ਕਿਰਗਿਓਸ ਨੂੰ ਮੈਚ ਦੌਰਾਨ ਸਲਾਹ ਦੇਣ ਵਾਲਾ ਅੰਪਾਇਰ ਸਸਪੈਂਡ
Wednesday, Sep 19, 2018 - 01:09 PM (IST)

ਲਾਸ ਐਂਜਲਿਸ : ਆਸਟਰੇਲੀਆ ਦੇ ਨਿਕ ਕਿਰਗਿਓਸ ਨੂੰ ਮੈਚ ਦੌਰਾਨ ਸਲਾਹ ਦੇਣ ਕਾਰਨ ਆਲੋਚਨਾ ਝੱਲਣ ਵਾਲੇ ਅਮਰੀਕੀ ਓਪਨ ਦੇ ਅੰਪਾਇਰ ਨੂੰ 2 ਹਫਤੇ ਲਈ ਸਸਪੈਂਡ ਕਰ ਦਿੱਤਾ ਗਿਆ ਹੈ। ਖਬਰਾ ਵਿਚ ਅਜਿਹਾ ਦਾਅਵਾ ਕੀਤਾ ਗਿਆ ਹੈ। ਸਵੀਡਨ ਦੇ ਅਧਿਕਾਰੀ ਮੁਹੰਮਦ ਲਾਹਯਾਨੀ ਨੇ ਪਿਛਲੇ ਮਹੀਨੇ ਉਸ ਸਮੇਂ ਵਿਵਾਦ ਖੜ੍ਹਾ ਕਰ ਦਿੱਤਾ ਸੀ ਜਦੋਂ ਉਹ ਪਿਯਰੇ ਹਿਊਜੇਸ ਹਰਬਰਟ ਖਿਲਾਫ ਕਿਰਗਿਓਸ ਦੇ ਦੂਜੇ ਦੌਰ ਦੇ ਮੁਕਾਬਲੇ ਦੌਰਾਨ ਆਪਣੀ ਚੇਅਰ ਤੋਂ ਉੱਤਰ ਕੇ ਇਸ ਆਸਟਰੇਲੀਆਈ ਖਿਡਾਰੀ ਨੂੰ ਸਲਾਹ ਦੇਣ ਆ ਗਏ ਸੀ। ਅਮਰੀਕੀ ਓਪਨ ਨੇ ਬਾਅਦ ਵਿਚ ਕਿਹਾ, ''ਲਾਹਯਾਨੀ ਨੇ ਆਪਣੇ ਵਰਤਾਅ ਨਾਲ ਪ੍ਰੋਟੋਕਾਲ ਨੂੰ ਤੋੜਿਆ ਹੈ।''
ਲਾਹਯਾਨੀ ਨੂੰ ਕਿਰਗਿਓਸ ਨੂੰ ਇਹ ਕਹਿੰਦੇ ਸੁਣਿਆ ਗਿਆ, ''ਮੈਂ ਤੁਹਾਡੀ ਮਦਦ ਕਰਨਾ ਚਾਹੁੰਦਾ ਹਾਂ। ਕਿਰਗਿਓਸ ਇਸ ਸਮੇਂ ਪਹਿਲੇ ਸੈੱਟ ਨੂੰ ਗੁਆਉਣ ਤੋਂ ਬਾਅਦ ਦੂਜੇ ਸੈੱਟ ਵਿਚ ਵੀ 0-3 ਨਾਲ ਪਿੱਛੇ ਸੀ। ਲਾਹਯਾਨੀ ਨੇ ਕਿਹਾ, '' ਇਹ ਤੁਸੀਂ ਨਹੀਂ ਹੋ। ਮੈਂ ਜਾਣਦਾ ਹਾਂ। ਮੈਂ ਤੁਹਾਡੇ ਮੈਚ ਦੇਖੇ ਹਨ। ਤੁਸੀਂ ਟੈਨਿਸ ਲਈ ਮਹਾਨ ਹੋ। ਕਿਰਗਿਓਸ ਨੇ ਇਸ ਤੋਂ ਬਾਅਦ ਅਗਲੇ 25 ਵਿਚੋਂ 19 ਗੇਮ ਜਿੱਤ ਕੇ ਮੁਕਾਬਲਾ 4-6, 7-6 (8/6), 6-3, 6-0 ਨਾਲ ਆਪਣੇ ਨਾਂ ਕੀਤਾ। ਮੰਗਲਵਾਰ ਨੂੰ ਏ. ਟੀ. ਪੀ. ਦੇ ਹਵਾਲੇ ਨਾਲ ਲਿਖੀ ਗਈ ਖਬਰਾਂ ਵਿਚ ਦਾਅਵਾ ਕੀਤਾ ਗਿਆ ਕਿ 52 ਸਾਲ ਦੇ ਲਾਹਯਾਨੀ ਨੂੰ ਇਸ ਘਟਨਾ ਦੇ ਕਾਰਨ 2 ਹਫਤੇ ਲਈ ਸਸਪੈਂਡ ਕਰ ਦਿੱਤਾ ਗਿਆ ਹੈ।