ਆਨੰਦ ਨੇ ਆਇਲ ਆਫ ਮੈਨ ਸ਼ਤਰੰਜ ''ਚ ਖੇਡਿਆ ਡਰਾਅ
Tuesday, Oct 23, 2018 - 12:35 AM (IST)

ਆਇਲ ਆਫ ਮੈਨ (ਬ੍ਰਿਟੇਨ)- ਸਾਬਕਾ ਵਿਸ਼ਵ ਚੈਂਪੀਅਨ ਵਿਸ਼ਵਨਾਥਨ ਆਨੰਦ ਨੇ ਸੋਮਵਾਰ ਨੂੰ ਇੱਥੇ ਆਇਲ ਆਫ ਮੈਨ ਕੌਮਾਂਤਰੀ ਸ਼ਤਰੰਜ ਟੂਰਨਾਮੈਂਟ ਦੇ ਦੂਜੇ ਦੌਰ ਵਿਚ ਅਮਰੀਕਾ ਦੇ ਰੋਬਰਟ ਹੇਸ ਨੂੰ ਬਰਾਬਰੀ 'ਤੇ ਰੋਕਿਆ। ਆਨੰਦ ਪਹਿਲੇ ਦੌਰ ਵਿਚ ਹਮਵਤਨ 13 ਸਾਲ ਦੇ ਰੌਨਕ ਸਧਵਾਨੀ ਵਿਰੁੱਧ ਹਾਰ ਦੇ ਕੰਢੇ ਪਹੁੰਚਣ ਦੇ ਬਾਵਜੂਦ ਜਿੱਤ ਦਰਜ ਕਰਨ ਵਿਚ ਸਫਲ ਰਿਹਾ ਸੀ। ਦੂਜੇ ਦੌਰ ਵਿਚ ਵੀ ਆਨੰਦ ਉਮੀਦਾਂ ਮੁਤਾਬਕ ਪ੍ਰਦਰਸ਼ਨ ਨਹੀਂ ਕਰ ਸਕਿਆ ਤੇ ਹੇਸ ਨੇ ਉਸ ਨੂੰ 78 ਚਾਲਾਂ ਤੋਂ ਬਾਅਦ ਬਰਾਬਰੀ 'ਤੇ ਰੋਕ ਦਿੱਤਾ। ਹੇਸ ਬੇਹੱਦ ਘੱਟ ਟੂਰਨਾਮੈਟਾਂ ਵਿਚ ਹਿੱਸਾ ਲੈਂਦਾ ਹੈ। ਉਹ ਹੁਣ ਮੰਨਿਆ-ਪ੍ਰਮੰਨਿਆ ਕੁਮੈਂਟੇਟਰ ਹੈ ਤੇ ਉਸ ਨੂੰ ਸ਼ਤਰੰਜ ਓਲੰਪੀਆਡ ਲਈ ਅਮਰੀਕਾ ਦੀ ਮਹਿਲਾ ਟੀਮ ਦਾ ਕੋਚ ਵੀ ਨਿਯੁਕਤ ਕੀਤਾ ਗਿਆ ਹੈ।
ਟੂਰਨਾਮੈਂਟ ਵਿਚ ਉਲਟਫੇਰ ਦਾ ਦੌਰ ਜਾਰੀ ਰਿਹਾ, ਜਿਸ ਵਿਚ ਇਕ ਵਾਰ ਫਿਰ ਭਾਰਤੀ ਖਿਡਾਰੀਆਂ ਨੂੰ ਫਾਇਦਾ ਹੋਇਆ। ਦੂਜੇ ਦੌਰ ਤੋਂ ਬਾਅਦ ਦੋ ਅੰਕਾਂ ਨਾਲ ਸਾਂਝੇ ਤੌਰ 'ਤੇ ਚੱਲ ਰਹੇ ਗ੍ਰੈਂਡਮਾਸਟਰ ਵੀ. ਵਿਸ਼ਣੂ ਪ੍ਰਸੰਨਾ ਨੇ ਆਪਣੇ ਤੋਂ ਲਗਭਗ 200 ਰੇਟਿੰਗ ਅੰਕ ਵੱਧ ਵਾਲੇ ਇਸਰਾਈਲ ਦੇ ਤਾਮਿਰ ਨਬਾਤੀ ਨੂੰ ਹਰਾਇਆ।
ਗ੍ਰੈਂਡਮਾਸਟਰ ਬਣਨ ਦੇ ਕੰਡੇ 'ਤੇ ਖੜ੍ਹੇ ਹਰਸ਼ਾ ਭਾਰਤਕੋਟੀ ਨੇ ਆਪਣੇ ਤੋਂ ਬਿਹਤਰ ਰੈਂਕਿੰਗ ਵਾਲੇ ਹਮਵਤਨ ਐੱਸ. ਪੀ. ਸੇਤੂਰਮਨ ਨੂੰ ਹਰਾਇਆ ਜਦਕਿ ਵਿਦਿਤ ਗੁਜਰਾਤੀ ਨੇ ਸਾਥੀ ਭਾਰਤੀ ਖਿਡਾਰੀ ਦੇਵਾਸ਼ੀਸ਼ ਦਾਸ ਨੂੰ ਹਰਾਇਆ। ਹੰਗਰੀ ਦੇ ਪੀਟਰ ਲੇਕੋ ਨੇ ਪਹਿਲੇ ਦੌਰ ਵਿਚ ਤਾਨੀਆ ਸਚਦੇਵਾ ਨੂੰ ਹਰਾਇਆ ਸੀ ਪਰ ਦੂਜੇ ਦੌਰ ਵਿਚ ਉਹ ਨੌਜਵਾਨ ਗ੍ਰੈਂਡਮਾਸਟਰ ਤੇ ਪ੍ਰਗਨਾਨੰਦਾ ਨੂੰ ਹਰਾਉਣ ਵਿਚ ਅਸਫਲ ਰਿਹਾ ਤੇ ਉਸ ਨੂੰ ਅੰਕ ਵੰਡਣੇ ਪਏ।
ਦੋ ਦੌਰਾਂ ਤੋਂ ਬਾਅਦ ਭਾਰਤ ਦੇ ਪੰਜ ਖਿਡਾਰੀ ਸਾਂਝੇ ਤੌਰ 'ਤੇ ਟਾਪ-19 ਖਿਡਾਰੀਆਂ ਵਿਚ ਸ਼ਾਮਲ ਹਨ।