ਖਿਡਾਰੀਆਂ ਨੂੰ ਉਤਸ਼ਾਹਿਤ ਕਰਨ ਲਈ ਜੀ.ਏ. ਫਾਊਡੇਸ਼ਨ ਅਤੇ ਆਈ ਐਫ਼ ਸੀ ਰੁੜਕਾ ਕਲਾਂ ਵਿਚਾਲੇ ਸਮਝੌਤਾ

Thursday, Feb 27, 2025 - 05:09 PM (IST)

ਖਿਡਾਰੀਆਂ ਨੂੰ ਉਤਸ਼ਾਹਿਤ ਕਰਨ ਲਈ ਜੀ.ਏ. ਫਾਊਡੇਸ਼ਨ ਅਤੇ ਆਈ ਐਫ਼ ਸੀ ਰੁੜਕਾ ਕਲਾਂ ਵਿਚਾਲੇ ਸਮਝੌਤਾ

ਚੰਡੀਗੜ੍ਹ : ਫੁੱਟਬਾਲ ਪ੍ਰੇਮੀਆਂ ਲਈ ਇਹ ਖ਼ਬਰ ਬੇਹੱਦ ਜਾਣਕਾਰੀ ਭਰਪੂਰ ਅਤੇ ਉਤਸ਼ਾਹਿਤ ਕਰਨ ਵਾਲੀ ਹੈ। ਪਿਛਲੇ ਇੱਕ ਦਹਾਕੇ ਤੋਂ ਫੁੱਟਬਾਲ ਲਈ ਵਿਆਪਕ ਯੋਜਨਾ ਉਲੀਕ ਰਹੀ ਜੈਨਰੇਸ਼ਨ ਅਮੇਜ਼ਿੰਗ ਫਾਊਡੇਸ਼ਨ ਆਪਣੇ ਤਕਨੀਕੀ ਮਾਹਿਰ ਕੋਚਾਂ ਅਤੇ ਵਧੀਆ ਫੁੱਟਬਾਲ ਖਿਡਾਰੀਆਂ ਦੀ ਬਦੌਲਤ ਹੁਣ ਫੁੱਟਬਾਲ ਪ੍ਰੇਮੀਆਂ ਨੂੰ ਸਪੈਸ਼ਲ ਟ੍ਰੇਨਿੰਗ ਦੇ ਕੇ ਰਾਸ਼ਟਰੀ ਪੱਧਰ ਦੇ ਖਿਡਾਰੀ ਬਨਣ ਵਿੱਚ ਸਹਿਯੋਗ ਕਰੇਗੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਫਾਊਡੇਸ਼ਨ ਦੇ ਐਕਜੀਕਿਊਟਿਵ ਡਾਇਰੈਕਟਰ ਜਸਿਮ ਅਲ ਅਲੀ ਨੇ ਦੱਸਿਆ ਕਿ ਯੂਥ ਫੁੱਟਬਾਲ ਕਲੱਬ (ਵਾਈ ਐਫ਼ ਸੀ) ਰੁੜਕਾ ਕਲਾਂ ਦੇ ਸਹਿਯੋਗ ਨਾਲ ਫਾਊਡੇਸ਼ਨ 2017 ਤੋਂ ਇਸ ਖੇਤਰ ਵਿੱਚ ਕੰਮ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਰੁੜਕਾ ਕਲਾਂ ਵਿਖੇ ਇੱਕ ਬਹੁ-ਮੰਤਵੀ ਖੇਡ ਸਹੂਲਤ ਮੁਹੱਈਆ ਕਰਵਾਈ ਗਈ ਹੈ ਜਿੱਥੇ ਹਰ ਸਾਲ 10 ਹਜ਼ਾਰ ਦੇ ਕਰੀਬ ਫੁੱਟਬਾਲ ਪ੍ਰੇਮੀਆਂ ਨੂੰ ਵਧੀਆ ਮਾਹੌਲ ਵਿੱਚ ਖੇਡ ਤਕਨੀਕਾਂ ਦੀ ਜਾਣਕਾਰੀ ਦਿੱਤੀ ਜਾਵੇਗੀ।

ਉਨ੍ਹਾਂ ਦੱਸਿਆ ਕਿ ਉਨ੍ਹਾਂ ਕੋਲ ਫੁੱਟਬਾਲ ਪਿੱਚ ਦੇ ਨਾਲ-ਨਾਲ ਬਾਸਕਟ ਬਾਲ, ਟੈਨਿਸ, ਬਾਲੀਬਾਲ ਅਤੇ ਪਿਕ ਬਾਲ ਲਈ ਵੱਖਰੇ-ਵੱਖਰੇ ਸਿੰਥੈਟਿਕ ਕੋਰਟਾਂ ਅਤੇ  ਬਹੁ-ਮੰਤਵੀ ਹਾਲ ਵੀ ਮੌਜੂਦ ਹੈ।ਉਨ੍ਹਾਂ ਦੱਸਿਆ ਕਿ 50 ਸਟੇਸ਼ਨ ਵਾਲਾ ਜਿੰਮ ਵੀ ਉਨ੍ਹਾਂ ਵੱਲੋਂ ਬਣਾਇਆ ਗਿਆ ਹੈ।ਇਸ ਤੋਂ ਇਲਾਵਾ 200 ਸੀਟਾਂ ਵਾਲਾ ਬਹੁ-ਮੰਤਵੀ ਹਾਲ ਵੀ ਬਣਾਇਆ ਗਿਆ ਹੈ।ਜਿੱਥੇ ਟ੍ਰੇਨਿੰਗ ਸਮੇਤ ਹੋਰ ਗਤੀਵਿਧੀਆਂ ਕਰਵਾਈਆਂ ਜਾਂਦੀਆਂ ਹਨ।ਉਨ੍ਹਾਂ ਦੱਸਿਆ ਕਿ ਫੀਫਾ ਵਰਲਡ ਕੱਪ 2022 ਨੂੰ ਸਪੌਂਸਰ ਕਰਨ ਵਾਲੀ ਜੈਨਰੇਸ਼ਨ ਅਮੇਜਿੰਗ ਫਾਊਡੇਸ਼ਨ ਤੋਂ ਇਲਾਵਾ ਪ੍ਰਵਾਸੀ ਪੰਜਾਬੀਆਂ ਦੇ ਸਹਿਯੋਗ ਨਾਲ ਕਰੋੜਾਂ ਰੁਪਏ ਦੀ ਲਾਗਤ ਨਾਲ ਬਣੇ ਇਸ ਪ੍ਰੋਜੈਕਟ ਵਿੱਚ ਬੱਚਿਆਂ ਅਤੇ ਨੌਜਵਾਨਾਂ ਨੂੰ ਮੁਫ਼ਤ ਸਿਖਲਾਈ ਦਿੱਤੀ ਜਾਵੇਗੀ।

PunjabKesari

ਇਸ ਮੌਕੇ ਆਪਣੇ ਸੰਬੋਧਨ ਵਿੱਚ ਆਈ ਐਫ਼ ਸੀ ਰੁੜਕਾ ਕਲਾਂ ਦੇ ਫਾਊਂਡਰ ਅਤੇ ਪ੍ਰਧਾਨ ਸੀ.ਗੁਰਮੰਗਲ ਦਾਸ ਨੇ ਦੱਸਿਆ ਕਿ ਇਸ ਪ੍ਰੋਜੈਕਟ ਦਾ ਸ਼ੁਰੂ ਹੋਣਾ ਉਨ੍ਹਾਂ ਲਈ ਵੱਡੇ ਮਾਣ ਦੀ ਗੱਲ ਹੈ।ਉਨ੍ਹਾਂ ਕਿਹਾ ਕਿ ਇਹ ਸਿਰਫ਼ ਸਪੋਰਟਸ ਕੰਪਲੈਕਸ ਹੀ ਨਹੀਂ ਬਲਕਿ ਹਜ਼ਾਰਾਂ ਨੌਜਵਾਨਾਂ ਦੀਆਂ ਨਵੀਆਂ ਉਮੀਦਾਂ ਹਨ। ਉਨ੍ਹਾਂ ਕਿਹਾ ਕਿ ਇੱਥੇ ਨੌਜਵਾਨ ਅਤੇ ਬੱਚੇ ਸਿਰਫ਼ ਅਥਲੈਟਿਕਸ ਨਾਲ ਜੁੜੀ ਜਾਣਕਾਰੀ ਹੀ ਨਹੀਂ ਲੈਣਗੇ ਬਲਕਿ ਉਨ੍ਹਾਂ ਨੂੰ ਸਮਾਜਿਕ ਸਰੋਕਾਰਾਂ ਅਤੇ ਨਸ਼ੇ ਖਿਲਾਫ਼ ਲੜਾਈ ਲੜਣ ਦੀ ਵੀ ਸੂਝ ਮਿਲੇਗੀ।ਇਸ ਮੌਕੇ ਮਾਹਿਰ ਕੋਚ ਹਾਮਿਦ ਅਬਦੁਲ ਅਜ਼ੀਜ਼ ਨੇ ਕਿਹਾ ਕਿ ਉਨ੍ਹਾਂ ਨੂੰ ਬੜੀ ਖੁਸ਼ੀ ਹੋਈ ਹੈ ਕਿ ਉਨ੍ਹਾਂ ਨੂੰ ਬਿਹਤਰ ਕੋਚਾਂ ਨਾਲ ਕੰਮ ਕਰਨ ਦਾ ਮੌਕਾ ਮਿਿਲਆ ਹੈ ਜਿਹੜੇ ਨੌਜਵਾਨਾਂ ਨੂੰ ਜਿੰਦਗੀ ਵਿੱਚ ਉਚਾਈਆਂ ਛੂਹਣ ਵਿੱਚ ਮੱਦਦ ਕਰਦੇ ਹਨ।

ਇਸ ਮੌਕੇ ਲੋਕ ਸਭਾ ਮੈਂਬਰ ਮਾਲਵਿੰਦਰ ਸਿੰਘ ਕੰਗ ਦੀ ਹਾਜ਼ਰੀ ਵਿੱਚ ਵਾਈਐਫ.ਸੀ ਅਤੇ ਜੈਨਰੇਸ਼ਨ ਅਮੇਜਿੰਗ ਫਾਊਂਡੇਸ਼ਨ ਦਰਮਿਆਨ ਇੱਕ ਐਮ.ਓ.ਯੂ. (ਆਪਸੀ ਸਮਝੌਤਾ) ਤੇ ਹਸਤਾਖਰ ਕੀਤੇ ਗਏ। ਸ਼੍ਰੀ ਮਾਲਵਿੰਦਰ ਸਿੰਘ ਕੰਗ ਨੇ ਦੋਵਾਂ ਸੰਸਥਾਵਾਂ ਨੂੰ ਇਸ ਨਿਵੇਕਲੇ ਉਪਰਾਲੇ ਲਈ ਮੁਬਾਰਕਬਾਦ ਦਿੱਤੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਲੋਕ ਸਭਾ ਮੈਂਬਰ ਮਾਲਵਿੰਦਰ ਸਿੰਘ ਕੰਗ, ਸਰਬਜੀਤ ਸਿੰਘ ਆਈ.ਏ.ਐਸ. ਏ.ਸੀ.ਐਸ. ਸਪੋਰਟਸ, ਡਾਇਰੈਕਟਰ ਸਪੋਰਟਸ ਹਰਪ੍ਰੀਤ ਸੂਦਨ ਆਈ.ਏ.ਐਸ., ਜੈਨਰੇਸ਼ਨ ਫਾਊਡੇਸ਼ਨ ਦੇ ਡਾਇਰੈਕਟਰ ਜਾਸਿਮ ਅਲ ਅਲੀ,  ਪਾਲਟੇ ਫੌਰਟਿਸ ਡਾਇਰੈਕਟਰ ਜੀ.ਏ. ਫਾਊਡੇਸ਼ਨ, ਅਵਾਤਿਕਾ ਨਈਅਰ,  ਡਾ. ਜ਼ੋਆ ਦੋਹਰਮਾਨ ਫਾਊਂਡਰ ਅਤੇ ਪ੍ਰੈਜੀਡੈਂਟ ਡਿਜ਼ ਇੰਡੋ ਜਰਮਨ ਕੋਆਪਰੇਸ਼ਨ ਅਤੇ ਪੰਚਾਇਤ ਵਿਭਾਗ ਦੇ ਡਾਇਰੈਕਟਰ ਪਰਮਜੀਤ ਸਿੰਘ ਆਈ.ਏ.ਐਸ. ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਨੈਸ਼ਨਲ ਅਤੇ ਕੌਮੀ ਪੱਧਰ ਦੇ ਖਿਡਾਰੀ ਵੀ ਹਾਜ਼ਰ ਸਨ।


author

Tarsem Singh

Content Editor

Related News