ਅਮਿਤ ਪੰਘਾਲ ਨੇ ਏਸ਼ੀਆਈ ਚੈਂਪੀਅਨਸ਼ਿਪ 'ਚ ਜਿੱਤਿਆ ਸੋਨ ਤਮਗਾ
Friday, Apr 26, 2019 - 04:29 PM (IST)
ਬੈਂਕਾਕ— ਭਾਰਤੀ ਮੁੱਕੇਬਾਜ਼ ਅਮਿਤ ਪੰਘਾਲ (52 ਕਿਲੋ) ਨੇ ਏਸ਼ੀਆਈ ਚੈਂਪੀਅਨਸ਼ਿਪ 'ਚ ਲਗਾਤਾਰ ਦੂਜਾ ਸੋਨ ਤਮਗਾ ਜਿੱਤਿਆ ਜਦਕਿ ਦੋ ਹੋਰਨਾਂ ਨੂੰ ਚਾਂਦੀ ਦੇ ਤਮਗੇ ਮਿਲੇ। ਪਿਛਲੇ ਸਾਲ ਏਸ਼ੀਆਈ ਖੇਡਾਂ 'ਚ ਸੋਨ ਤਮਗਾ ਜਿੱਤਣ ਵਾਲੇ ਪੰਘਾਲ ਨੇ ਕੋਰੀਆ ਦੇ ਕਿਮ ਇੰਕਿਊ ਨੂੰ ਹਰਾਇਆ। ਉਨ੍ਹਾਂ ਨੇ ਬੁਲਗਾਰੀਆਂ ਦੇ ਸਟ੍ਰਾਂਜਾ ਮੈਮੋਰੀਅਲ ਟੂਰਨਾਮੈਂਟ 'ਚ ਵੀ ਸੋਨ ਤਮਗਾ ਜਿੱਤਿਆ ਸੀ।

ਇਸ ਸਾਲ ਦੀ ਸ਼ੁਰੂਆਤ 'ਚ 49 ਕਿਲੋ ਤੋਂ 52 ਕਿਲੋ 'ਚ ਆਉਣ ਦੇ ਬਾਅਦ ਪੰਘਾਲ ਦਾ ਇਹ ਪਹਿਲਾ ਟੂਰਨਾਮੈਂਟ ਹੈ। ਉਨ੍ਹਾਂ ਨੇ 2015 'ਚ ਕਾਂਸੀ ਤਮਗਾ ਜਿੱਤਿਆ ਸੀ। ਰਾਸ਼ਟਰੀ ਚੈਂਪੀਅਨ ਦੀਪਕ ਸਿੰਘ (49 ਕਿਲੋ) ਅਤੇ ਕਵਿੰਦਰ ਬਿਸ਼ਟ (56 ਕਿਲੋ) ਨੂੰ ਚਾਂਦੀ ਦੇ ਤਮਗੇ ਮਿਲੇ। ਪੰਘਾਲ ਨੇ ਹਮਲਾਵਰ ਅੰਦਾਜ਼ 'ਚ ਖੇਡਣਾ ਸ਼ੁਰੂ ਕੀਤਾ ਅਤੇ ਵਿਰੋਧੀ ਕੋਲ ਉਨ੍ਹਾਂ ਦੇ ਹਮਲਿਆਂ ਦਾ ਕੋਈ ਜਵਾਬ ਨਹੀਂ ਸੀ। ਇਸ ਤੋਂ ਪਹਿਲਾਂ ਦੀਪਕ ਨੂੰ ਉਜ਼ਬੇਕਿਸਤਾਨ ਦੇ ਨੋਦਿਰਜੋਨ ਮਿਰਜਾਮੇਦੋਵ ਨੇ ਵੰਡੇ ਹੋਏ ਫੈਸਲੇ 'ਤੇ ਹਰਾਇਆ।

ਭਾਰਤੀ ਦਲ ਨੇ ਰੈਫਰੀ ਨੂੰ ਰਿਵਿਊ ਲਈ ਪੀਲਾ ਕਾਰਡ ਵੀ ਦਿੱਤਾ ਜੋ ਇਸ ਸਾਲ ਟੈਸਟ ਕਰਨ ਦੇ ਆਧਾਰ 'ਤੇ ਟੂਰਨਾਮੈਂਟ 'ਚ ਸ਼ੁਰੂ ਕੀਤਾ ਗਿਆ ਹੈ। ਇਸ ਦੇ ਤਹਿਤ ਕੋਚਾਂ ਦੇ ਕੋਲ ਕਿਸੇ ਫੈਸਲੇ ਦੇ ਖਿਲਾਫ ਅਪੀਲ ਕਰਨ ਲਈ ਇਕ ਮਿੰਟ ਦਾ ਸਮਾਂ ਹੁੰਦਾ ਹੈ। ਮੁਕਾਬਲੇ ਦੇ ਸਲੋਅ ਮੋਸ਼ਨ ਫੁਟੇਜ ਰੈਫਰੀ ਦੇਖਦਾ ਹੈ ਤੇ ਉਹ ਇਸ 'ਤੇ ਫੈਸਲਾ ਲੈਂਦਾ ਹੈ। ਸਬੰਧਤ ਟੀਮ ਦੇ ਪੱਖ 'ਚ ਫੈਸਲਾ ਨਹੀਂ ਆਉਣ 'ਤੇ ਰਾਸ਼ਟਰੀ ਮਹਾਸੰਘ ਨੂੰ 1000 ਡਾਲਰ ਜੁਰਮਾਨਾ ਦੇਣਾ ਪੈਂਦਾ ਹੈ। ਭਾਰਤ ਦੇ ਹਾਈ ਪਰਫਾਰਮੈਂਸ ਨਿਰਦੇਸ਼ਕ ਸੈਂਟੀਆਗੋ ਨੀਵਾ ਨੇ ਕਿਹਾ,''ਅਸੀਂ ਫੈਸਲਾ ਬਦਲਾ ਨਹੀਂ ਸਕੇ ਪਰ ਵਿਰੋਧ ਦਰਜ ਕਰਾਇਆ। ਬਿਸ਼ਟ ਨੂੰ ਉਜ਼ਬੇਕਿਸਤਾਨ ਦੇ ਮਿਰਾਜਿਕੇਬਕ ਮਿਰਜਾਹੇਲਿਲੋਵ ਨੇ ਹਰਾਇਆ। ਉੱਤਰਾਖੰਡ ਦਾ ਇਹ ਮੁੱਕੇਬਾਜ਼ ਸੱਜੀ ਅੱਖ 'ਤੇ ਪੱਟੀ ਬੰਨ੍ਹ ਕੇ ਖੇਡ ਰਿਹਾ ਸੀ ਕਿਉਂਕਿ ਸੈਮੀਫਾਈਨਲ 'ਚ ਉਸ ਨੂੰ ਸੱਟ ਲੱਗੀ ਸੀ।
