ਕਾਮਨਵੈਲਥ ਖੇਡਾਂ 'ਚ ਭਾਰਤ ਦਾ ਨਾਂ ਰੌਸ਼ਨ ਕਰਨ ਵਾਲੀ ਵੇਟਲਿਫਟਿੰਗ ਟੀਮ ਦਾ ਅੰਮ੍ਰਿਤਸਰ ਪੁੱਜਣ 'ਤੇ ਨਿੱਘਾ ਸਵਾਗਤ

Saturday, Aug 06, 2022 - 12:24 PM (IST)

ਕਾਮਨਵੈਲਥ ਖੇਡਾਂ 'ਚ ਭਾਰਤ ਦਾ ਨਾਂ ਰੌਸ਼ਨ ਕਰਨ ਵਾਲੀ ਵੇਟਲਿਫਟਿੰਗ ਟੀਮ ਦਾ ਅੰਮ੍ਰਿਤਸਰ ਪੁੱਜਣ 'ਤੇ ਨਿੱਘਾ ਸਵਾਗਤ

ਰਾਜਾਸਾਂਸੀ (ਰਾਜਵਿੰਦਰ ਹੁੰਦਲ/ਨਿਰਵੈਲ)- ਬਰਮਿੰਘਮ ਵਿਖੇ ਹੋ ਰਹੀਆਂ ਕਾਮਨਵੈਲਥ ਖੇਡਾਂ 'ਚ ਭਾਰਤ ਦਾ ਨਾਂ ਰੌਸ਼ਨ ਕਰਨ ਵਾਲੀ ਵੇਟਲਿਫਟਿੰਗ ਟੀਮ ਜਿਸ ਵਿਚ ਮਰਦ ਅਤੇ ਮਹਿਲਾ ਟੀਮਾਂ ਦੇ ਖਿਡਾਰੀ ਸ਼ਾਮਲ ਹਨ, ਅੱਜ ਸਵੇਰੇ ਸ੍ਰੀ ਗੁਰੂ ਰਾਮ ਦਾਸ ਅੰਮ੍ਰਿਤਸਰ ਹਵਾਈ ਅੱਡੇ ਰਸਤੇ ਭਾਰਤ ਦਾਖਲ ਹੋਈ। ਇਸ ਮੌਕੇ ਜਿਲ੍ਹਾ ਪ੍ਰਸ਼ਾਸਨ ਵੱਲੋਂ ਖਿਡਾਰੀਆਂ ਤੇ ਕੋਚਾਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ। ਡਿਪਟੀ ਕਮਿਸ਼ਨਰ ਸ੍ਰੀ ਹਰਪ੍ਰੀਤ ਸਿੰਘ ਸੂਦਨ ਨੇ ਹਰੇਕ ਖਿਡਾਰੀ ਨੂੰ ਫੁੱਲਾਂ ਦੇ ਗੁਲਦਸਤੇ ਦੇ ਕੇ ਜੀ ਆਇਆਂ ਕਿਹਾ, ਜਦਕਿ ਹੋਰ ਅਧਿਕਾਰੀਆਂ ਨੇ ਖਿਡਾਰੀਆਂ ਦੇ ਹਾਰ ਪਾ ਕੇ ਸਵਾਗਤ ਕੀਤਾ। 

ਇਹ ਵੀ ਪੜ੍ਹੋ : CWG : ਬਜਰੰਗ ਪੂਨੀਆ ਦਾ ਸ਼ਾਨਦਾਰ ਪ੍ਰਦਰਸ਼ਨ, ਕੁਸ਼ਤੀ 65 ਕਿਲੋਗ੍ਰਾਮ ਵਰਗ ’ਚ ਜਿੱਤਿਆ ਸੋਨ ਤਮਗਾ

PunjabKesari

ਦੱਸਣਯੋਗ ਹੈ ਕਿ ਇਸ ਟੀਮ ਨੇ ਕਾਮਨਵੈਲਥ ਖੇਡਾਂ ਵਿਚ ਭਾਰਤ ਲਈ 10 ਤਮਗੇ ਜਿੱਤੇ ਹਨ, ਜਿਸ ਵਿਚ 3 ਸੋਨੇ, 3 ਚਾਂਦੀ ਤੇ 4 ਕਾਂਸੀ ਦੇ ਤਮਗੇ ਸ਼ਾਮਲ ਹਨ। ਵੱਡੀ ਖੁਸ਼ੀ ਵਾਲੀ ਗੱਲ ਇਹ ਹੈ ਕਿ ਇਸ ਟੀਮ ਵਿਚ ਚਾਰ ਤਮਗਾ ਜੇਤੂ ਖਿਡਾਰੀ ਪੰਜਾਬ ਤੋਂ ਹਨ, ਜਿੰਨਾ ਵਿਚੋ ਇਕ ਲਵਪ੍ਰੀਤ ਸਿੰਘ ਦਾ ਪਿੰਡ ਦਾ ਅੰਮ੍ਰਿਤਸਰ ਹਵਾਈ ਅੱਡੇ ਦੇ ਬਿਲਕੁੱਲ ਨਾਲ ਬਲ ਸਿੰਕਦਰ ਹੈ। ਲਵਪ੍ਰੀਤ ਸਿੰਘ ਨੇ 109 ਕਿਲੋ ਭਾਰ ਵਰਗ ਵਿਚ ਕਾਂਸੀ ਦਾ ਕਾਂਸੀ ਦਾ ਤਮਗਾ ਜਿਤਿਆ ਹੈ। ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਪੰਜਾਬ ਦੇ ਤਮਗਾ ਜੇਤੂ ਖ਼ਿਡਾਰੀਆਂ ਲਈ ਇਨਾਮਾਂ ਦੀ ਵੱਡੀ ਰਾਸ਼ੀ ਦਾ ਐਲਾਨ ਕੀਤਾ ਹੈ, ਜਿੰਨਾ ਵਿਚ ਚਾਂਦੀ ਦਾ ਤਮਗਾ ਜੇਤੂ ਵਿਕਾਸ ਠਾਕੁਰ ਨੂੰ 50 ਲੱਖ ਰੁਪਏ ਅਤੇ ਕਾਂਸੀ ਦਾ ਤਮਗਾ ਜੇਤੂ ਹਰਜਿੰਦਰ ਕੌਰ, ਲਵਪ੍ਰੀਤ ਸਿੰਘ ਤੇ ਗੁਰਦੀਪ ਸਿੰਘ ਨੂੰ 40 ਲੱਖ ਰੁਪਏ ਦਾ ਨਗਦ ਇਨਾਮ ਮੁੱਖ ਮੰਤਰੀ ਵੱਲੋਂ ਐਲਾਨਿਆ ਜਾ ਚੁੱਕਾ ਹੈ। ਅੱਜ ਟੀਮ ਦੀ ਆਮਦ ਉਤੇ ਖੇਡ ਮੰਤਰੀ ਸ੍ਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਵੀ ਖਿਡਾਰੀਆਂ ਨੂੰ ਵਧਾਈ ਭੇਜੀ।

ਇਹ ਵੀ ਪੜ੍ਹੋ : CWG 2022 : ਸਾਕਸ਼ੀ ਮਲਿਕ ਨੇ ਕੁਸ਼ਤੀ 62 ਕਿਲੋਗ੍ਰਾਮ ਵਰਗ ’ਚ ਜਿੱਤਿਆ ਗੋਲਡ

PunjabKesari

ਅੱਜ ਭਾਰਤ ਪੁੱਜੇ ਖਿਡਾਰੀਆਂ ਵਿਚ ਸੋਨ ਤਮਗਾ ਜੇਤੂ ਮੀਰਾਬਾਈ ਚਾਨੂ, ਜੇਰੇਮੀ ਲਾਲਰਿਨੁੰਗਾ, ਅਚਿੰਤਾ ਸੀਉਲੀ, ਚਾਂਦੀ ਦਾ ਤਮਗਾ ਜੇਤੂ ਭੰਡਾਰਨੀ ਦੇਵੀ, ਸੰਕੇਤ ਸਰਗਰ, ਵਿਕਾਸ ਠਾਕੁਰ,  ਕਾਂਸੀ ਦਾ ਤਗਮ ਜੇਤੂ ਹਰਜਿੰਦਰ ਕੌਰ, ਗੁਰਦੀਪ ਸਿੰਘ, ਗੁਰੂਰਾਜਾ ਪੂਜਾਰੇ ਸ਼ਾਮਿਲ ਸਨ। ਇਸ ਤੋਂ ਇਲਾਵਾ ਚੌਥੇ ਸਥਾਨ ਉਤੇ ਰਹੀ ਅਜੇ ਸਿੰਘ, ਪੋਰੀ ਹਜਾਰਿਕਾ (ਸੱਤਵੇਂ), ਊਸ਼ਾ ਕੁਮਾਰਾ (ਛੇਵੇਂ) ਅਤੇ ਪੂਰਨਿਮਾ ਪਾਂਡੇ (ਛੇਵੇਂ ਸਥਾਨ) ਵੀ ਅੱਜ ਪਹੁੰਚੇ ਖਿਡਾਰੀਆਂ ਵਿਚ ਸ਼ਾਮਿਲ ਸਨ। ਸ੍ਰੀ ਸੂਦਨ ਨੇ ਜੇਤੂ ਖਿਡਾਰੀਆਂ ਨੂੰ ਵਧਾਈ ਦੇਣ ਦੇ ਨਾਲ-ਨਾਲ ਭਾਗ ਲੈਣ ਵਾਲੇ ਸਾਰੇ ਖਿਡਾਰੀਆਂ ਦੀ ਤਾਰੀਫ਼ ਕਰਦੇ ਕਿਹਾ ਕਿ ਤੁਸੀਂ ਡੇਢ ਸੌ ਕਰੋੜ ਭਾਰਤੀਆਂ ਦੀ ਨੁਮਾਇੰਦਗੀ ਕਰਨ ਵਾਲੀ ਟੀਮ ਹੋ ਅਤੇ ਸਾਨੂੰ ਤੁਹਾਡੇ ਹਰੇਕ ਮੈਂਬਰ ਉਤੇ ਮਾਣ ਹੈ। ਇਸ ਮੌਕੇ ਹਵਾਈ ਅੱਡੇ ਦੇ ਅਧਿਕਾਰੀ, ਤਹਿਸੀਲਦਾਰ ਜਗਸੀਰ ਸਿੰਘ, ਸਿਮਰਨ ਸਿੰਘ ਖੇਡ ਵਿਭਾਗ ਤੇ ਹੋਰ ਸੀਨੀਅਰ ਅਧਿਕਾਰੀ ਹਾਜ਼ਰ ਸਨ, ਜਿੰਨਾ ਨੇ ਖਿਡਾਰੀਆਂ ਦਾ ਸਵਾਗਤ ਕੀਤਾ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News