T20 WC ਲਈ ਅਫ਼ਗਾਨਿਸਤਾਨ ਦੀ ਟੀਮ ਦਾ ਐਲਾਨ: ਰਾਸ਼ਿਦ ਖ਼ਾਨ ਸੰਭਾਲਣਗੇ ਕਪਤਾਨੀ
Wednesday, Dec 31, 2025 - 05:33 PM (IST)
ਸਪੋਰਟਸ ਡੈਸਕ- ਅਫ਼ਗਾਨਿਸਤਾਨ ਕ੍ਰਿਕਟ ਬੋਰਡ ਨੇ ਆਗਾਮੀ ਟੀ-20 ਵਿਸ਼ਵ ਕੱਪ ਲਈ ਆਪਣੀ 15 ਮੈਂਬਰੀ ਰਾਸ਼ਟਰੀ ਟੀਮ ਦੀ ਘੋਸ਼ਣਾ ਕਰ ਦਿੱਤੀ ਹੈ, ਜਿਸ ਦੀ ਕਪਤਾਨੀ ਸਟਾਰ ਸਪਿਨਰ ਰਾਸ਼ਿਦ ਖ਼ਾਨ ਨੂੰ ਸੌਂਪੀ ਗਈ ਹੈ। ਟੀਮ ਵਿੱਚ ਅਹਿਮ ਬਦਲਾਅ ਸਰੋਤਾਂ ਅਨੁਸਾਰ, ਚੋਣਕਾਰਾਂ ਨੇ ਤੇਜ਼ ਗੇਂਦਬਾਜ਼ ਨਵੀਨ-ਉਲ-ਹੱਕ ਨੂੰ ਟੀਮ ਵਿੱਚ ਸ਼ਾਮਲ ਕੀਤਾ ਹੈ, ਜੋ ਮੋਢੇ ਦੀ ਸੱਟ ਤੋਂ ਪੂਰੀ ਤਰ੍ਹਾਂ ਉਭਰ ਚੁੱਕੇ ਹਨ। ਨਵੀਨ ਨੇ ਆਪਣਾ ਆਖਰੀ ਟੀ-20 ਮੁਕਾਬਲਾ ਦਸੰਬਰ 2024 ਵਿੱਚ ਖੇਡਿਆ ਸੀ। ਇਸ ਦੇ ਨਾਲ ਹੀ ਗੁਲਬਦੀਨ ਨਾਇਬ ਦੀ ਵੀ ਵਿਸ਼ਵ ਕੱਪ ਟੀਮ ਵਿੱਚ ਵਾਪਸੀ ਹੋਈ ਹੈ। ਹਾਲਾਂਕਿ, ਜ਼ਿੰਬਾਬਵੇ ਵਿਰੁੱਧ ਸੀਰੀਜ਼ ਦਾ ਹਿੱਸਾ ਰਹੇ ਸ਼ਰਾਫੂਦੀਨ ਅਸ਼ਰਫ, ਫਰੀਦ ਅਹਿਮਦ ਮਲਿਕ, ਬਸ਼ੀਰ ਅਹਿਮਦ ਅਤੇ ਏਜਾਜ਼ ਅਹਿਮਦ ਅਹਿਮਦਜ਼ਈ ਨੂੰ ਇਸ ਵਾਰ ਟੀਮ ਵਿੱਚ ਜਗ੍ਹਾ ਨਹੀਂ ਮਿਲੀ ਹੈ।
ਵਿਸ਼ਵ ਕੱਪ ਦਾ ਸ਼ਡਿਊਲ ਅਤੇ ਤਿਆਰੀਆਂ
ਅਫ਼ਗਾਨਿਸਤਾਨ ਨੂੰ ਗਰੁੱਪ ਡੀ ਵਿੱਚ ਰੱਖਿਆ ਗਿਆ ਹੈ, ਜਿੱਥੇ ਉਨ੍ਹਾਂ ਦਾ ਮੁਕਾਬਲਾ ਨਿਊਜ਼ੀਲੈਂਡ, ਦੱਖਣੀ ਅਫ਼ਰੀਕਾ, ਯੂਏਈ (UAE) ਅਤੇ ਕੈਨੇਡਾ ਨਾਲ ਹੋਵੇਗਾ। ਅਫ਼ਗਾਨਿਸਤਾਨ ਆਪਣੀ ਮੁਹਿੰਮ ਦੀ ਸ਼ੁਰੂਆਤ 8 ਫਰਵਰੀ ਨੂੰ ਚੇਨਈ ਵਿੱਚ ਨਿਊਜ਼ੀਲੈਂਡ ਵਿਰੁੱਧ ਕਰੇਗਾ। ਵਿਸ਼ਵ ਕੱਪ ਤੋਂ ਪਹਿਲਾਂ ਟੀਮ ਆਪਣੀਆਂ ਤਿਆਰੀਆਂ ਨੂੰ ਪੁਖਤਾ ਕਰਨ ਲਈ 19 ਜਨਵਰੀ ਤੋਂ ਯੂਏਈ ਵਿੱਚ ਵੈਸਟਇੰਡੀਜ਼ ਵਿਰੁੱਧ ਤਿੰਨ ਟੀ-20 ਮੈਚਾਂ ਦੀ ਸੀਰੀਜ਼ ਖੇਡੇਗੀ।
ਟੀ-20 ਵਿਸ਼ਵ ਕੱਪ ਲਈ ਅਫ਼ਗਾਨਿਸਤਾਨ ਦੀ ਪੂਰੀ ਟੀਮ: ਰਾਸ਼ਿਦ ਖ਼ਾਨ (ਕਪਤਾਨ), ਨੂਰ ਅਹਿਮਦ, ਅਬਦੁੱਲਾ ਅਹਿਮਦਜ਼ਈ, ਸੇਦਿਕੁੱਲ੍ਹਾ ਅਟਲ, ਫਜ਼ਲਹਕ ਫਾਰੂਕੀ, ਰਹਿਮਾਨੁੱਲ੍ਹਾ ਗੁਰਬਾਜ਼, ਨਵੀਨ ਉਲ ਹੱਕ, ਮੁਹੰਮਦ ਇਸਹਾਕ, ਸ਼ਾਹਿਦੁੱਲ੍ਹਾ ਕਮਾਲ, ਮੁਹੰਮਦ ਨਬੀ, ਗੁਲਬਦੀਨ ਨਾਇਬ, ਅਜ਼ਮਤੁੱਲ੍ਹਾ ਉਮਰਜ਼ਈ, ਮੁਜੀਬ ਉਰ ਰਹਿਮਾਨ, ਦਰਵੇਸ਼ ਰਸੂਲੀ ਅਤੇ ਇਬਰਾਹਿਮ ਜ਼ਾਦਰਾਨ।
