ਪਾਕਿਸਤਾਨ ਦੀ ਟੀਮ ''ਚ ਅਸੁਰੱਖਿਆ ਦਾ ਮਾਹੌਲ : ਨਸੀਮ ਸ਼ਾਹ
Sunday, Mar 17, 2024 - 05:43 PM (IST)
ਕਰਾਚੀ, (ਭਾਸ਼ਾ) ਤੇਜ਼ ਗੇਂਦਬਾਜ਼ ਨਸੀਮ ਸ਼ਾਹ ਨੇ ਪਾਕਿਸਤਾਨ ਟੀਮ 'ਚ ਅਸੁਰੱਖਿਆ ਦੇ ਮਾਹੌਲ 'ਤੇ ਖੁੱਲ੍ਹ ਕੇ ਗੱਲ ਕਰਦੇ ਹੋਏ ਕਿਹਾ ਕਿ ਸੀਨੀਅਰ ਖਿਡਾਰੀ ਥਕੇ ਹੋਣ ਦੇ ਬਾਵਜੂਦ 'ਬ੍ਰੇਕ' ਨਹੀਂ ਲੈਂਦੇ ਕਿਉਂਕਿ ਉਨ੍ਹਾਂ ਨੂੰ ਡਰ ਹੈ ਕਿ ਉਨ੍ਹਾਂ ਦੀ ਜਗ੍ਹਾ ਕੋਈ ਜੂਨੀਅਰ ਖਿਡਾਰੀ ਲੈ ਲਵੇਗਾ। ਸ਼ਾਹ ਮੋਢੇ ਦੀ ਸੱਟ ਕਾਰਨ ਪਿਛਲੇ ਸਾਲ ਭਾਰਤ 'ਚ ਖੇਡੇ ਗਏ ਵਨਡੇ ਵਿਸ਼ਵ ਕੱਪ 'ਚ ਨਹੀਂ ਖੇਡ ਸਕੇ ਸਨ। ਉਸ ਨੇ ਕਿਹਾ ਕਿ ਸੱਟ ਕਾਰਨ ਟੀਮ ਤੋਂ ਬਾਹਰ ਹੋਣ 'ਤੇ ਉਸ ਨੂੰ ਆਪਣੀ ਜਗ੍ਹਾ ਗੁਆਉਣ ਦਾ ਵੀ ਡਰ ਸੀ।
ਸ਼ਾਹ ਨੇ ਕ੍ਰਿਵਿਕ ਨੂੰ ਕਿਹਾ, ''ਈਮਾਨਦਾਰੀ ਨਾਲ ਕਹਾਂ ਤਾਂ ਮੁੱਖ ਖਿਡਾਰੀ ਆਪਣੇ ਸਰੀਰ ਨੂੰ ਆਰਾਮ ਦੇਣ ਤੋਂ ਡਰਦੇ ਹਨ ਭਾਵੇਂ ਕਿ ਉਹ ਜਾਣਦੇ ਹਨ ਕਿ ਉਨ੍ਹਾਂ ਨੂੰ ਬ੍ਰੇਕ ਦੀ ਜ਼ਰੂਰਤ ਹੈ ਕਿਉਂਕਿ ਪਾਕਿਸਤਾਨ ਕ੍ਰਿਕਟ ਦਾ ਮਾਹੌਲ ਅਜਿਹਾ ਹੈ ਕਿ ਜੇਕਰ ਕੋਈ ਨਵਾਂ ਖਿਡਾਰੀ ਆਉਂਦਾ ਹੈ ਅਤੇ ਜੇਕਰ ਉਹ ਇਕ ਜਾਂ ਦੋ ਮੈਚ 'ਚ ਚੰਗਾ ਪ੍ਰਦਰਸ਼ਨ ਕਰਦਾ ਹੈ। ਫਿਰ ਤੁਹਾਨੂੰ ਨਹੀਂ ਪਤਾ ਕਿ ਉਹ ਟੀਮ ਵਿਚ ਤੁਹਾਡੀ ਜਗ੍ਹਾ ਪੱਕੇ ਤੌਰ 'ਤੇ ਲੈ ਲਵੇਗਾ ਜਾਂ ਨਹੀਂ।'' ਉਨ੍ਹਾਂ ਕਿਹਾ, ''ਇਸ ਡਰ ਕਾਰਨ ਖਿਡਾਰੀ ਆਰਾਮ ਨਹੀਂ ਕਰ ਪਾਉਂਦੇ ਕਿਉਂਕਿ ਉਨ੍ਹਾਂ ਨੂੰ ਡਰ ਹੈ ਕਿ ਉਨ੍ਹਾਂ ਦਾ ਕਰੀਅਰ ਬਰਬਾਦ ਹੋ ਜਾਵੇਗਾ।''
ਨਸੀਮ ਨੇ ਕਿਹਾ ਕਿ ਸੀਨੀਅਰ ਖਿਡਾਰੀਆਂ, ਟੀਮ ਪ੍ਰਬੰਧਨ, ਚੋਣਕਾਰਾਂ ਅਤੇ ਪਾਕਿਸਤਾਨ ਕ੍ਰਿਕਟ ਬੋਰਡ ਵਿਚਕਾਰ ਸਪੱਸ਼ਟਤਾ ਅਤੇ ਬਿਹਤਰ ਸੰਚਾਰ ਸਥਾਪਤ ਕਰਨ ਦੀ ਲੋੜ ਹੈ।'' ਉਨ੍ਹਾਂ ਕਿਹਾ, ''ਦੂਜੇ ਦੇਸ਼ਾਂ 'ਚ ਜੇਕਰ ਕਿਸੇ ਪ੍ਰਮੁੱਖ ਖਿਡਾਰੀ ਨੂੰ ਆਰਾਮ ਦਿੱਤਾ ਜਾਂਦਾ ਹੈ ਤਾਂ ਉਸ ਨੂੰ ਭਰੋਸਾ ਦਿੱਤਾ ਜਾਂਦਾ ਹੈ ਕਿ ਜੇਕਰ ਉਸ ਦੀ ਥਾਂ 'ਤੇ ਚੁਣਿਆ ਗਿਆ ਖਿਡਾਰੀ ਇਕ ਜਾਂ ਦੋ ਮੈਚਾਂ 'ਚ ਚੰਗਾ ਪ੍ਰਦਰਸ਼ਨ ਕਰਦਾ ਹੈ ਤਾਂ ਉਸ ਨੂੰ ਟੀਮ ਤੋਂ ਬਾਹਰ ਨਹੀਂ ਕੀਤਾ ਜਾਵੇਗਾ।'' ਨਸੀਮ ਨੇ ਕਿਹਾ ਕਿ ਜੇਕਰ ਕੋਈ ਸੀਨੀਅਰ ਪਾਕਿਸਤਾਨੀ ਖਿਡਾਰੀ 100 ਫੀਸਦੀ ਫਿੱਟ ਮਹਿਸੂਸ ਨਹੀਂ ਕਰ ਰਿਹਾ ਜਾਂ ਉਸ ਦੇ ਸਰੀਰ ਨੂੰ ਆਰਾਮ ਦੀ ਲੋੜ ਹੈ ਤਾਂ ਉਸ ਦੀ ਵਚਨਬੱਧਤਾ 'ਤੇ ਸਵਾਲ ਉਠਾਏ ਜਾਂਦੇ ਹਨ।