ਅਫਗਾਨੀ ਤਾਈਕਵਾਂਡੋ ਖਿਡਾਰਨ ਨੇ ਸ਼ਰਨਾਰਥੀ ਪੈਰਾਲੰਪਿਕ ਟੀਮ ਲਈ ਪਹਿਲਾ ਤਮਗਾ ਜਿੱਤ ਕੇ ਰਚਿਆ ਇਤਿਹਾਸ
Saturday, Aug 31, 2024 - 10:27 AM (IST)
ਪੈਰਿਸ- ਅਫਗਾਨਿਸਤਾਨ ਦੀ ਜ਼ਾਕੀਆ ਖੁਦਾਦਾਦੀ ਨੇ ਪੈਰਿਸ ਪੈਰਾਲੰਪਿਕ ਵਿਚ ਸ਼ਰਨਾਰਥੀ ਪੈਰਾਲੰਪਿਕ ਟੀਮ ਲਈ ਤਮਗਾ ਜਿੱਤਣ ਵਾਲੀ ਪਹਿਲੀ ਖਿਡਾਰਨ ਬਣ ਕੇ ਇਤਿਹਾਸ ਰਚ ਦਿੱਤਾ। ਜ਼ਾਕੀਆ ਨੇ ਤਾਈਕਵਾਂਡੋ ਵਿਚ ਮਹਿਲਾਵਾਂ ਦੇ 47 ਕਿ. ਗ੍ਰਾ. ਭਾਰ ਵਰਗ ਵਿਚ ਤੁਰਕੀ ਦੀ ਏਕਿੰਸੀ ਨੁਰਸਿਹਾਨ ਨੂੰ ਹਰਾ ਕੇ ਕਾਂਸੀ ਤਮਗਾ ਜਿੱਤਿਆ। ਪੈਰਿਸ ਦੇ ਗ੍ਰੈਂਡ ਪੈਲੇਸ ਵਿਚ ਮੁਕਾਬਲੇ ਦੇ ਖਤਮ ਹੋਣ ਤੋਂ ਬਾਅਦ ਜ਼ਾਕੀਆ ਖੁਸ਼ੀ ਨਾਲ ਨੱਚ ਉੱਠੀ ਤੇ ਉਸ ਨੇ ਆਪਣੇ ਹੈਲਮੇਟ ਨੂੰ ਹਵਾ ਵਿਚ ਉਛਾਲ ਕੇ ਜਸ਼ਨ ਮਨਾਇਆ।
ਜ਼ਾਕੀਆ ਇਕ ਬਾਂਹ ਦੇ ਬਿਨਾਂ ਪੈਦਾ ਹੋਈ ਸੀ। ਉਸ ਨੇ 11 ਸਾਲ ਦੀ ਉਮਰ ਵਿਚ ਪੱਛਮੀ ਅਫਗਾਨਿਸਤਾਨ ਵਿਚ ਆਪਣੇ ਘਰੇਲੂ ਸ਼ਹਿਰ ਹੇਰਾਤ ਵਿਚ ਇਕ ਗੁਪਤ ਜਿਮ ਵਿਚ ਛੁਪ ਕੇ ਤਾਈਕਵਾਂਡੋ ਦਾ ਅਭਿਆਸ ਕਰਨਾ ਸ਼ੁਰੂ ਕੀਤਾ ਸੀ। ਦੇਸ਼ ਵਿਚ 2021 ਵਿਚ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਮਹਿਲਾਵਾਂ ਨੂੰ ਖੇਡਾਂ ਵਿਚ ਹਿੱਸਾ ਲੈਣ ਤੋਂ ਰੋਕ ਦਿੱਤਾ ਗਿਆ ਸੀ। ਉਹ ਕਿਸੇ ਤਰ੍ਹਾਂ ਅਫਗਾਨਿਸਤਾਨ ਵਿਚੋਂ ਨਿਕਲਣ ਵਿਚ ਸਫਲ ਰਹੀ ਤੇ ਕੌਮਾਂਤਰੀ ਭਾਈਚਾਰੇ ਦੀ ਪਟੀਸ਼ਨ ਤੋਂ ਬਾਅਦ ਉਸ ਨੂੰ ਆਪਣੇ ਦੇਸ਼ ਲਈ ਟੋਕੀਓ ਪੈਰਾਲੰਪਿਕ ਵਿਚ ਮੁਕਾਬਲੇਬਾਜ਼ੀ ਕਰਨ ਦੀ ਮਨਜ਼ੂਰੀ ਦਿੱਤੀ ਗਈ। ਟੋਕੀਓ ਖੇਡਾਂ ਤੋਂ ਬਾਅਦ ਉਹ ਪੈਰਿਸ ਵਿਚ ਵੱਸ ਗਈ।