ਡੇ-ਨਾਈਟ ਟੈਸਟ 'ਚ ਸਭ ਤੋਂ ਜ਼ਿਆਦਾ ਸੈਂਕੜੇ ਲਗਾਉਣ ਵਾਲੇ ਖਿਡਾਰੀ ਬਣੇ ਲਾਬੁਸ਼ੇਨ, ਇਸ ਖਿਡਾਰੀ ਨੂੰ ਛੱਡਿਆ ਪਿੱਛੇ
Friday, Dec 17, 2021 - 07:59 PM (IST)
ਐਡੀਲੇਡ- ਆਸਟਰੇਲੀਆ ਤੇ ਇੰਗਲੈਂਡ ਵਿਚਾਲੇ ਦੂਜਾ ਏਸ਼ੇਜ਼ ਟੈਸਟ ਐਡੀਲੇਡ ਓਵਲ 'ਚ ਖੇਡਿਆ ਜਾ ਰਿਹਾ ਹੈ। ਦੂਜੇ ਟੈਸਟ ਦੇ ਦੂਜੇ ਦਿਨ ਆਸਟਰੇਲੀਆਈ ਬੱਲੇਬਾਜ਼ ਮਾਰਨਸ ਲਾਬੁਸ਼ੇਨ ਨੇ ਸੈਂਕੜਾ ਲਗਾਇਆ ਤੇ ਆਪਣੇ ਨਾਂ ਵੱਡਾ ਰਿਕਾਰਡ ਦਰਜ ਕਰ ਲਿਆ ਹੈ। ਲਾਬੁਸ਼ੇਨ ਨੇ ਦੂਜੇ ਦਿਨ ਜੇਮਸ ਐਂਡਰਸਨ ਦੀ ਗੇਂਦ 'ਤੇ ਚੌਕਾ ਲਗਾ ਕੇ ਟੈਸਟ ਕ੍ਰਿਕਟ ਦਾ ਆਪਣਾ 6ਵਾਂ ਸੈਂਕੜਾ ਲਗਾਇਆ। ਇਸ ਦੌਰਾਨ ਡੇ-ਨਾਈਟ ਟੈਸਟ ਵਿਚ ਇਹ ਉਸਦਾ ਤੀਜਾ ਸੈਂਕੜਾ ਸੀ ਤੇ ਇਸ ਦੇ ਨਾਲ ਹੀ ਡੇ-ਨਾਈਟ ਵਿਚ ਲਾਬੁਸ਼ੇਨ ਦੇ ਨਾਂ ਸਭ ਤੋਂ ਜ਼ਿਆਦਾ ਸੈਂਕੜੇ ਹੋ ਗਏ ਹਨ। ਉਨ੍ਹਾਂ ਨੇ ਇਸ ਮਾਮਲੇ ਵਿਚ ਪਾਕਿਸਤਾਨ ਦੇ ਅਸਦ ਸ਼ਫੀਕ ਨੂੰ ਪਿੱਛੇ ਛੱਡਿਆ ਹੈ, ਜਿਸ ਦੇ ਨਾਂ ਡੇ ਨਾਈਟ ਟੈਸਟ ਵਿਚ 2 ਸੈਂਕੜੇ ਹਨ।
ਲਾਬੁਸ਼ੇਨ ਨੇ ਆਪਣੀ ਪਾਰੀ ਦੇ ਦੌਰਾਨ ਕੁਲ 305 ਗੇਂਦਾਂ ਦਾ ਸਾਹਮਣਾ ਕੀਤਾ ਤੇ 103 ਦੌੜਾਂ ਬਣਾਈਆਂ। ਲਾਬੁਸ਼ੇਨ ਦੀ ਇਸ ਪਾਰੀ ਦੀ ਬਦੌਲਤ ਆਸਟਰੇਲੀਆ ਮਜ਼ਬੂਤ ਸਥਿਤੀ ਵਿਚ ਨਜ਼ਰ ਆ ਰਿਹਾ ਹੈ ਤੇ ਟੀਮ ਨੇ ਦੂਜੇ ਦਿਨ 473/9 ਦਾ ਸਕੋਰ ਬਣਾਇਆ। ਲਾਬੁਸ਼ੇਨ ਤੋਂ ਇਲਾਵਾ ਡੇਵਿਡ ਵਾਰਨਰ (95) ਤੇ ਕਪਤਾਨ ਸਟੀਵ ਸਮਿੱਥ (93) ਨੇ ਅਰਧ ਸੈਂਕੜੇ ਵਾਲੀਆਂ ਪਾਰੀਆਂ ਖੇਡੀਆਂ ਪਰ ਸੈਂਕੜੇ ਤੋਂ ਖੁੰਝ ਗਏ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।