ਹਾਰ ਤੋਂ ਟੁੱਟੀ ਦਿੱਲੀ ਤੇ ਬੈਂਗਲੁਰੂ ਵਿਚਾਲੇ ਵਾਪਸੀ ਦਾ ਮੁਕਾਬਲਾ
Sunday, Apr 07, 2019 - 02:20 AM (IST)

ਬੈਂਗਲੁਰ— ਕੋਲਕਾਤਾ ਨਾਈਟ ਰਾਈਡਰਜ਼ ਹੱਥੋਂ ਵੱਡਾ ਸਕੋਰ ਬਣਾਉਣ ਦੇ ਬਾਵਜੂਦ ਮਿਲੀ ਦਿਲ ਤੋੜਣ ਵਾਲੀ ਹਾਰ ਤੋਂ ਨਿਰਾਸ਼ ਰਾਇਲ ਚੈਲੰਜਰਜ਼ ਬੈਂਗਲੁਰੂ ਦੀ ਟੀਮ ਐਤਵਾਰ ਨੂੰ ਆਪਣੇ ਘਰੇਲੂ ਮੈਦਾਨ 'ਤੇ ਉਤਾਰ-ਚੜ੍ਹਾਅ ਵਿਚੋਂ ਲੰਘ ਰਹੀ ਦਿੱਲੀ ਕੈਪੀਟਲਸ ਵਿਰੁੱਧ ਆਈ. ਪੀ. ਐੱਲ. ਵਿਚ ਲਗਾਤਾਰ ਛੇਵੀਂ ਹਾਰ ਦੀ ਸ਼ਰਮਿੰਦਗੀ ਤੋਂ ਬਚਣਾ ਚਾਹੇਗੀ।
ਦੇਸ਼ ਦੇ ਸਟਾਰ ਖਿਡਾਰੀ ਤੇ ਕਪਤਾਨ ਵਿਰਾਟ ਕੋਹਲੀ ਦੀ ਅਗਵਾਈ ਵਿਚ ਬੈਂਗਲੁਰੂ ਦੀ ਕਹਾਣੀ ਆਈ. ਪੀ. ਐੱਲ. ਦੇ ਪਿਛਲੇ ਸੈਸ਼ਨਾਂ ਵਰਗੀ ਹੀ ਇਸ ਵਾਰ ਵੀ ਹੈ ਤੇ ਟੀਮ ਚੰਗੇ ਪ੍ਰਦਰਸ਼ਨ ਦੇ ਬਾਵਜੂਦ ਪਿਛਲੇ ਪੰਜ ਮੈਚਾਂ ਵਿਚੋਂ ਸਾਰੇ ਹਾਰ ਕੇ ਅੰਕ ਸੂਚੀ ਵਿਚ ਆਖਰੀ ਸਥਾਨ 'ਤੇ ਹੈ। ਉਥੇ ਹੀ ਨਵੇਂ ਨਾਂ ਤੇ ਲੋਗੋ ਨਾਲ ਸ਼੍ਰੇਅਸ ਅਈਅਰ ਦੀ ਕਪਤਾਨੀ ਵਿਚ ਦਿੱਲੀ ਕੈਪੀਟਲਸ ਪੰਜ ਮੈਚਾਂ ਵਿਚੋਂ ਦੋ ਹੀ ਜਿੱਤ ਸਕੀ ਹੈ ਤੇ ਤਿੰਨ ਮੈਚ ਹਾਰ ਕੇ ਉਹ ਵੀ ਚਾਰ ਅੰਕ ਹੀ ਕਮਾ ਸਕੀ ਹੈ। ਦਿੱਲੀ ਅਜੇ ਪੰਜਵੇਂ ਨੰਬਰ 'ਤੇ ਹੈ। ਦਿੱਲੀ ਤੇ ਬੈਂਗਲੁਰੂ ਦੋਵੇਂ ਹੀ ਪਿਛਲੇ ਮੈਚ ਹਾਰ ਜਾਣ ਤੋਂ ਬਾਅਦ ਐਤਵਾਰ ਨੂੰ ਮੈਚ ਵਿਚ ਉਤਰਨਗੀਆਂ।