ਆਸਟ੍ਰੇਲੀਆ ਨੂੰ ਹਰਾ ਕੇ 'ਚੋਕਰਸ' ਦਾ ਠੱਪਾ ਹਟਾਉਣ ਦੇ ਇਰਾਦੇ ਨਾਲ ਸੈਮੀਫਾਈਨਲ 'ਚ ਉਤਰੇਗੀ ਅਫਰੀਕੀ ਟੀਮ
Thursday, Nov 16, 2023 - 01:40 PM (IST)
ਕੋਲਕਾਤਾ (ਭਾਸ਼ਾ) : ਐਜਬੈਸਟਨ ਵਿਚ ਲਾਂਸ ਕਲੂਸਨਰ ਤੇ ਆਕਲੈਂਡ ਵਿਚ ਏ.ਬੀ. ਡਿਵਿਲੀਅਰਸ ਦਾ ਨਿਰਾਸ਼ਾ ਵਿਚ ਡੁੱਬਿਆ ਚਿਹਰਾ ਹਰ ਕ੍ਰਿਕਟ ਪ੍ਰੇਮੀ ਨੂੰ ਯਾਦ ਹੋਵੇਗਾ। ਦੱਖਣੀ ਅਫਰੀਕਾ ਦੀ ਟੀਮ ਵੀਰਵਾਰ ਨੂੰ 5 ਵਾਰ ਦੀ ਚੈਂਪੀਅਨ ਆਸਟ੍ਰੇਲੀਆ ਸਾਹਮਣੇ ਵਿਸ਼ਵ ਕੱਪ ਦੇ ਸੈਮੀਫਾਈਨਲ 'ਚ ਉਤਰੇਗੀ ਤਾਂ ਉਸ ਦਾ ਇਰਾਦਾ ਅਤੀਤ ਵਿਚ ਆਖ਼ਰੀ-4 ਮੁਕਾਬਲਿਆਂ 'ਚ ਹਾਰ ਤੋਂ ਬਾਅਦ ਦੀਆਂ ਇਨ੍ਹਾਂ ਕੌੜੀਆਂ ਯਾਦਾਂ ਅਤੇ ਆਪਣੇ ’ਤੇ ਲੱਗੇ ‘ਚੋਕਰਸ’ (ਦਬਾਅ ਦੇ ਅੱਗੇ ਗੋਡੇ ਟੇਕਣ ਵਾਲੇ) ਦੇ ਠੱਪੇ ਨੂੰ ਮਿਟਾਉਣ ਦਾ ਹੋਵੇਗਾ। ਦੱਖਣੀ ਅਫਰੀਕਾ ਦੇ ਹਰ ਪ੍ਰਸ਼ੰਸਕ ਨੂੰ ‘ਚੋਕਰਸ’ ਸ਼ਬਦ ਤੋਂ ਨਫ਼ਰਤ ਹੈ ਤੇ ਵੱਡੇ ਮੁਕਾਬਲੇ ਜਿੱਤਣ ਦੀ ਆਦੀ ਆਸਟ੍ਰੇਲੀਆ ਟੀਮ ਇਕ ਵਾਰ ਫਿਰ ਉਸ ਦੇ ਜ਼ਖ਼ਮਾਂ ’ਤੇ ਲੂਣ ਛਿੜਕਣਾ ਚਾਹੇਗੀ।
ਉੱਥੇ ਹੀ ਆਸਟ੍ਰੇਲੀਆ 50 ਓਵਰਾਂ ਦੇ ਵਿਸ਼ਵ ਕੱਪ 'ਚ ਆਪਣਾ ਸਿੱਕਾ ਮਨਵਾ ਚੁੱਕੀ ਹੈ, ਜਿਸ ਨੇ ਹੁਣ ਤਕ 12 ਵਿਚੋਂ 5 ਖਿਤਾਬ ਜਿੱਤੇ ਹਨ। ਪਿਛਲੇ 6 ਸੈਸ਼ਨਾਂ 'ਚੋਂ 4 ਵਾਰ ਖ਼ਿਤਾਬ ਆਸਟ੍ਰੇਲੀਆ ਨੇ ਹੀ ਜਿੱਤਿਆ ਹੈ। ਦੂਜੇ ਪਾਸੇ ਦੱਖਣੀ ਅਫਰੀਕਾ 9 ਵਿਚੋਂ 4 ਵਾਰ ਸੈਮੀਫਾਈਨਲ ਵਿਚ ਪਹੁੰਚ ਕੇ ਹਾਰਿਆ ਹੈ। ਇੰਗਲੈਂਡ ਵਿਰੁੱਧ 1992 ਵਿਚ ਉਸਦੇ ਡੈਬਿਊ ਵਿਸ਼ਵ ਕੱਪ ਵਿਚ ਮੀਂਹ ਦੇ ਨਿਯਮਾਂ ਨਾਲ ਗਣਨਾ ਕਾਰਨ ਉਸ ਨੂੰ ਸੈਮੀਫਾਈਨਲ ਗਵਾਉਣਾ ਪਿਆ ਸੀ। ਉੱਥੇ ਹੀ, 1999 ਵਿਚ ਆਸਟ੍ਰੇਲੀਆ ਵਿਰੁੱਧ ਮੁਕਾਬਲਾ ਟਾਈ ਰਹਿਣ ਤੋਂ ਬਾਅਦ ਖ਼ਰਾਬ ਰਨ ਰੇਟ ਕਾਰਨ ਉਸ ਨੂੰ ਬਾਹਰ ਹੋਣਾ ਪਿਆ ਸੀ। ਸਾਲ 2015 ਵਿਚ ਗ੍ਰਾਂਟ ਏਲੀਏਟ ਨੇ ਆਪਣੇ ਕਰੀਅਰ ਦੀ ਇਕਲੌਤੀ ਯਾਦਗਾਰੀ ਪਾਰੀ ਈਡਨ ਪਾਰਕ ਵਿਚ ਖੇਡੀ ਸੀ, ਜਦੋਂ ਉਸ ਨੇ ਆਖ਼ਰੀ ਪਲਾਂ 'ਚ ਛੱਕਾ ਮਾਰ ਕੇ ਦੱਖਣੀ ਅਫ਼ਰੀਕਾ ਦੀਆਂ ਆਸਾਂ-ਉਮੀਦਾਂ 'ਤੇ ਪਾਣੀ ਫੇਰ ਦਿੱਤਾ ਸੀ।
ਇਹ ਵੀ ਪੜ੍ਹੋ- ਵਿਰਾਟ ਦੇ 'ਰਿਕਾਰਡ' ਸੈਂਕੜੇ ਦੀ ਸਚਿਨ ਨੇ ਕੀਤੀ ਤਾਰੀਫ਼, ਟਵੀਟ ਕਰ ਕਿਹਾ- ਮੈਂ ਇਸ ਤੋਂ ਜ਼ਿਆਦਾ ਖੁਸ਼ ਨਹੀਂ ਹੋ ਸਕਦਾ...
ਦੱਖਣੀ ਅਫਰੀਕਾ ਦੇ ਕਪਤਾਨ ਤੇਂਬਾ ਬਾਵੂਮਾ ਨੇ ਕਿਹਾ,‘‘ਸਾਨੂੰ ਪਤਾ ਹੈ ਕਿ ਦੱਖਣੀ ਅਫਰੀਕਾ ਦੀ ਟੀਮ ’ਤੇ ਇਹ (ਚੋਕਰਸ) ਠੱਪਾ ਲੱਗਾ ਹੈ ਤੇ ਸਾਨੂੰ ਉਸ ਤੋਂ ਉੱਭਰਨਾ ਹੈ। ਜਦੋਂ ਤਕ ਅਸੀਂ ਟਰਾਫੀ ਜਿੱਤ ਨਹੀਂ ਲੈਂਦੇ, ਇਹ ਠੱਪਾ ਹਮੇਸ਼ਾ ਰਹੇਗਾ। ਅਜੇ ਤਕ ਹਾਲਾਂਕਿ ਮੈਂ ਅਭਿਆਸ ਵਿਚ ਇਹ ਸ਼ਬਦ ਸੁਣਿਆ ਨਹੀਂ ਹੈ।’’ ਭਾਰਤ ਵਿਰੁੱਧ 5 ਨਵੰਬਰ ਨੂੰ ਇਸ ਮੈਦਾਨ ’ਤੇ ਲੀਗ ਮੈਚ ਵਿਚ 83 ਦੌੜਾਂ ’ਤੇ ਆਊਟ ਹੋਣ ਤੇ ਨੀਦਰਲੈਂਡ ਹੱਥੋਂ ਹੈਰਾਨੀਜਨਕ ਹਾਰ ਤੋਂ ਇਲਾਵਾ ਦੱਖਣੀ ਅਫਰੀਕਾ ਨੇ ਹੁਣ ਤਕ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਉਸ ਦੇ ਟਾਪ-6 ਵਿਚੋਂ 4 ਬੱਲੇਬਾਜ਼ਾਂ ਨੇ ਸੈਂਕੜੇ ਲਾਏ ਹਨ। ਵਿਕਟਕੀਪਰ ਬੱਲੇਬਾਜ਼ ਕਵਿੰਟਨ ਡੀ ਕੌਕ ਹੁਣ ਤਕ 591 ਦੌੜਾਂ ਬਣਾ ਚੁੱਕਾ ਹੈ। ਰਾਸੀ ਵਾਨ ਡੇਰ ਡੂਸੇਨ ਨੇ ਤੀਜੇ ਨੰਬਰ ’ਤੇ 55.25 ਦੀ ਔਸਤ ਨਾਲ ਦੌੜਾਂ ਬਣਾਈਆਂ ਹਨ। ਸਪਿਨਰਾਂ ਦੀ ਮਦਦਗਾਰ ਪਿੱਚ ’ਤੇ ਹੈਨਰਿਕ ਕਲਾਸੇਨ ਕਾਫੀ ਪ੍ਰਭਾਵਸ਼ਾਲੀ ਰਿਹਾ ਹੈ ਜਦਕਿ ਐਡਨ ਮਾਰਕ੍ਰਮ ਨੇ ਚੰਗੇ ਫਿਨਿਸ਼ਰ ਦੀ ਭੂਮਿਕਾ ਨਿਭਾਈ ਹੈ।
ਦੱਖਣੀ ਅਫਰੀਕਾ ਨੇ 6 ਵਾਰ 300 ਤੋਂ ਵੱਧ ਦੌੜਾਂ ਬਣਾਈਆਂ ਹਨ ਤੇ ਸ਼੍ਰੀਲੰਕਾ ਵਿਰੁੱਧ ਵਿਸ਼ਵ ਕੱਪ ਦਾ ਸਰਵਉੱਚ ਸਕੋਰ 5 ਵਿਕਟਾਂ ’ਤੇ 428 ਦੌੜਾਂ ਬਣਾਈਆਂ ਸਨ।
ਆਸਟ੍ਰੇਲੀਆ ਨੇ ਲੀਗ ਗੇੜ ਵਿਚ ਭਾਰਤ ਤੇ ਦੱਖਣੀ ਅਫਰੀਕਾ ਹੱਥੋਂ ਮਿਲੀ ਹਾਰ ਤੋਂ ਬਾਅਦ ਲਗਾਤਾਰ 7 ਮੈਚ ਜਿੱਤੇ ਤੇ ਸਹੀ ਸਮੇਂ ’ਤੇ ਸਰਵਸ੍ਰੇਸ਼ਠ ਪ੍ਰਦਰਸ਼ਨ ਕਰ ਰਹੇ ਹਨ। ਅਫਗਾਨਿਸਤਾਨ ਖ਼ਿਲਾਫ਼ 91 ਦੌੜਾਂ ’ਤੇ 7 ਵਿਕਟਾਂ ਡਿੱਗਣ ਤੋਂ ਬਾਅਦ ਗਲੇਨ ਮੈਕਸਵੈੱਲ ਨੇ ਅਜੇਤੂ 201 ਦੌੜਾਂ ਬਣਾ ਕੇ ਇਕੱਲੇ ਆਪਣੇ ਦਮ ’ਤੇ ਟੀਮ ਨੂੰ ਜਿੱਤ ਦਿਵਾਈ। ਉਹ ਆਖ਼ਰੀ ਗਰੁੱਪ ਮੈਚ ਵਿਚ ਸੱਟ ਕਾਰਨ ਨਹੀਂ ਖੇਡ ਸਕਿਆ ਸੀ ਪਰ ਮਾਰਕਸ ਸਟੋਇੰਸ ਦੀ ਜਗ੍ਹਾ ਹੁਣ ਵਾਪਸੀ ਕਰੇਗਾ।
ਇਹ ਵੀ ਪੜ੍ਹੋ- ਕੋਹਲੀ ਬਣਿਆ ਸੈਂਕੜਿਆਂ ਦਾ 'ਕਿੰਗ', ਤੋੜਿਆ ਸਚਿਨ ਦਾ 49 ਸੈਂਕੜਿਆਂ ਦਾ ਰਿਕਾਰਡ
ਟੀਮਾਂ ਇਸ ਤਰ੍ਹਾਂ ਹਨ-
ਦੱਖਣੀ ਅਫ਼ਰੀਕਾ : ਤੇਂਬਾ ਬਾਵੂਮਾ (ਕਪਤਾਨ), ਗੇਰਾਲਡ ਕੋਏਤਜ਼, ਕਵਿੰਟਨ ਡੀ ਕੌਕ, ਰੀਜਾ ਹੈਂਡ੍ਰਿਕਸ, ਮਾਰਕੋ ਜਾਨਸੇਨ, ਹੈਨਰਿਕ ਕਲਾਸੇਨ, ਕੇਸ਼ਵ ਮਹਾਰਾਜ, ਐਡਨ ਮਾਰਕ੍ਰਮ, ਡੇਵਿਡ ਮਿਲਰ, ਲੁੰਗੀ ਇਨਗਿਡੀ, ਐਂਡਿਲੇ ਫੇਲਕਵਾਓ, ਕਗਿਸੋ ਰਬਾਡਾ, ਤਬਰੇਜ਼ ਸ਼ਮਸੀ, ਰੂਸੋ ਵਾਨ ਡੇਰ ਡੂਸੇਨ, ਲਿਜਾਦ ਵਿਲੀਅਮਸ।
ਆਸਟ੍ਰੇਲੀਆ : ਪੈਟ ਕਮਿੰਸ (ਕਪਤਾਨ), ਸਟੀਵ ਸਮਿਥ, ਐਲਕਸ ਕੈਰੀ, ਜੋਸ਼ ਇੰਗਲਿਸ, ਸੀਨ ਐਬੋਟ, ਐਸ਼ਟਨ ਐਗਰ, ਕੈਮਰਨ ਗ੍ਰੀਨ, ਜੋਸ਼ ਹੇਜ਼ਲਵੁਡ, ਟ੍ਰੈਵਿਸ ਹੈੱਡ, ਮਿਚੇਲ ਮਾਰਸ਼, ਗਲੇਨ ਮੈਕਸਵੈੱਲ, ਮਾਰਕਸ ਸਟੋਇੰਸ, ਡੇਵਿਡ ਵਾਰਨਰ, ਐਡਮ ਜ਼ਾਂਪਾ ਤੇ ਮਿਚੇਲ ਸਟਾਰਕ।
ਇਹ ਵੀ ਪੜ੍ਹੋ- ਵਿਰਾਟ ਨੇ ਤੋੜਿਆ ਸਚਿਨ ਦਾ 20 ਸਾਲ ਪੁਰਾਣਾ ਰਿਕਾਰਡ, ਬਣਿਆ ਵਿਸ਼ਵ ਕੱਪ ਦਾ ਸਭ ਤੋਂ ਸਫ਼ਲ ਬੱਲੇਬਾਜ਼
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8