ਅਲਕਾਰਾਜ਼ ਫ੍ਰੈਂਚ ਓਪਨ ਦੇ ਕੁਆਰਟਰ ਫਾਈਨਲ ’ਚ
Tuesday, Jun 06, 2023 - 03:27 PM (IST)
ਪੈਰਿਸ– ਦੁਨੀਆ ਦੇ ਨੰਬਰ ਇਕ ਖਿਡਾਰੀ ਸਪੇਨ ਦੇ ਕਾਰਲੋਸ ਅਲਕਾਰਾਜ਼ ਨੇ ਐਤਵਾਰ ਨੂੰ ਇੱਥੇ ਇਟਲੀ ਦੇ ਲਾਰੇਂਜੋ ਮੁਸੇਟੀ ਨੂੰ ਸਿੱਧੇ ਸੈੱਟ ਨਾਲ ਹਰਾ ਕੇ ਫ੍ਰੈਂਚ ਓਪਨ ਟੈਨਿਸ ਟੂਰਨਾਮੈਂਟ ਦੇ ਪੁਰਸ਼ ਸਿੰਗਲਜ਼ ਕੁਆਰਟਰ ਫਾਈਨਲ ’ਚ ਜਗ੍ਹਾ ਬਣਾਈ। ਚੋਟੀ ਦਰਜਾ ਪ੍ਰਾਪਤ ਅਲਕਾਰਾਜ਼ ਨੇ ਇਟਲੀ ਦੇ 17ਵਾਂ ਦਰਜਾ ਪ੍ਰਾਪਤ ਮੁਸੇਟੀ ਨੂੰ 6-3, 6-2, 6-2 ਨਾਲ ਹਰਾਇਆ।
ਸਤੰਬਰ ’ਚ ਅਮਰੀਕੀ ਓਪਨ ਦਾ ਖਿਤਾਬ ਜਿੱਤਣ ਵਾਲਾ 20 ਸਾਲਾ ਅਲਕਾਰਾਜ਼ ਕੁਆਰਟਰ ਫਾਈਨਲ ’ਚ ਪੰਜਵੇਂ ਨੰਬਰ ਦੇ ਖਿਡਾਰੀ ਸਟੇਫਾਨੋਸ ਸਿਤਸਿਪਾਸ ਨਾਲ ਭਿੜੇਗਾ। ਦੋ ਵਾਰ ਦਾ ਗ੍ਰੈਂਡ ਸਲੈਮ ਉਪ ਜੇਤੂ ਸਿਤਸਿਪਾਸ ਨੇ ਕੁਆਲੀਫਾਇਰ ਸਬੇਸੇਟੀਅਨ ਓਫਨਰ ਨੂੰ 7-5, 6-3, 6-0 ਨਾਲ ਹਰਾਇਆ। ਅਕਤੂਬਰ ’ਚ ਬੱਚੇ ਦੇ ਜਨਮ ਤੋਂ ਬਾਅਦ ਪਹਿਲੀ ਵਾਰ ਕਿਸੇ ਗ੍ਰੈਂਡ ਸਲੈਮ ਟੂਰਨਾਮੈਂਟ ’ਚ ਖੇਡ ਰਹੀ ਯੂਕ੍ਰੇਨ ਦੀ ਏਲੀਨਾ ਸਵਿਤੋਲਿਨਾ ਨੇ 9ਵੇਂ ਨੰਬਰ ਦੀ ਦਾਰੀਆ ਕਸਾਤਕਿਨਾ ਨੂੰ 6-4, 7-6 ਨਾਲ ਹਰਾ ਕੇ ਮਹਿਲਾ ਸਿੰਗਲਜ਼ ਦੇ ਆਖਰੀ-8 ਵਿਚ ਜਗ੍ਹਾ ਬਣਾਈ।
ਸਵਿਤੋਲਿਨਾ ਨੇ ਮੈਚ ਤੋਂ ਬਾਅਦ ਰੂਸ ਦੀ ਵਿਰੋਧੀ ਨਾਲ ਹੱਥ ਨਹੀਂ ਮਿਲਾਇਆ ਤੇ ਇਸਦੀ ਜਗ੍ਹਾ ‘ਥੰਮਸ ਅਪ’ ਕੀਤਾ। ਦੋਵੇਂ ਦੇਸ਼ਾਂ ਵਿਚਾਲੇ ਚੱਲ ਰਹੇ ਯੁੱਧ ਦੇ ਕਾਰਨ ਸਵਿਤੋਲਿਨਾ ਨੇ ਅਜਿਹਾ ਕੀਤਾ। ਅਨਾਸਿਤਾਸਿਆ ਪਾਵਲਿਊਚੇਨਕੋਵਾ ਤੇ ਕੈਰੋਲਿਨਾ ਮੁਚੋਵਾ ਵੀ ਕੁਆਰਟਰ ਫਾਈਨਲ ’ਚ ਜਗ੍ਹਾ ਬਣਾਉਣ ’ਚ ਸਫਲ ਰਹੀਆਂ। ਪਾਵਲਿਊਚੇਨਕੋਵਾ ਨੇ 28ਵਾਂ ਦਰਜਾ ਪ੍ਰਾਪਤ ਐਲਿਸ ਮਾਰਟੇਨਸ ਨੂੰ 3-6, 7-6, 6-3 ਨਾਲ ਹਰਾਇਆ ਜਦਕਿ ਮੁਚੋਵਾ ਨੇ ਐਲਿਨਾ ਅਵਾਨੇਸਯਾਨ ਨੂੰ 6-4, 6-4 ਨਾਲ ਹਰਾ ਦਿੱਤਾ।
ਉੱਥੇ ਹੀ, ਓਂਸ ਜਾਬੂਰ ਨੇ ਸਿੱਧੇ ਸੈੱਟਾਂ ’ਚ ਜਿੱਤ ਦਰਜ ਕਰਕੇ ਫ੍ਰੈਂਚ ਓਪਨ ਦੇ ਕੁਆਰਟਰ ਫਾਈਨਲ ’ਚ ਪ੍ਰਵੇਸ਼ ਕੀਤਾ। ਟਿਊਨੇਸ਼ੀਆ ਦੀ ਜਾਬੂਰ ਨੇ ਅਮਰੀਕਾ ਦੀ ਗੈਰ ਦਰਜਾ ਪ੍ਰਾਪਤ ਖਿਡਾਰਨ ਪੇਰਾ ਨੂੰ 6-3, 6-1 ਨਾਲ ਹਰਾਇਆ। ਪਿਛਲੇ ਸਾਲ ਵਿੰਬਲਡਨ ਦੀ ਉਪ ਜੇਤੂ ਜਾਬੂਰ ਪਹਿਲੀ ਵਾਰ ਫ੍ਰੈਂਚ ਓਪਨ ਦੇ ਕੁਆਰਟਰ ਫਾਈਨਲ ’ਚ ਪਹੁੰਚੀ ਹੈ।
ਨੋਟ -ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।