ਇੰਗਲੈਂਡ ਦੇ ਪ੍ਰਸ਼ੰਸਕਾਂ ਨੂੰ ਯੂਰੋ 2020 ਉਮੀਦ ਦੀ ਇਕ ਕਿਰਨ
Sunday, Jul 11, 2021 - 04:38 PM (IST)
ਲੰਡਨ (ਏਜੰਸੀ)– ਜਦੋਂ ਮੈਂ ਬਹੁਤ ਛੋਟਾ ਸੀ ਤਾਂ ‘ਥ੍ਰੀ ਲਾਇਨਜ਼’ ਨਾਮੀ ਫੁੱਟਬਾਲ ਨਾਲ ਜੁੜੇ ਇਕ ਗੀਤ ਨੂੰ ਸੁਣਦਾ ਸੀ। ਇਸ ਗੀਤ ਨੂੰ ਆਏ 30 ਸਾਲ ਹੋ ਗਏ ਹਨ ਪਰ ਕੌਮਾਂਤਰੀ ਫੁੱਟਬਾਲ ਵਿਚ ਇਨ੍ਹਾਂ ਸਾਲਾਂ ਵਿਚ ਇੰਗਲੈਂਡ ਦਾ ਖ਼ਿਤਾਬ ਜਿੱਤਣ ਦਾ ਸੁਪਨਾ ਪੂਰਾ ਨਹੀਂ ਹੋਇਆ। ਖੇਡ ਨਾਲ ਜੁੜੀ ਮੇਰੀ ਸਭ ਤੋਂ ਪੁਰਾਣੀ ਯਾਦ 1970 ਵਿਚ ਮੈਕਸੀਕੋ ਵਿਚ ਖੇਡੇ ਗਏ ਵਿਸ਼ਵ ਕੱਪ ਦੇ ਕੁਆਰਟਰ ਫਾਈਨਲ ਵਿਚ ਇੰਗਲੈਂਡ ਦੀ ਹਾਰ ਤੋਂ ਬਾਅਦ ਟੈਲੀਵਿਜ਼ਨ ਸਕ੍ਰੀਨ ਦੇ ਸਾਹਮਣੇ ਨਿਰਾਸ਼ਾ ਵਿਚ ਆਪਣੇ ਪਿਤਾ ਤੇ ਚਚਰੇ ਭਰਾ ਨੂੰ ਰੌਲਾ ਪਾਉਂਦੇ ਹੋਏ ਦੇਖਣਾ ਹੈ। ਉਸ ਸਮੇਂ ਮੈਂ ਇਨ੍ਹਾਂ ਭਾਵਨਾਵਾਂ ਨੂੰ ਸਮਝਣ ਲਈ ਬਹੁਤ ਛੋਟਾ ਸੀ। ਤਿੰਨ ਸਾਲ ਬਾਅਦ ਜਦੋਂ ਇੰਗਲੈਂਡ ਵੇਮਬਲੀ ਵਿਚ ਪੋਲੈਂਡ ਤੋਂ ਹਾਰ ਗਿਆ ਤੇ ਜਰਮਨੀ ਵਿਚ ਖੇਡੇ ਗਏ 1974 ਵਿਸ਼ਵ ਕੱਪ ਲਈ ਕੁਆਲੀਫਾਈ ਕਰਨ ਵਿਚ ਅਸਫ਼ਲ ਰਿਹਾ ਸੀ ਤਾਂ ਇਹ ਮੇਰੇ ਵਰਗੇ 10 ਸਾਲਾ ਫੁੱਟਬਾਲ ਪ੍ਰਸ਼ੰਸਕਾਂ ਦਾ ਦਿਲ ਤੋੜਨ ਵਰਗਾ ਸੀ।
ਇਸ ਤੋਂ ਬਾਅਦ ਅਰਜਨਟੀਨਾ (1978) ਵਿਸ਼ਵ ਕੱਪ ਵਿਚ ਕੁਆਲੀਫਾਈ ਕਰਨ ਵਿਚ ਅਸਫ਼ਲ ਰਿਹਾ ਪਰ ਸਕਾਟਲੈਂਡ ਨੇ ਆਪਣੀ ਜਗ੍ਹਾ ਪੱਕੀ ਕਰ ਲਈ ਹੈ। ਇਸ ਨਾਲ ਸਾਡੀ ਨਿਰਾਸ਼ਾ ਹੋਰ ਵੱਧ ਗਈ। ਇਸ ਤੋਂ ਬਾਅਦ 80 ਦਾ ਦਹਾਕਾ ਸਾਡੇ ਲਈ ਕੁਝ ਚੰਗਾ ਰਿਹਾ ਜਦੋਂ ਅਸੀਂ ਨਿਯਮਤ ਤੌਰ ’ਤੇ ਕੁਆਲੀਫਾਈ ਕਰਦੇ ਰਹੇ ਪਰ ਖ਼ਿਤਾਬ ਜਿੱਤਣ ਵਿਚ ਅਸਫ਼ਲ ਰਹੇ। ਸਾਰੀਆਂ ਨਿਰਾਸ਼ਾਵਾਂ ਤੋਂ ਬਾਅਦ ਵੀ ਫੁੱਟਬਾਲ ਦੀ ਦੀਵਾਨਗੀ ਅਜਿਹੀ ਸੀ ਕਿ 1990 ਵਿਚ ਮੈਂ ਆਪਣੀ ਗ੍ਰੈਜੂਏਸ਼ਨ ਦੀ ਪੜ੍ਹਾਈ ਪੂਰੀ ਕੀਤੀ ਤੇ ਮਾਂ ਤੋਂ ਕਾਰ ਮੰਗ ਕੇ ਇਟਲੀ ਚਲਾ ਗਿਆ। ਘਰ ਵਿਚ ਬਿਨਾਂ ਦੱਸੇ ਤਿੰਨ ਹਫ਼ਤੇ ਤੱਕ ਉੱਥੇ ਹੀ ਰਿਹਾ ਤੇ ਸਟੇਡੀਅਮ ਤੋਂ ਬਾਹਰ ਟਿਕਟ ਖਰੀਦ ਕੇ ਮੈਚ ਦੇਖਿਆ।
ਇਸ ਵਿਸ਼ਵ ਕੱਪ ਵਿਚ ਟੀਮ ਨੇ ਸਾਨੂੰ ਖੁਸ਼ ਹੋਣ ਦਾ ਮੌਕਾ ਦਿੱਤਾ ਪਰ ਸੈਮੀਫਾਈਨਲ ਤੋਂ ਅੱਗੇ ਵਧਣ ਵਿਚ ਅਸਫ਼ਲ ਰਹੀ। ਇਹ ਖੁਸ਼ੀ 1992 ਯੂਰੋ ਵਿਚ ਨਿਰਾਸ਼ਾ ਵਿਚ ਬਦਲ ਗਈ ਜਦੋਂ ਟੀਮ ਕੁਆਲੀਫਾਇੰਗ ਦੌਰ ਵਿਚੋਂ ਹੀ ਬਾਹਰ ਹੋ ਗਈ। ਇਸ ਤੋਂ ਬਾਅਦ ਯੂਰੋ 1996, ਵਿਸ਼ਵ ਕੱਪ 1998 (ਫਰਾਂਸ) ਤੇ ਯੂਰੋ 2000 ਵਿਚ ਵੀ ਸਾਡੀਆਂ ਉਮੀਦਾਂ ਟੁੱਟਦੀਆਂ ਰਹੀਆਂ। ਪੁਰਤਗਾਲ ਵਿਚ ਹੋਏ ਯੂਰੋ 2004 ਵਿਚ ਵੀ ਸਾਡੀ ਟੀਮ ਨੇ ਨਿਰਾਸ਼ ਕੀਤਾ, ਜਦਕਿ ਕਮਜ਼ੋਰ ਮੰਨੀ ਜਾਣ ਵਾਲੀ ਯੂਨਾਨ ਦੀ ਟੀਮ ਚੈਂਪੀਅਨ ਬਣ ਗਈ। ਸਾਡੇ ਵਰਗੇ ਪ੍ਰਸ਼ੰਸਕਾਂ ਨੂੰ ਅਜਿਹਾ ਲੱਗਾ ਸੀ ਕਿ ਖਿਡਾਰੀ ਕਲੱਬ ਵਿਰੋਧੀਆਂ ਨੂੰ ਪਿੱਛੇ ਛੱਡ ਕੇ ਇਕੱਠੇ ਕੋਸ਼ਿਸ਼ ਨਹੀਂ ਕਰ ਰਹੇ ਹਨ। ਟੀਮ ਨੂੰ 2010 ਵਿਸ਼ਵ ਕੱਪ ਵਿਚ ਜਰਮਨੀ ਨੇ ਬਾਹਰ ਦਾ ਰਸਤਾ ਦਿਖਾਇਆ ਤਾਂ ਉੱਥੇ ਹੀ 2014 ਵਿਸ਼ਵ ਕੱਪ ਵਿਚ ਉਹ ਇਕ ਵੀ ਮੈਚ ਨਹੀਂ ਜਿੱਤ ਸਕੀ। ਇਸ ਤੋਂ ਵੱਡੀ ਨਿਰਾਸ਼ਾ 2016 ਯੂਰੋ ਵਿਚ ਮਿਲੀ ਜਦੋਂ ਕੁਆਰਟਰ ਫਾਈਨਲ ਵਿਚ ਆਈਸਲੈਂਡ ਵਰਗੀ ਕਮਜ਼ੋਰ ਮੰਨੀ ਜਾਣ ਵਾਲੀ ਟੀਮ ਨੇ ਇੰਗਲੈਂਡ ਨੂੰ ਹਰਾ ਦਿੱਤਾ।
ਰੂਸ ਵਿਸ਼ਵ ਕੱਪ ਵਿਚ ਟੀਮ ਨੇ ਲੰਬੇ ਸਮੇਂ ਬਾਅਦ ਇਕ ਵਾਰ ਫਿਰ ਉਮੀਦਾਂ ਕਾਇਮ ਕੀਤੀਆਂ ਪਰ ਸੈਮੀਫਾਈਨਲ ਵਿਚ ਕ੍ਰੋਏਸ਼ੀਆ ਹੱਥੋਂ ਹਾਰ ਗਈ। ਯੂਰੋ 2020 ਵਿਚ ਟੀਮ ਦੇ ਹੁਣ ਤੱਕ ਦੇ ਦਮਦਾਰ ਪ੍ਰਦਰਸ਼ਨ ਨਾਲ ਉਮੀਦਾਂ ਫਿਰ ਤੋਂ ਜਾਗੀਆਂ ਹਨ। ਇੰਗਲੈਂਡ ਨੇ ਪ੍ਰੀ-ਕੁਆਰਟਰ ਫਾਈਨਲ ਵਿਚ ਜਦੋਂ ਜਰਮਨੀ ਨੂੰ ਹਰਾਇਆ ਤਾਂ ਮੇਰੀ ਪੰਜ ਸਾਲ ਦੀ ਬੇਟੀ ਨੱਚ ਉੱਠੀ। ਮੈਂ ਹਾਲਾਂਕਿ ਜਸ਼ਨ ਮਨਾਉਣ ਤੋਂ ਬਚ ਰਿਹਾ ਸੀ। ਮੈਂ ਆਪਣੀ ਬੇਟੀ ਨੂੰ ਕਿਹਾ,‘‘ਕੀ ਤੈਨੂੰ ਪਤਾ ਹੈ ਕਿ ਟੀਮ ਅਗਲੇ ਮੈਚਾਂ ਵਿਚ ਹਾਰ ਸਕਦੀ ਹੈ।’’ ਉਸ ਨੇ ਤੁਰੰਤ ਜਵਾਬ ਦਿੱਤਾ, ‘‘ਇੰਗਲੈਂਡ ਕਦੇ ਨਹੀਂ ਹਾਰਦਾ।’’ਟੀਮ ਨੇ ਇਸ ਤੋਂ ਬਾਅਦ ਕੁਆਰਟਰ ਫਾਈਨਲ ਤੇ ਸੈਮੀਫਾਈਨਲ ਵਿਚ ਮੇਰੀ ਬੇਟੀ ਦੀਆਂ ਗੱਲਾਂ ਨੂੰ ਸਹੀ ਸਾਬਤ ਕੀਤਾ। ਉਮੀਦ ਹੈ ਕਿ ਫਾਈਨਲ ਵਿਚ ਵੀ ਅਜਿਹਾ ਹੀ ਹੋਵੇਗਾ। ਸੋਮਵਾਰ ਨੂੰ ਖੇਡੇ ਜਾਣ ਵਾਲੇ ਯੂਰੋ 2020 ਫਾਈਨਲ ਵਿਚ ਇੰਗਲੈਂਡ ਦਾ ਸਾਹਮਣਾ ਇਟਲੀ ਨਾਲ ਹੋਵੇਗਾ।