ਗਰੀਕੋ ਰੋਮਨ ਵਿੱਚ ਭਾਰਤੀ ਪਹਿਲਵਾਨਾਂ ਨੇ ਜਿੱਤੇ ਸਾਰੇ 10 ਸੋਨੇ ਦੇ ਤਗਮੇ

12/16/2017 4:28:14 PM

ਨਵੀਂ ਦਿੱਲੀ, (ਬਿਊਰੋ)— ਭਾਰਤੀ ਪਹਿਲਵਾਨਾਂ ਨੇ ਦੱਖਣੀ ਅਫਰੀਕਾ ਦੇ ਜੋਹਾਨਸਬਰਗ ਵਿੱਚ ਚੱਲ ਰਹੀ ਰਾਸ਼ਟਰਮੰਡਲ ਕੁਸ਼ਤੀ ਚੈਂਪੀਅਨਸ਼ਿਪ ਵਿੱਚ ਕਮਾਲ ਦਾ ਪ੍ਰਦਰਸ਼ਨ ਕਰਦੇ ਹੋਏ ਗਰੀਕੋ ਰੋਮਨ ਵਰਗ ਵਿੱਚ ਸਾਰੇ 10 ਸੋਨੇ ਅਤੇ 10 ਚਾਂਦੀ ਦੇ ਤਗਮੇ ਆਪਣੇ ਨਾਂ ਕਰ ਲਏ । ਰਾਸ਼ਟਰਮੰਡਲ ਕੁਸ਼ਤੀ ਚੈਂਪੀਅਨਸ਼ਿਪ ਦੇ ਪਹਿਲੇ ਦਿਨ ਸ਼ਨੀਵਾਰ ਨੂੰ ਭਾਰਤ ਨੇ 10 ਸੋਨੇ ਅਤੇ ਕਈ ਚਾਂਦੀ ਦੇ ਤਗਮੇ ਜਿੱਤੇ । ਚੈਂਪੀਅਨਸ਼ਿਪ ਵਿੱਚ ਭਾਰਤੀ ਪਹਿਲਵਾਨਾਂ ਦਾ ਗਰੀਕੋ ਰੋਮਨ ਸਟਾਈਲ ਕੁਸ਼ਤੀ ਵਿੱਚ ਪ੍ਰਦਰਸ਼ਨ ਇਕਤਰਫਾ ਰਿਹਾ ਜਿੱਥੇ ਉਨ੍ਹਾਂ ਨੇ ਦਾਅ 'ਤੇ ਲੱਗੀਆਂ ਸਾਰੇ 10 ਭਾਰ ਸ਼ਰੇਣੀਆਂ ਦੇ ਸੋਨ ਤਗਮੇ ਜਿੱਤ ਲਏ । 

ਸੋਨ ਤਗਮੇ ਜਿੱਤਣ ਵਾਲੀ ਪੁਰਸ਼ ਟੀਮ ਵਿੱਚ ਹਰਿਆਣੇ ਦੇ ਰਜਿੰਦਰ ਕੁਮਾਰ (55 ਕਿਗ੍ਰਾ), ਮਨੀਸ਼ (60 ਕਿਗ੍ਰਾ), ਵਿਕਾਸ (63 ਕਿਗ੍ਰਾ), ਅਨਿਲ ਕੁਮਾਰ (67),  ਆਦਿਤਿਆ ਕੁੰਡੂ (72 ਕਿਗ੍ਰਾ),  ਗੁਰਪ੍ਰੀਤ (77 ਕਿਗ੍ਰਾ), ਹਰਪ੍ਰੀਤ (82 ਕਿਗ੍ਰਾ), ਸੁਨੀਲ (87 ਕਿਗ੍ਰਾ), ਹਰਦੀਪ (97 ਕਿਗ੍ਰਾ) ਅਤੇ ਨਵੀਨ (130 ਕਿਗ੍ਰਾ)  ਸ਼ਾਮਿਲ ਰਹੇ।  ਇਸਦੇ ਇਲਾਵਾ ਚਾਂਦੀ ਦੇ ਤਮਗੇ ਜਿੱਤਣ ਵਾਲਿਆਂ ਵਿੱਚ ਨਵੀਨ (55 ਕਿਗ੍ਰਾ), ਗਿਆਨਿੰਦਰ (60 ਕਿਗ੍ਰਾ), ਗੌਰਵ ਸ਼ਰਮਾ (63 ਕਿਗ੍ਰਾ), ਮਨੀਸ਼ (67 ਕਿਗ੍ਰਾ),  ਕੁਲਦੀਪ ਮਲਿਕ (72 ਕਿਗ੍ਰਾ), ਮਨਜੀਤ (77 ਕਿਗ੍ਰਾ), ਅਮਰਨਾਥ ( 82 ਕਿਗ੍ਰਾ),  ਪ੍ਰਭਾਲ ਸਿੰਘ (87 ਕਿਗ੍ਰਾ), ਸੁਮਿਤ (97 ਕਿਗ੍ਰਾ) ਅਤੇ ਸੋਨੂ (130 ਕਿਗ੍ਰਾ) ਸ਼ਾਮਿਲ ਹੈ ।   

ਮਹਿਲਾ ਕੁਸ਼ਤੀ ਮੁਕਾਬਲੇ ਵਿੱਚ ਸਾਰੇ 10 ਸ਼ਰੇਣੀਆਂ ਦੀਆਂ ਪ੍ਰਤੀਯੋਗਿਤਾਵਾਂ ਹੁਣੇ ਹੋਣੀਆਂ ਹਨ ਜਿਸ ਵਿੱਚ ਉਸ ਦੀਆਂ ਪਹਿਲਵਾਨ ਸਾਰੀਆਂ 10 ਸ਼ਰੇਣੀਆਂ ਵਿੱਚ ਸੋਨ ਤਗਮੇ ਲਈ ਪਸੰਦੀਦਾ ਉਮੀਦਵਾਰ ਮੰਨੀਆਂ ਜਾ ਰਹੀਆਂ ਹਨ । ਸ਼ੁੱਕਰਵਾਰ ਨੂੰ ਰਾਸ਼ਟਰਮੰਡਲ ਕੁਸ਼ਤੀ ਚੈਂਪੀਅਨਸ਼ਿਪ ਵਿੱਚ ਭਾਗ ਲੈਣ ਲਈ ਸੁਸ਼ੀਲ ਕੁਮਾਰ ਸਣੇ 60 ਮੈਂਬਰੀ ਭਾਰਤੀ ਕੁਸ਼ਤੀ ਟੀਮ ਜੋਹਾਨਸਬਰਗ ਪਹੁੰਚੀ ਸੀ । ਸੁਸ਼ੀਲ ਕੁਮਾਰ ਸਣੇ ਫਰੀ ਸਟਾਈਲ ਪੁਰਸ਼ਾਂ ਦੀਆਂ ਟੀਮਾਂ ਐਤਵਾਰ ਨੂੰ ਆਪਣੇ-ਆਪਣੇ ਮੁਕਾਬਲਿਆਂ ਲਈ ਉਤਰਨਗੀਆਂ ।


Related News