ਮੁੱਕੇਬਾਜ਼ ਅਮਿਤ ਪੰਘਾਲ ਨੇ ਮਿਲਟਰੀ ਵਰਲਡ ਗੇਮਜ਼ 'ਚ ਜਿੱਤ ਨਾਲ ਕੀਤੀ ਸ਼ੁਰੂਆਤ
Sunday, Oct 20, 2019 - 04:21 PM (IST)

ਸਪੋਰਟਸ ਡੈਸਕ - ਵਰਲਡ ਚੈਂਪੀਅਨਸ਼ਿਪ ਦੇ ਚਾਂਦੀ ਤਮਗਾ ਜੇਤੂ ਅਮਿਤ ਪੰਘਾਲ ਨੇ ਪੁਰਸ਼ਾਂ ਦੇ ਫਲਾਈਵੇਟ (52 ਕਿ. ਗ੍ਰਾ) ਵਰਗ 'ਚ ਪਹਿਲੇ ਦੌਰ ਦੇ ਮੁਕਾਬਲੇ 'ਚ ਜਿੱਤ ਹਾਸਲ ਕੀਤੀ ਜਿਸ ਦੇ ਨਾਲ ਮੁੱਕੇਬਾਜ਼ਾਂ ਨੇ ਭਾਰਤ ਨੂੰ ਸੱਤਵੇਂ ਸੀ. ਆਈ. ਐੱਸ. ਐੱਮ. ਮਿਲਟਰੀ ਵਰਲਡ ਗੇਮਜ਼ 'ਚ ਚੰਗੀ ਸ਼ੁਰੂਆਤ ਕਰਾਈ। ਪੰਘਾਲ ਨੇ ਬ੍ਰਾਜ਼ੀਲ ਦੇ ਡਗਲਸ ਐਂਡਰਾਦੇ ਨੂੰ 4-1 ਨਾਲ ਜਦ ਕਿ ਚਿਰਾਗ (56 ਕਿ.ਗ੍ਰਾ) ਨੇ ਜਾਂਬਿਆ ਦੇ ਕਟਾਂਗਾ ਕ੍ਰਿਸਟੋਫਰ ਨੂੰ 5-0 ਨਾਲ ਹਾਰ ਦਿੱਤੀ।
ਪੁਰਸ਼ ਲਾਈਟ ਫਲਾਈਵੇਟ ਵਰਗ (49 ਕਿ.ਗ੍ਰਾ) 'ਚ ਦੀਪਕ ਨੂੰ ਈਰਾਨ ਦੇ ਅਬਾਸਜਾਦੇਹ ਅਲੀ ਖਿਲਾਫ ਵਾਕਓਵਰ ਮਿਲਿਆ ਜਦ ਕਿ ਸਤੀਸ਼ ਕੁਮਾਰ ਨੇ ਸੁਪਰ ਹੈਵੀਵੇਟ ਵਰਗ (91 ਕਿ.ਗ੍ਰਾ ਤੋਂ ਜ਼ਿਆਦਾ) ਦੇ ਮੁਕਾਬਲੇ 'ਚ ਬ੍ਰਾਜ਼ੀਲ ਦੇ ਨਾਸ਼ਿਮੈਂਟੋ ਕੋਸਮੇ ਨੂੰ 3-2 ਨਾਲ ਹਾਰ ਦਿੱਤੀ। ਹਾਲਾਂਕਿ ਸੰਦੀਪ ਕੁਮਾਰ 64 ਕਿ.ਗ੍ਰਾ ਵਰਗ 'ਚ ਉਜਬੇਕਿਸਤਾਨ ਦੇ ਰਾਸੁਲੋਵ ਜਾਖੋਂਗਿਰ ਤੋਂ ਹਾਰ ਗਏ। ਅਮਨ (60 ਕਿ.ਗ੍ਰਾ) ਅਤੇ ਹਰਸ਼ ਲਾਕੜਾ (81 ਕਿ. ਗ੍ਰਾ) ਨੂੰ ਵੀ ਹਾਰ ਦਾ ਸਾਹਮਣਾ ਕਰਨਾ ਪਿਆ।