ਅਮਾਂਡਾ ਨੇ ਚੈਂਪੀਅਨ ਹਾਲੇਪ ਨੂੰ ਕੀਤਾ ਬਾਹਰ

06/07/2019 1:07:33 AM

ਪੈਰਿਸ— ਸਾਬਕਾ ਚੈਂਪੀਅਨ ਅਤੇ ਤੀਜਾ ਦਰਜਾ ਪ੍ਰਾਪਤ ਰੋਮਾਨੀਆ ਦੀ ਸਿਮੋਨਾ ਹਾਲੇਪ ਵੀਰਵਾਰ ਨੂੰ ਅਮਰੀਕਾ ਦੀ 17 ਸਾਲਾ ਅਮਾਂਡਾ ਅਨਿਸਿਮੋਵਾ ਹੱਥੋਂ ਸਨਸਨੀਖੇਜ਼ ਹਾਰ ਝੱਲ ਕੇ ਸਾਲ ਦੇ ਦੂਜੇ ਗ੍ਰੈਂਡ ਸਲੈਮ ਦੇ ਮਹਿਲਾ ਸਿੰਗਲਜ਼ ਵਿਚੋਂ ਬਾਹਰ ਹੋ ਗਈ।
ਵਿਸ਼ਵ ਵਿਚ 51ਵੀਂ ਰੈਂਕਿੰਗ ਦੀ ਅਮਾਂਡਾ ਨੇ ਤੀਜੀ ਰੈਂਕਿੰਗ ਦੀ ਹਾਲੇਪ ਨੂੰ ਇਕ ਘੰਟਾ 8 ਮਿੰਟ ਵਿਚ ਹੀ ਲਗਾਤਾਰ ਸੈੱਟਾਂ ਵਿਚ 6-2, 6-4 ਨਾਲ ਹਰਾ ਕੇ ਸੈਮੀਫਾਈਨਲ ਵਿਚ ਜਗ੍ਹਾ ਬਣਾ ਲਈ। ਮਹਿਲਾ ਵਰਗ ਦੇ ਦੋ ਕੁਆਰਟਰ ਫਾਈਨਲ ਬੁੱਧਵਾਰ ਨੂੰ ਹੋਣ ਵਾਲੇ ਸਨ ਪਰ ਕੱਲ ਤੇਜ਼ ਮੀਂਹ ਕਾਰਨ ਇਹ ਮੈਚ ਮੁਅੱਤਲ ਕਰ ਦਿੱਤੇ ਗਏ ਸਨ ਅਤੇ ਇਨ੍ਹਾਂ ਦਾ ਆਯੋਜਨ ਅੱਜ ਹੋਇਆ। ਅਮਰੀਕੀ ਖਿਡਾਰਨ ਅਮਾਂਡਾ ਦਾ ਸੈਮੀਫਾਈਨਲ ਵਿਚ 8ਵੀਂ ਸੀਡ ਆਸਟਰੇਲੀਆ ਦੀ ਐਸ਼ਲੇ ਬਾਰਟੀ ਨਾਲ ਮੁਕਾਬਲਾ ਹੋਵੇਗਾ, ਜਿਸ ਨੇ ਇਕ ਹੋਰ ਕੁਆਰਟਰ ਫਾਈਨਲ ਵਿਚ 14ਵਾਂ ਦਰਜਾ ਪ੍ਰਾਪਤ ਅਮਰੀਕਾ ਦੀ ਮੈਡੀਸਨ ਕੀਜ਼ ਨੂੰ ਇਕ ਘੰਟਾ 9 ਮਿੰਟ ਵਿਚ 6-3, 7-5 ਨਾਲ ਹਰਾਇਆ।
ਅਮਾਂਡਾ ਵੀਨਸ ਵਿਲੀਅਮਸ ਦੇ 1997 ਵਿਚ ਉਪ ਜੇਤੂ ਰਹਿਣ ਤੋਂ ਬਾਅਦ ਕਿਸੇ ਗ੍ਰੈਂਡ ਸਲੈਮ ਦੇ ਸੈਮੀਫਾਈਨਲ ਵਿਚ ਪਹੁੰਚਣ ਵਾਲੀ ਸਭ ਤੋਂ ਨੌਜਵਾਨ ਅਮਰੀਕੀ ਖਿਡਾਰਨ ਬਣ ਗਈ ਹੈ। ਇਸਦੇ ਨਾਲ ਹੀ ਉਹ ਰੋਲਾਂ ਗੈਰਾਂ ਵਿਚ 1990 ਵਿਚ ਜੈਨੀਫਰ ਕੈਪ੍ਰਿਯਾਤੀ ਤੋਂ ਬਾਅਦ ਆਖਰੀ-4 ਵਿਚ ਪਹੁੰਚਣ ਵਾਲੀ ਸਭ ਤੋਂ ਨੌਜਵਾਨ ਅਮਰੀਕੀ ਖਿਡਾਰਨ ਬਣੀ ਹੈ।  
ਬਾਰਟੀ ਨੇ ਆਪਣੇ ਕਰੀਅਰ ਵਿਚ ਪਹਿਲੀ ਵਾਰ ਕਿਸੇ ਗ੍ਰੈਂਡ ਸਲੈਮ ਦੇ ਸੈਮੀਫਾਈਨਲ ਵਿਚ ਜਗ੍ਹਾ ਬਣਾਈ ਹੈ। ਉਹ 2016 ਵਿਚ ਸਾਮੰਥਾ ਸਟੋਸੁਰ ਤੋਂ ਬਾਅਦ ਕਿਸੇ ਗ੍ਰੈਂਡ ਸਲੈਮ ਦੇ ਸੈਮੀਫਾਈਨਲ ਵਿਚ ਪਹੁੰਚਣ ਵਾਲੀ ਆਸਟਰੇਲੀਆ ਦੀ ਪਹਿਲੀ ਖਿਡਾਰਨ ਬਣੀ ਹੈ।


Gurdeep Singh

Content Editor

Related News