ਸਚਿਨ ਤੋਂ ਬਾਅਦ ਹਰਭਜਨ ਦੇ ਨਾਂ ਦੀ BCCI ਪ੍ਰਮੁੱਖ ਦੀ ਦੌੜ ''ਚ ਸ਼ਾਮਲ ਹੋਣ ਦੀਆਂ ਚਰਚਾਵਾਂ

Saturday, Sep 13, 2025 - 05:11 PM (IST)

ਸਚਿਨ ਤੋਂ ਬਾਅਦ ਹਰਭਜਨ ਦੇ ਨਾਂ ਦੀ BCCI ਪ੍ਰਮੁੱਖ ਦੀ ਦੌੜ ''ਚ ਸ਼ਾਮਲ ਹੋਣ ਦੀਆਂ ਚਰਚਾਵਾਂ

ਸਪੋਰਟਸ ਡੈਸਕ- ਦਿੱਗਜ ਕ੍ਰਿਕਟਰ ਸਚਿਨ ਤੇਂਦੁਲਕਰ ਦੇ ਬਾਅਦ ਹੁਣ ਸਾਬਕਾ ਆਫ ਸਪਿਨਰ ਹਰਭਜਨ ਸਿੰਘ ਦਾ ਨਾਮ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਦੇ ਸਿਰਮੌਰ ਅਹੁਦੇ ਲਈ ਚਰਚਾ ਵਿੱਚ ਆ ਗਿਆ ਹੈ। ਸਚਿਨ ਪਹਿਲਾਂ ਹੀ ਇਸ ਦੌੜ ਤੋਂ ਪਿੱਛੇ ਹਟ ਚੁੱਕੇ ਹਨ, ਪਰ ਹਰਭਜਨ ਨੇ ਹੁਣ ਤੱਕ ਕੋਈ ਸਪੱਸ਼ਟੀਕਰਣ ਨਹੀਂ ਦਿੱਤਾ, ਜਿਸ ਕਾਰਨ ਅਟਕਲਾਂ ਤੇਜ਼ ਹੋ ਗਈਆਂ ਹਨ। ਪੰਜਾਬ ਕ੍ਰਿਕਟ ਐਸੋਸੀਏਸ਼ਨ ਵੱਲੋਂ 45 ਸਾਲਾ ਹਰਭਜਨ ਨੂੰ ਨਾਮਜ਼ਦ ਕਰਨ ਨਾਲ ਇਹ ਚਰਚਾ ਹੋਰ ਵੀ ਮਜ਼ਬੂਤ ਹੋਈ ਹੈ।

ਹਰਭਜਨ ਸਿੰਘ ਨੇ ਭਾਰਤ ਲਈ ਸਭ ਫਾਰਮੈਟਾਂ ਵਿੱਚ 367 ਅੰਤਰਰਾਸ਼ਟਰੀ ਮੈਚ ਖੇਡੇ ਹਨ। ਮੰਨਿਆ ਜਾਂਦਾ ਹੈ ਕਿ ਸੱਤਾਰੂੜ ਭਾਜਪਾ ਦਾ ਬੀਸੀਸੀਆਈ ਦੇ ਕੰਮਕਾਜ ’ਤੇ ਵੱਡਾ ਪ੍ਰਭਾਵ ਹੈ ਅਤੇ ਸਰਕਾਰ ਵੱਲੋਂ ਵੱਡੇ ਅਹੁਦਿਆਂ ਲਈ ਤਜਰਬੇਕਾਰ ਖਿਡਾਰੀਆਂ ਨੂੰ ਤਰਜੀਹ ਦਿੱਤੀ ਜਾਂਦੀ ਹੈ। ਇਸ ਤੋਂ ਪਹਿਲਾਂ ਸਾਬਕਾ ਕਪਤਾਨ ਸੌਰਵ ਗਾਂਗੁਲੀ ਅਤੇ ਰੋਜਰ ਬਿੰਨੀ ਵੀ ਖਿਡਾਰੀ-ਪਹਿਲਾਂ ਨੀਤੀ ਤਹਿਤ ਬੀਸੀਸੀਆਈ ਪ੍ਰਧਾਨ ਰਹਿ ਚੁੱਕੇ ਹਨ।

ਚੋਣਾਂ ਦੀ ਕਾਰਵਾਈ ਅਨੁਸਾਰ 20 ਅਤੇ 21 ਸਤੰਬਰ ਨੂੰ ਨਾਮਜ਼ਦਗੀ ਦਾਖਲ ਹੋਵੇਗੀ, 22 ਸਤੰਬਰ ਨੂੰ ਜਾਂਚ ਹੋਵੇਗੀ ਅਤੇ 23 ਨੂੰ ਉਮੀਦਵਾਰ ਆਪਣਾ ਨਾਮ ਵਾਪਸ ਲੈ ਸਕਣਗੇ। 28 ਸਤੰਬਰ ਨੂੰ ਅਧਿਕਾਰਤ ਤੌਰ ’ਤੇ ਚੋਣਾਂ ਅਤੇ ਵੋਟਾਂ ਦੀ ਗਿਣਤੀ ਹੋਵੇਗੀ। ਇਸ ਵਾਰ ਪ੍ਰਧਾਨ, ਉਪ ਪ੍ਰਧਾਨ, ਸਕੱਤਰ, ਸਾਂਝੇ ਸਕੱਤਰ ਅਤੇ ਖਜਾਂਚੀ ਦੇ ਅਹੁਦਿਆਂ ਲਈ ਚੋਣਾਂ ਹੋਣੀਆਂ ਹਨ।

ਇਸ ਵੇਲੇ ਮੰਨਿਆ ਜਾ ਰਿਹਾ ਹੈ ਕਿ ਮੌਜੂਦਾ ਪ੍ਰਧਾਨ ਦੇਵਜੀਤ ਸੈਕੀਆ, ਪ੍ਰਭਤੇਜ ਸਿੰਘ ਭਾਟੀਆ ਅਤੇ ਰੋਹਨ ਦੇਸਾਈ ਆਪਣੇ-ਆਪਣੇ ਅਹੁਦਿਆਂ 'ਤੇ ਬਣੇ ਰਹਿਣਗੇ। ਪਰ ਹਰਭਜਨ ਸਿੰਘ ਦੀ ਸੰਭਾਵਿਤ ਐਂਟਰੀ ਨਾਲ ਚੋਣਾਂ ਹੋਰ ਦਿਲਚਸਪ ਹੋਣ ਦੀ ਉਮੀਦ ਹੈ।


author

Tarsem Singh

Content Editor

Related News