ਕੁਲਦੀਪ ’ਤੇ ਲੱਗੇ ਘਰ ’ਚ ਕੋਰੋਨਾ ਵੈਕਸੀਨ ਲਗਵਾਉਣ ਦੇ ਦੋਸ਼, ਮੈਜਿਸਟ੍ਰੇਟ ਦੀ ਰਿਪੋਰਟ ਨਾਲ ਸਾਹਮਣੇ ਆਈ ਸੱਚਾਈ
Thursday, May 20, 2021 - 12:33 PM (IST)
ਸਪੋਰਟਸ ਡੈਸਕ : ਭਾਰਤੀ ਗੇਂਦਬਾਜ਼ ਕੁਲਦੀਪ ਯਾਦਵ ਨੇ ਹਾਲ ਹੀ ’ਚ ਕੋਰੋਨਾ ਵੈਕਸੀਨ ਲਗਵਾਉਂਦੇ ਹੋਏ ਇਕ ਤਸਵੀਰ ਸ਼ੇਅਰ ਕੀਤੀ ਸੀ, ਜਿਸ ਤੋਂ ਬਾਅਦ ਵਿਵਾਦ ਪੈਦਾ ਹੋ ਗਿਆ ਸੀ ਕਿ ਕੀ ਘਰ-ਘਰ ਜਾ ਕੇ ਵੈਕਸੀਨ ਲੱਗਣੀ ਸ਼ੁਰੂ ਹੋ ਗਈ ਹੈ। ਇਸ ’ਤੇ ਕੁਲਦੀਪ ਨੇ ਸਪੱਸ਼ਟ ਕੀਤਾ ਸੀ ਕਿ ਉਹ ਘਰ ’ਚ ਨਹੀਂ ਬਲਕਿ ਟੀਕਾ ਕੇਂਦਰ ’ਤੇ ਹੀ ਹੈ। ਹੁਣ ਇਸ ਮਾਮਲੇ ’ਚ ਕਾਨਪੁਰ ਸਿਟੀ ਦੇ ਮੈਜਿਸਟ੍ਰੇਟ ਨੇ ਕ੍ਰਿਕਟਰ ਨੂੰ ਕਲੀਨ ਚਿੱਟ ਦਿੱਤੀ ਹੈ ਤੇ ਇਸ ਨੂੰ ਸੋਸ਼ਲ ਮੀਡੀਆ ਨੌਟੰਕੀ ਦੱਸਿਆ ਹੈ। ਭਾਰਤੀ ‘ਚਾਈਨਾਮੈਨ’ ਗੇਂਦਬਾਜ਼ ਕੁਲਦੀਪ ਨੇ ਕੁਝ ਦਿਨ ਪਹਿਲਾਂ ਕੋਰੋਨਾ ਦੀ ਵੈਕਸੀਨ ਲਗਵਾਉਂਦੇ ਹੋਏ ਇਕ ਫੋਟੋ ਟਵਿਟਰ ’ਤੇ ਸ਼ੇਅਰ ਕੀਤੀ ਸੀ। ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਖਿਡਾਰੀ ਨੇ ਲਿਖਿਆ ਸੀ ਕਿ ਜਦੋਂ ਵੀ ਮੌਕਾ ਮਿਲੇ ਤੁਰੰਤ ਟੀਕਾ ਲਗਵਾਓ। ਸੁਰੱਖਿਅਤ ਰਹੋ ਕਿਉਂਕਿ ਕੋਰੋਨਾ ਖ਼ਿਲਾਫ਼ ਲੜਾਈ ’ਚ ਇਕਜੁੱਟ ਹੋਣ ਦੀ ਲੋੜ ਹੈ। ਇਸ ਫੋਟੋ ਦੇ ਵਾਇਰਲ ਹੋਣ ਤੋਂ ਬਾਅਦ ਕੁਲਦੀਪ ਤੇ ਪ੍ਰਸ਼ਾਸਨ ’ਤੇ ਸਵਾਲ ਉੱਠਣ ਲੱਗੇ ਕਿ ਉਨ੍ਹਾਂ ਨੂੰ ‘ਵੀ. ਆਈ. ਪੀ. ਟਰੀਟਮੈਂਟ’ ਮਿਲ ਰਿਹਾ ਹੈ।
जब भी मौका मिले तुरंत टीका लगवाएं। सुरक्षित रहें क्योंकि covid19 के खिलाफ लड़ाई में एकजुट होने की आवश्यकता है 🙏🏻 pic.twitter.com/6YSHyoGmWM
— Kuldeep yadav (@imkuldeep18) May 15, 2021
ਇਸ ’ਤੇ ਇਕ ਯੂਜ਼ਰ ਨੇ ਕੁਮੈਂਟ ਕਰਦਿਆਂ ਲਿਖਿਆ, ਕੀ ਘਰ-ਘਰ ਜਾ ਕੇ ਕੋਰੋਨਾ ਦਾ ਟੀਕਾ ਲੱਗਣਾ ਸ਼ੁਰੂ ਹੋ ਗਿਆ ਹੈ ਜਾਂ ਫਿਰ ਇਹ ਟੀਕਾ ਕੇਂਦਰ ਹੈ। ਇਸ ’ਤੇ ਕੁਝ ਲੋਕਾਂ ਨੇ ਸਵਾਲ ਉਠਾਉਂਦੇ ਹੋਏ ਕਿਹਾ, ਤੁਹਾਡੇ ਲੋਕਾਂ ਦੇ ਘਰ ’ਚ ਆ ਕੇ ਟੀਕਾਕਰਨ ਹੋ ਜਾਵੇਗਾ। ਸਾਡਾ ਕੀ ਹੈ 4 ਘੰਟੇ ਲਾਈਨ ’ਚ ਖੜ੍ਹੇ ਰਹੋ, ਬਾਅਦ ’ਚ ਮਿਲੇ ਨਾ ਮਿਲੇ। ਇਸ ਦੀ ਜਾਣਕਾਰੀ ਕਾਨਪੁਰ ਜ਼ਿਲ੍ਹਾ ਪ੍ਰਸ਼ਾਸਨ ਨੂੰ ਮਿਲੀ ਤਾਂ ਉਨ੍ਹਾਂ ਨੇ ਮਾਮਲੇ ਦੀ ਜਾਂਚ ਕੀਤੀ ਤੇ ਦੇਖਿਆ ਕਿ ਕ੍ਰਿਕਟਰ ਨੇ ਟੀਕਾ ਕੇਂਦਰ (ਜਾਗੇਸ਼ਵਰ ਹਸਪਤਾਲ) ’ਚ ਹੀ ਵੈਕਸੀਨ ਲਗਵਾਈ ਸੀ। ਕਾਨਪੁਰ ਸਿਟੀ ਮੈਜਿਸਟ੍ਰੇਟ ਹਿਮਾਂਸ਼ੂ ਗੁਪਤਾ ਨੇ ਆਪਣੀ ਰਿਪੋਰਟ ਦੀ ਪੁਸ਼ਟੀ ਕੀਤੀ ਹੈ।
ਸੋਸ਼ਲ ਮੀਡੀਆ ’ਤੇ ਸ਼ੇਅਰ ਕੀਤੀ ਗਈ ਤਸਵੀਰ ਬਾਰੇ ਪੁੱਛੇ ਜਾਣ ਉਤੇ ਮੈਜਿਸਟ੍ਰੇਟ ਨੇ ਇਕ ਮੀਡੀਆ ਹਾਊਸ ਨੂੰ ਕਿਹਾ ਕਿ ਇਹ ਇਕ ਸੋਸ਼ਲ ਮੀਡੀਆ ਨੌਟੰਕੀ ਹੈ, ਜੋ ਇਨ੍ਹੀਂ ਦਿਨੀਂ ਟ੍ਰੈਂਡਿੰਗ ’ਚ ਹੈ। ਮੈਜਿਸਟ੍ਰੇਟ ਦੀ ਰਿਪੋਰਟ ਮੁਤਾਬਕ ਹਸਪਤਾਨ ’ਚ ਟੀਕਾਕਰਨ ਕੇਂਦਰ ਦੇ ਅਧਿਕਾਰਤ ਰਜਿਸਟਰ ’ਚ ਕੁਲਦੀਪ ਦਾ ਨਾਂ 136ਵਾਂ ਸੀ। ਗੁਪਤਾ ਨੇ ਇਹ ਵੀ ਦੱਸਿਆ ਕਿ ਉਹ ਕੁਲਦੀਪ ਨੂੰ ਨਿੱਜੀ ਤੌਰ ’ਤੇ ਕਦੇ ਨਹੀਂ ਮਿਲੇ ਪਰ ਜਾਂਚ ਦੇ ਆਧਾਰ ’ਤੇ ਉਨ੍ਹਾਂ ਨੂੰ ਕਲੀਨ ਚਿੱਟ ਦੇਣ ਦਾ ਫੈਸਲ ਕੀਤਾ ਗਿਆ।