ ਰਹੇ ਹਨ।


author

Gurdeep Singh

Content Editor

Related News